ਖੱਟਰ ਦੇ ਕੱਟੜ ਬੋਲ; ਬੀਫ ਛੱਡੋ ਜਾਂ ਦੇਸ਼

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਦਾਦਰੀ ਦੇ ਬਿਸੇਹੜਾ ਪਿੰਡ 'ਚ ਗਾਂ ਦਾ ਮੀਟ ਖਾਣ ਦੀ ਅਫ਼ਵਾਹ ਕਾਰਨ ਮੁਹੰਮਦ ਅਖਲਾਕ ਨਾਂਅ ਦੇ ਇੱਕ ਵਿਅਕਤੀ ਨੂੰ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ ਨੂੰ ਗਲਤ ਅਤੇ ਗਲਤ ਫਹਿਮੀ ਦਾ ਨਤੀਜਾ ਕਰਾਰ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੁਸਲਮਾਨ ਦੇਸ਼ 'ਚ ਹੀ ਰਹਿ ਸਕਦੇ ਹਨ, ਪਰ ਉਨ੍ਹਾ ਨੂੰ ਬੀਫ ਖਾਣਾ ਛੱਡਣਾ ਹੋਵੇਗਾ, ਕਿਉਂਕਿ ਗਾਂ ਏਥੇ ਵਿਸ਼ਵਾਸ ਅਤੇ ਆਸਥਾ ਨਾਲ ਜੁੜੀ ਹੋਈ ਹੈ। ਹਾਲਾਂਕਿ ਇਸ ਬਿਆਨ 'ਤੇ ਵਿਵਾਦ ਖੜਾ ਹੋਣ ਤੋਂ ਬਾਅਦ ਖੱਟਰ ਨੇ ਸਫ਼ਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੇ ਬਿਆਨ ਨੂੰ ਤਰੋੜ-ਮਰੋੜ ਨੇ ਪੇਸ਼ ਕੀਤਾ ਗਿਆ ਹੈ। ਖੱਟਰ ਨੇ ਕਿਹਾ ਕਿ ਜੇ ਉਨ੍ਹਾ ਦੇ ਕਿਸੇ ਸ਼ਬਦ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤਾਂ ਉਹ ਅਫ਼ਸੋਸ ਪ੍ਰਗਟ ਕਰਨ ਲਈ ਤਿਆਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਦੂਜੇ ਦੇ ਧਰਮ ਦਾ ਸਨਮਾਨ ਕਰਦਿਆਂ ਨਾਲ ਰਹਿੰਦੇ ਹਨ ਅਤੇ ਸਦੀਆਂ ਤੋਂ ਇਹੋ ਪ੍ਰੰਪਰਾ ਰਹੀ ਹੈ। ਉਨ੍ਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਖੱਟਰ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਦੇਸ਼ ਦੀ ਬਹੁਗਿਣਤੀ ਆਬਾਦੀ ਲਈ ਗਾਂ, ਗੀਤਾ ਅਤੇ ਸਰਸਵਤੀ ਆਸਥਾ ਨਾਲ ਜੁੜੀ ਹੋਈ ਹੈ ਅਤੇ ਮੁਸਲਮਾਨ ਬੀਫ਼ ਖਾਣਾ ਛੱਡ ਕੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਨਹੀਂ ਤੋੜਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਦਾਦਰੀ ਵਰਗੀ ਘਟਨਾ ਨਾਲ ਦੇਸ਼ 'ਚ ਫ਼ਿਰਕੂ ਧਰੁਵੀਕਰਨ ਨਹੀਂ ਹੋਵੇਗਾ ਤਾਂ ਇਸ ਦੇ ਜਵਾਬ 'ਚ ਖੱਟਰ ਨੇ ਕਿਹਾ ਕਿ ਮੁਸਲਮਾਨ ਏਥੇ ਹੀ ਰਹਿਣ, ਪਰ ਦੇਸ਼ 'ਚ ਗਾਂ ਦਾ ਮਾਸ ਖਾਣਾ ਛੱਡ ਦੇਣ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਰਿਆਣਾ ਦੇ ਮੁੱਖ ਮੰਤਰੀ ਬਨਣ ਵਾਲੇ ਮਨੋਹਰ ਖੱਟਰ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ, ਭਾਵੇਂ ਕਿ ਉਹ ਆਰ ਐਸ ਐਸ 'ਚ ਕੱਦਾਵਰ ਆਗੂ ਸਨ। ਹਰਿਆਣਾ 'ਚ ਗਾਂ ਦੇ ਮਾਸ 'ਤੇ ਪਾਬੰਦੀ ਸੰਬੰਧੀ ਕਾਨੂੰਨ ਖੱਟਰ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ 'ਚ ਪ੍ਰਮੁੱਖ ਮੰਨੀ ਜਾ ਰਹੀ ਹੈ। ਇੱਕ ਕਾਨੂੰਨ 'ਚ ਗਊ ਹੱਤਿਆ ਲਈ 10 ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਅਤੇ ਗਾਂ ਦਾ ਮੀਟ ਖਾਣ ਦੇ ਮਾਮਲੇ 'ਚ 5 ਸਾਲ ਦੀ ਸਜ਼ਾ ਰੱਖੀ ਗਈ ਹੈ। ਇੱਕ ਸਵਾਲ ਦੇ ਜਵਾਬ 'ਚ ਖੱਟਰ ਨੇ ਕਿਹਾ ਕਿ ਦਾਦਰੀ ਘਟਨਾ ਪਿੱਛੇ ਦੋਹਾਂ ਧਿਰਾਂ ਦੀ ਗਲਤੀ ਸੀ। ਉਨ੍ਹਾ ਦਾਅਵਾ ਕੀਤਾ ਕਿ ਮੁਹੰਮਦ ਅਖਲਾਕ ਦੀ ਗਾਂ ਬਾਰੇ ਹਲਕੀ ਟਿਪਣੀ ਨੇ ਵਿਵਾਦ ਖੜਾ ਕੀਤਾ ਸੀ, ਜਿਸ ਕਾਰਨ ਵੱਡਾ ਵਿਵਾਦ ਖੜਾ ਹੋ ਗਿਆ ਸੀ।