ਭਾਜਪਾ ਨੇ ਕੀਤਾ ਖੱਟਰ ਤੋਂ ਕਿਨਾਰਾ

ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਉਸ ਟਿੱਪਣੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਮੁਸਲਮਾਨਾਂ ਨੂੰ ਬੀਫ ਖਾਣਾ ਛੱਡਣਾ ਹੀ ਹੋਵੇਗਾ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਖੱਟੜ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਪਾਰਟੀ ਦੇ ਨਹੀਂ ਹਨ। ਨਾਇਡੂ ਨੇ ਕਿਹਾ ਕਿ ਉਹ ਖੱਟੜ ਨਾਲ ਗੱਲ ਕਰਨਗੇ ਅਤੇ ਉਨ੍ਹਾ ਨੂੰ ਸਲਾਹ ਦੇਣਗੇ, ਕਿਉਂਕਿ ਅਜਿਹੀ ਗੱਲ ਕਰਨਾ ਗਲਤ ਹੈ। ਉਨ੍ਹਾ ਕਿਹਾ ਕਿ ਭੋਜਣ ਸੰਬੰਧੀ ਆਦਤਾਂ ਨੂੰ ਕਿਸੇ ਧਰਮ ਨਾਲ ਜੋੜਨਾ ਠੀਕ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦਾ ਸਟੈਂਡ ਨਹੀਂ ਹੈ ਅਤੇ ਕਿਸੇ ਦੇ ਖਾਣ ਦੀ ਆਦਤ ਨੂੰ ਧਰਮ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਖਾਣ ਦਾ ਵਿਸ਼ਾ ਲੋਕਾਂ ਦੀ ਵਿਅਕਤੀਗਤ ਪਸੰਦ ਹੈ। ਉਨ੍ਹਾ ਕਿਹਾ ਕਿ ਕੋਈ ਸੱਭਿਅਕ ਵਿਅਕਤੀ ਕਿਸੇ ਦੇ ਖਾਣ ਦੀ ਆਦਤ ਕਾਰਨ ਉਸ ਦੀ ਹੱਤਿਆ ਕਰਨ ਦਾ ਸਮੱਰਥਨ ਨਹੀਂ ਕਰ ਸਕਦਾ।
ਨਾਇਡੂ ਨੇ ਕਿਹਾ ਕਿ ਦਾਦਰੀ ਘਟਨਾ ਕਾਨੂੰਨ ਵਿਵਸਥਾ ਦਾ ਮੁੱਦਾ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।