ਕਾਂਗਰਸ 'ਚ 60 ਸਾਲ ਤੋਂ ਵੱਧ ਦੇ ਆਗੂਆਂ ਦਾ ਦੌਰ ਖ਼ਤਮ : ਜੈਰਾਮ ਰਮੇਸ਼

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ 'ਚ 60 ਸਾਲ ਤੋਂ ਵੱਧ ਉਮਰ ਦੇ ਆਗੂਆਂ ਦਾ ਦੌਰ ਖ਼ਤਮ ਹੋ ਗਿਆ ਹੈ ਅਤੇ ਜਦੋਂ ਰਾਹੁਲ ਗਾਂਧੀ ਮਾਰਚ 2016 ਜਾਂ ਉਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਬਣਨਗੇ ਤਾਂ ਆਪਣੇ ਨਾਲ ਬਿਲਕੁੱਲ ਨਵੀਂ ਟੀਮ ਲਿਆਉਣਗੇ। ਉਨ੍ਹਾ ਕਿਹਾ ਕਿ 60 ਸਾਲ ਦੀ ਉਮਰ ਪਾਰ ਚੁੱਕੇ ਆਗੂਆਂ ਦੀ ਭੂਮਿਕਾ ਮਹਿਜ਼ ਸਲਾਹਕਾਰ ਦੀ ਰਹਿ ਜਾਵੇਗੀ, ਪਰ ਪਾਰਟੀ ਅਹੁਦਿਆਂ ਤੋਂ ਬਜ਼ੁਰਗ ਆਗੂਆਂ ਦੀ ਰਵਾਨਗੀ ਬੇਹੱਦ ਸਨਮਾਨਜਨਕ ਤਰੀਕੇ ਨਾਲ ਕੀਤੀ ਜਾਵੇਗੀ, ਭਾਜਪਾ ਵਾਂਗ ਨਹੀਂ, ਜਿੱਥੇ ਮੋਦੀ ਦਾ ਆਪਣੇ ਸੀਨੀਅਰ ਆਗੂਆਂ ਨਾਲ ਸਲੂਕ ਬਿਲਕੁਲ ਚੰਗਾ ਨਹੀਂ ਸੀ।
ਉਨ੍ਹਾ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਸੀਨੀਅਰ ਆਗੂਆਂ ਨਾਲ ਉਸ ਤਰ੍ਹਾਂ ਦਾ ਸਲੂਕ ਕਰਨਗੇ, ਜਿਸ ਤਰ੍ਹਾਂ ਦਾ ਸਲੂਕ ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿੰਘ ਅਤੇ ਯਸ਼ਵੰਤ ਸਿਨਹਾ ਨਾਲ ਕੀਤਾ। ਰਾਹੁਲ ਵੱਲੋਂ ਜ਼ਿੰਮੇਵਾਰੀ ਸੰਭਾਲਣ ਬਾਰੇ ਪੁੱਛੇ ਜਾਣ 'ਤੇ ਉਨ੍ਹਾ ਕਿਹਾ ਕਿ ਅਜੇ ਸਾਲ 2015 ਖ਼ਤਮ ਨਹੀਂ ਹੋਇਆ, ਸੰਭਵ ਹੈ ਕਿ ਉਹ ਮਾਰਚ 2016 'ਚ ਜ਼ਿੰਮੇਵਾਰੀ ਸੰਭਾਲ ਲੈਣ, ਪਰ ਇਸ ਬਾਰੇ ਦਿਨ ਅਤੇ ਤਰੀਕ ਰਾਹੁਲ ਤੇ ਸੋਨੀਆ ਤੋਂ ਬਿਨਾ ਹੋਰ ਕੋਈ ਨਹੀਂ ਦੱਸ ਸਕਦਾ। ਜ਼ਿਕਰਯੋਗ ਹੈ ਕਿ ਕਾਂਗਰਸ 'ਚ ਪੀੜ੍ਹੀ ਬਦਲਾਅ ਉਸ ਵੇਲੇ ਸ਼ੁਰੂ ਹੋਇਆ, ਜਦੋਂ ਇੰਦਰਾ ਗਾਂਧੀ ਦੇ ਕਤਲ ਮਗਰੋਂ ਰਾਜੀਵ ਗਾਂਧੀ ਨੇ ਅਹੁਦਾ ਸੰਭਾਲਿਆ ਸੀ। ਇਸ 'ਤੇ ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ 'ਚ ਉੱਚੇ ਅਹੁਦਿਆਂ 'ਤੇ 30 ਤੋਂ 40 ਸਾਲ ਦੇ ਲੋਕ ਹੋਣੇ ਚਾਹੀਦੇ ਹਨ 60 ਅਤੇ 70 ਸਾਲ ਦੇ ਲੋਕਾਂ ਦਾ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਪਾਰਟੀ 'ਚ ਦੇਸ਼ ਦਾ ਪ੍ਰਤੀਬਿੰਬ ਹੋਣਾ ਚਾਹੀਦਾ ਹੈ, ਜਿੱਥੇ ਔਸਤ ਉਮਰ 28 ਸਾਲ ਹੈ। ਇਸ ਲਈ ਪੀੜ੍ਹੀ ਬਦਲਾਅ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਬਜ਼ੁਰਗ ਆਗੂ ਪਾਰਟੀ 'ਚੋਂ ਕੱਢੇ ਨਹੀਂ ਜਾਣਗੇ, ਸਗੋਂ ਨੌਜੁਆਨ ਆਗੂ ਉਨ੍ਹਾਂ ਦੇ ਤਜਰਬੇ ਤੋਂ ਸਬਕ ਲੈ ਕੇ ਪਾਰਟੀ ਲਈ ਕੰਮ ਕਰਨਗੇ।