ਦਿੱਲੀ 'ਚ ਢਾਈ ਤੇ ਪੰਜ ਸਾਲ ਦੀਆਂ ਮਾਸੂਮ ਬੱਚੀਆਂ ਨਾਲ ਸਮੂਹਿਕ ਬਲਾਤਕਾਰ

ਦਿੱਲੀ 'ਚ ਪਿਛਲੇ ਹਫ਼ਤੇ 4 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਗਰੋਂ ਦੋ ਹੋਰ ਮਾਸੂਮ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ 'ਚ ਬੱਚੀਆਂ ਨਾਲ ਲਗਾਤਾਰ ਬਲਾਤਕਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਪੁੱਛਿਆ ਕਿ ਪ੍ਰਧਾਨ ਮੰਤਰੀ ਅਤੇ ਉਪ ਰਾਜਪਾਲ ਕੀ ਕਰ ਰਹੇ ਹਨ।
ਦਿੱਲੀ ਦੇ ਨਿਹਾਲ ਵਿਹਾਰ ਇਲਾਕੇ 'ਚ ਕਲ੍ਹ ਢਾਈ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਪੂਰਬੀ ਦਿੱਲੀ ਦੇ ਆਨੰਦ ਵਿਹਾਰ ਇਲਾਕੇ 'ਚ 5 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਿਹਾਲ ਵਿਹਾਰ ਇਲਾਕੇ 'ਚ ਕੱਲ੍ਹ ਰਾਤ ਬਾਈਕ ਸਵਾਰ ਦੋ ਵਿਅਕਤੀਆਂ ਨੇ ਢਾਈ ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਸਥਾਨਕ ਲੋਕਾਂ ਨੇ ਬੱਚੀ ਨੂੰ ਇੱਕ ਪਾਰਕ 'ਚ ਖੂਨ ਨਾਲ ਲੱਥਪਥ ਦੇਖਿਆ ਤਾਂ ਉਸ ਨੂੰ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇੱਕ ਅਧਿਕਾਰੀ ਨੇ ਦਸਿਆ ਕਿ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੀ ਘਟਨਾ 'ਚ ਤਿੰਨ ਵਿਅਕਤੀਆਂ ਨੇ ਨਸ਼ੇ ਦੀ ਹਾਲਤ 'ਚ ਕੱਲ੍ਹ ਸ਼ਾਮ ਪੂਰਬੀ ਦਿੱਲੀ ਦੇ ਅਨੰਦ ਵਿਹਾਰ ਇਲਾਕੇ 'ਚ 5 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ। ਲੜਕੀ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਤਿੰਨੇ ਦੋਸ਼ੀਆਂ ਨੂੰ ਫੜ ਲਿਆ ਅਤੇ ਕੁਟਾਪਾ ਚਾੜ੍ਹਨ ਮਗਰੋਂ ਪੁਲਸ ਹਵਾਲੇ ਕਰ ਦਿੱਤਾ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲਿਆਂ ਨੂੰ ਬੇਹੱਦ ਖੌਫ਼ਨਾਕ ਦਸਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਲਾਤਕਾਰ ਦੀਆਂ ਘਟਨਾਵਾਂ ਸ਼ਰਮਨਾਕ ਅਤੇ ਚਿੰਤਾਜਨਕ ਹਨ, ਜਦਕਿ ਦਿੱਲੀ ਪੁਲਸ ਸੁਰੱਖਿਆ ਮੁਹੱਈਆ ਕਰਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।