Latest News
ਬਾਦਲ ਨੇ ਹਰਿਮੰਦਰ ਸਾਹਿਬ ਵਿਖੇ ਅਮਨ ਤੇ ਭਾਈਚਾਰਕ ਏਕਤਾ ਲਈ ਕੀਤੀ ਅਰਦਾਸ
By ਅੰਮ੍ਰਿਤਸਰ (ਜਸਬੀਰ ਸਿੰਘ)

Published on 17 Oct, 2015 11:33 AM.

ਪੰਜਾਬ ਦੇ ਮੁੱਖ ਪਰਕਾਸ਼ ਸਿੰਘ ਬਾਦਲ ਨੇ ਭਾਵੇਂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮੀਡੀਆ ਨਾਲ ਮੌਜੂਦਾ ਹਾਲਾਤਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰ ਦਿੱਤਾ, ਪਰ ਉਹਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਾ ਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਜਿਥੇ ਫਤਿਹ ਸਾਂਝੀ ਕੀਤੀ, ਉਥੇ ਆਪਣੇ ਅੰਦਰ ਉਗਲਦੇ ਵਲਵਲਿਆਂ ਸੰਬੰਧੀ ਇੱਕ ਪੱਤਰ ਵੀ ਜਥੇਦਾਰ ਨੂੰ ਦਿੱਤਾ, ਜਿਸ ਵਿੱਚ ਪੰਜਾਬ ਦੀ ਵਿਗੜ ਰਹੇ ਮਾਹੌਲ ਸੰਬੰਧੀ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ, ਜਦਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋ ਕੇ ਅਰਦਾਸ ਜੋਦੜੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ, ਪਰ ਉਨ੍ਹਾ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਉਹਨਾ ਮੀਡੀਆ ਕਰਮੀਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਅੱਜ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਗੇ, ਕਿਉਂਕਿ ਉਹ ਸਿਰਫ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ।ਇਸ ਸਮੇਂ ਉਹਨਾ ਦੇ ਨਾਲ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੀ ਨਾਲ ਸਨ। ਸ੍ਰੀ ਬਾਦਲ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਲਈ ਅਕਾਲ ਤਖ਼ਤ ਸਕੱਤਰੇਤ ਗਏ, ਜਿਥੇ ਇੱਕ ਚਿੱਠੀ ਫੜਾ ਕੇ ਉਹ ਤੁਰੰਤ ਵਾਪਸ ਆ ਗਏ। ਚਿੱਠੀ ਬਾਰੇ ਚਰਚਾ ਹੈ ਕਿ ਸ੍ਰੀ ਬਾਦਲ ਨੇ ਚਿੱਠੀ ਬੜੇ ਹੀ ਦੁਖੀ ਹਿਰਦੇ ਨਾਲ ਜਥੇਦਾਰ ਸਾਹਿਬ ਨੂੰ ਸੰਬੋਧਨ ਹੁੰਦਿਆ ਲਿਖੀ ਹੈ, ਜਿਸ ਵਿੱਚ ਮੌਜੂਦਾ ਹਾਲਾਤਾਂ ਨੂੰ ਲੈ ਕੇ ਸ੍ਰੀ ਬਾਦਲ ਨੇ ਆਪਣੀ ਅੰਦਰੂਨੀ ਮਾਨਸਿਕਤਾ ਦਾ ਵਰਨਣ ਕੀਤਾ ਹੈ।
ਮੌਜੂਦਾ ਹਾਲਾਤਾਂ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ ਅਤੇ ਕਈ ਅਣਕਿਆਸੀਆਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜਿਹੜੀਆ ਜੀ ਦਾ ਜੰਜਾਲ ਬਣ ਜਾਂਦੀਆ ਹਨ। ਉਹਨਾ ਕਿਹਾ ਕਿ ਕਈ ਅਣਕਿਆਸੀਆ ਘਟਨਾਵਾਂ ਜਦੋਂ ਨਵੇਂ ਰੂਪ ਧਾਰਨ ਕਰਕੇ ਅੱਗੇ ਆ ਜਾਂਦੀਆ ਹਨ ਤੇ ਨਵੇਂ ਖਤਰੇ ਪੈਦਾ ਕਰ ਦਿੰਦੀਆ ਹਨ।
ਉਹਨਾ ਲਿਖਿਆ ਕਿ ਉਹ ਅੰਦਰੋਂ ਸਮਾਜਿਕ, ਧਾਰਮਿਕ ਤੇ ਰਾਜਸੀ ਤੌਰ 'ਤੇ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਉਹਨਾ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਹਨ ਤੇ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਨ ਲਈ ਆਏ ਹਨ ਕਿ ਪੰਜਾਬ ਵਿੱਚ ਵਿੱਚ ਸ਼ਾਂਤੀ ਤੇ ਅਮਨ ਸਥਾਪਤ ਬਣਿਆ ਰਹੇ। ਉਹਨਾ ਕਿਹਾ ਕਿ ਉਹ ਪ੍ਰਸ਼ਾਸ਼ਨਿਕ ਮੁਖੀ ਹੋਣ ਦੇ ਨਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੀਆ ਘਟਨਾਵਾਂ ਪ੍ਰਤੀ ਜ਼ਿੰਮੇਵਾਰੀ ਨੂੰ ਕਬੂਲਦੇ ਹਨ ਅਤੇ ਇਹਨਾਂ ਘਟਨਾਵਾਂ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਮੁੱਖ ਮੰਤਰੀ ਹੁੰਦਿਆਂ ਗੁਰੂ ਸਾਹਿਬ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਨਾਕਾਮ ਰਹਿਣ ਕਾਰਨ ਪਸ਼ਚਾਤਾਪ ਕਰਨ ਲਈ ਆਏ ਹਨ ਕਿ ਗੁਰੂ ਸਾਹਿਬ ਉਹਨਾ ਨੂੰ ਬਲ ਤੇ ਬੁੱਧੀ ਬਖਸ਼ਣ।
ਜਿੰਨੀ ਪਰੇਸ਼ਾਨੀ ਇਸ ਵੇਲੇ ਉਹਨਾ ਨੂੰ ਹੋਈ ਹੈ, ਏਨੀ ਪੂਰੀ ਜ਼ਿੰਦਗੀ ਵਿੱਚ ਕਦੇ ਨਹੀ ਹੋਈ। ਅਖੀਰ ਵਿੱਚ ਉਹਨਾਂ ਗੁਰੂ ਸਾਹਿਬ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਗੁਰੂ ਸਾਹਿਬ ਉਹਨਾਂ 'ਤੇ ਕਿਰਪਾ ਕਰਨ, ਤਾਂ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਸਥਾਪਤ ਹੋ ਸਕੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚਂੋ ਬਾਹਰ ਨਿਕਲਦਿਆਂ ਜਦੋਂ ਮੀਡੀਆ ਵਾਲਿਆਂ ਨਾਲ ਉਹਨਾ ਦਾ ਇੱਕ ਵਾਰੀ ਫਿਰ ਸਾਹਮਣਾ ਹੋ ਗਿਆ ਤਾਂ ਚੱਲਦੇ-ਚੱਲਦੇ ਉਹਨਾਂ ਮੀਡੀਆ ਨੂੰ ਸਿਰਫ ਏਨਾ ਹੀ ਕਿਹਾ ਕਿ ਸ਼ਰਾਰਤੀ ਲੋਕਾਂ ਬਾਰੇ ਜਲਦ ਹੀ ਪਤਾ ਲੱਗ ਜਾਵੇਗਾ।

1061 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper