ਅਕਾਲੀ ਤੇ ਕਾਂਗਰਸੀ ਆਪਣੀਆਂ ਪਾਰਟੀਆਂ ਤੋਂ ਨਿਰਾਸ਼, ਨਜ਼ਰਾਂ ਆਮ ਆਦਮੀ ਪਾਰਟੀ 'ਤੇ

ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇ ਤੌਰ-ਤਰੀਕੇ, ਕਿਸਾਨ ਤੇ ਮਜ਼ਦੂਰਾਂ ਦੀਆਂ ਮੰਗਾਂ ਪਤੀ ਉਦਾਸੀਨਤਾ, ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ 'ਚ ਪੁਲਸ ਵੱਲੋਂ ਚਲਾਈਆਂ ਗੋਲੀਆਂ, ਸਿਰਸੇ ਵਾਲੇ ਸਾਧ ਦੀ ਮੁਆਫੀ ਨੂੰ ਰੱਦ ਕਰਨ ਆਦਿ ਦੇ ਘਟਨਾਕ੍ਰਮ ਨਾਲ ਪੰਜਾਬ ਸਰਕਾਰ ਦੀ ਹੋਈ ਕਿਰਕਰੀ ਅਤੇ ਪੰਜਾਬ ਕਾਂਗਰਸ ਦੀ ਪਾਟੋਧਾੜ ਦੇ ਸੰਦਰਭ ਵਿੱਚ ਦੋਵਾਂ ਮੁੱਖ ਪਾਰਟੀਅÎਾਂ ਦੇ ਬਹੁਤੇ ਸਾਰੇ ਆਗੂਆਂ ਨੇ ਆਪਣਾ ਰਾਜਸੀ ਭਵਿੱਖ 'ਆਪ' ਨਾਲ ਜੋੜਨ ਦੇ 'ਸੁਫਨੇ' ਵੇਖਣੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰਕੇ ਉਨ੍ਹਾਂ ਆਗੂਆਂ ਨੇ ਜਿਹੜੇ ਅਜੇ ਤੱਕ ਆਪਣੇ-ਆਪ ਨੂੰ ਦੋਵਾਂ ਮੁੱਖ ਪਾਰਟੀਆਂ ਅੰਦਰ ਆਈਆਂ ਨੀਵਾਣਾਂ ਤੋਂ ਉਤੇ ਸਮਝਦੇ ਹਨ। ਉਹ ਇਹ ਸਮਝਦੇ ਹਨ ਕਿ ਬੇਸ਼ੱਕ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਅਜੇ ਤੱਕ ਪ੍ਰਭਾਵਸ਼ਾਲੀ ਚਿਹਰਾ-ਮੋਹਰਾ ਦਿਖਾਈ ਨਹੀਂ ਦਿੰਦਾ, ਪਰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵਾਰ-ਵਾਰ ਦੇਖੇ ਗਏ ਚਿਹਰਿਆਂ ਤੋਂ ਤੀਸਰਾ ਚਿਹਰਾ ਬਿਹਤਰ ਹੀ ਹੋਵੇਗਾ।
ਦੋਵਾਂ ਪਾਰਟੀਆਂ ਤੋਂ ਕਿਨਾਰਾ ਕਰਨ ਦੀ ਸੋਚ ਰਹੇ ਆਗੂ 2017 ਦੀਆਂ ਚੋਣਾਂ ਵਿੱਚ ਵੱਖ-ਵੱਖ ਵਰਗਾਂ ਅੰਦਰ ਵੱਖ-ਵੱਖ ਵੋਟ ਧਿਰਾਂ ਵਿੱਚ ਵੋਟਾਂ ਦੀ ਵੰਡ ਨੂੰ ਅਲਜ਼ਬਰਈ ਢੰਗ ਨਾਲ ਵੇਖ-ਪਰਖ ਰਹੇ ਹਨ। ਕਾਂਗਰਸ ਦੇ ਸੂਬਾਈ ਪੱਧਰ ਦੇ ਇੱਕ ਆਗੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਟਕੇ ਹੋਏ ਮਸਲੇ ਸੰਬੰਧੀ ਇੱਕ ਸਵਾਲ ਪੁੱਛਿਆ ਤਾਂ ਉਸ ਵੱਲੋਂ ਅੱਗੋਂ ਕੀਤੇ ਸਵਾਲ ਨੇ ਰਾਹੁਲ ਬਨਾਮ ਕੈਪਟਨ ਦੀ ਅੜੀ ਨੂੰ ਸਮਝਣ ਵਿੱਚ ਕਾਫੀ ਸਹਾਇਤਾ ਕੀਤੀ। ਉਸ ਕਾਂਗਰਸ ਆਗੂ ਦੇ ਸਵਾਲ ਅੰਦਰਲੀ ਭਾਵਨਾ ਇਹ ਦੱਸਦੀ ਸੀ ਕਿ ਰਾਹੁਲ ਗਾਂਧੀ ਦਾ ਪੰਜਾਬ ਦੇ ਵੋਟਰਾਂ 'ਤੇ ਖਾਸ ਅਸਰ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਦੀ ਹਰਮਨ-ਪਿਆਰਤਾ ਹੋਰ ਵਧੀ ਹੈ। ਅਜਿਹੀ ਸਥਿਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਕੌਮੀ ਉਪ ਪ੍ਰਧਾਨ ਦੀ ਪ੍ਰਵਾਹ ਕਿਉਂ ਕਰੇਗਾ। ਅਜਿਹੇ ਵਿੱਚ ਕੈਪਟਨ ਜਾਂ ਤਾਂ ਆਪਣੀ ਮਨਵਾ ਕੇ ਰਹੇਗਾ ਜਾਂ ਪਾਰਟੀ ਛੱਡੇਗਾ। ਜੇਕਰ ਮਹਾਰਾਜਾ ਵੱਖ ਹੋ ਕੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰੇਗਾ ਤਾਂ ਉਸ ਦੇ ਵਫਾਦਾਰ ਤਾਂ ਉਸ ਦੇ ਨਾਲ ਜਾਣਗੇ, ਪਰ ਲੰਚ ਜਾਂ ਡਿਨਰ 'ਤੇ ਕੈਪਟਨ ਦੀ ਹਾਜ਼ਰੀ ਭਰਨ ਵਾਲੇ ਕਈ ਆਗੂ ਆਪਣੀ ਪਾਰਟੀ ਨਾਲ ਵਫਾਦਾਰੀ ਕਾਇਮ ਰੱਖਣ ਨੂੰ ਤਰਜੀਹ ਦੇਣਗੇ।
ਇਸੇ ਦੌਰਾਨ ਕਾਂਗਰਸ ਪਾਰਟੀ ਦੇ ਇੱਕ ਹੋਰ ਆਗੂ ਨਾਲ ਪੰਜਾਬ ਕਾਂਗਰਸ ਅੰਦਰਲੇ ਕਾਟੋ-ਕਲੇਸ਼ ਬਾਰੇ ਗੱਲ ਕੀਤੀ ਤਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ 'ਬੱਬਰ ਸ਼ੇਰ' ਦਾ ਲਕਬ ਦਿੰਦਿਆਂ ਹਰੇਕ ਹਾਲਾਤ ਵਿੱਚ ਉਸੇ ਦਾ ਸਾਥ ਦੇਣ ਦੀ ਗੱਲ ਦ੍ਰਿੜ੍ਹਾਈ।
ਉਧਰ ਪੰਜਾਬ ਦੀਆਂ ਦੋਵੇਂ ਮੁੱਖ ਪਾਰਟੀਆਂ ਵਿੱਚ ਕਿਸੇ ਵੇਲੇ ਸਰਗਰਮ ਰਹਿਣ ਤੋਂ ਬਾਅਦ ਵੱਡੇ ਆਗੂਆਂ ਵੱਲੋਂ ਦਿਖਾਈ ਬੇਰੁਖੀ ਕਾਰਨ ਘਰ ਬੈਠ ਗਏ ਆਗੂ ਵੀ ਸਮਾਂ ਆਉਣ 'ਤੇ 'ਆਪ' ਨਾਲ ਸਾਂਝ ਪਾਉਣ ਦੀਆਂ ਤਿਉਂਤਬੰਦੀਆਂ 'ਚ ਰੁੱਝੇ ਹੋਏ ਹਨ।