ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ 'ਤੇ ਹਮਲੇ ਦੌਰਾਨ ਗੱਡੀ ਦੇ ਭੰਨੇ ਸ਼ੀਸ਼ੇ

ਬੇਸ਼ੱਕ ਬੀਤੇ ਕੱਲ੍ਹ ਗੁਰਮਤਿ ਸੇਵਾ ਲਹਿਰ ਦੇ ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਦਮਦਮਾ ਸਾਹਿਬ ਵੱਲੋਂ ਬਠਿੰਡਾ ਵਿਖੇ ਪ੍ਰੈੱੰਸ ਮੀਟਿੰਗ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਕਾਰਨ ਮਾਲਵਾ ਬੈਲਟ ਵਿੱਚ ਥਾਂ-ਥਾਂ 'ਤੇ ਲੱਗ ਰਹੇ ਧਰਨੇ-ਮੁਜ਼ਾਹਰੇ ਬੰਦ ਕਰਕੇ ਸਿਰਫ ਜ਼ਿਲ੍ਹਾ ਹੈੱਡ-ਕੁਆਟਰਾਂ 'ਤੇ ਤਿੰਨ ਘੰਟਿਆਂ ਲਈ ਧਰਨੇ ਦੇਣ ਦੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ, ਪਰ ਕੁਝ ਲੋਕ ਫਿਰ ਵੀ ਆਪ-ਮੁਹਾਰੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਧਰਨੇ ਲਾ ਰਹੇ ਹਨ ਤੇ ਆਵਾਜਾਈ ਨੂੰ ਠੱਪ ਕੀਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਅੱਜ ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਉਦਘਾਟਨ ਸਮੇਂ ਜਦੋਂ ਸਿੱਖ ਸੰਗਤਾਂ ਨੂੰ ਭਿਣਕ ਮਿਲੀ ਕਿ ਹਸਪਤਾਲ ਦਾ ਉਦਘਾਟਨ ਕਰਨ ਲਈ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਪਹੁੰਚ ਰਹੇ ਹਨ ਤਾਂ ਜਥੇਬੰਦੀਆਂ ਨੇ ਮੰਤਰੀਆਂ ਦੇ ਘਿਰਾਓ ਲਈ ਹਸਪਤਾਲ ਮੂਹਰੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਾਂ ਦੇ ਕਾਰਨ ਮੰਤਰੀਆਂ ਨੇ ਆਉਣਾ ਠੀਕ ਨਹੀਂ ਸਮਝਿਆ ਤੇ ਉਹ ਹਸਪਤਾਲ ਦੇ ਉਦਘਾਟਨ ਕਰਨ ਲਈ ਨਹੀਂ ਪਹੁੰਚੇ, ਪਰ ਉੱਥੇ ਸੰਗਤਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਸੱਤਪਾਲ ਸਿੰਘ ਤਲਵੰਡੀ ਭਾਈ ਸਮਾਗਮ ਤੋਂ ਬਾਹਰ ਆ ਕੇ ਵਾਪਸ ਜਾਣ ਲਈ ਆਪਣੀ ਗੱਡੀ 'ਚ ਬੈਠੇ ਤਾਂ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਸੰਗਤ ਵਿਚ ਮੌਜੂਦ ਕੁਝ ਨੌਜਵਾਨਾਂ ਨੇ ਉਹਨਾ ਦੀ ਕਾਰ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਗੱਡੀ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਗੱਡੀ ਦੇ ਡਰਾਈਵਰ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਗੱਡੀ ਨੂੰ ਭਜਾ ਕੇ ਲਿਜਾਣ ਵਿੱਚ ਹੀ ਭਲਾਈ ਸਮਝੀ। ਸਮਾਗਮ ਵਿਚ ਪਹੁੰਚੇ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਵੀ ਸੰਗਤਾਂ ਨੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ। ਸਮਾਗਮ ਵਿਚ ਪਹੁੰਚੇ ਇਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆ ਨੂੰ ਜਦੋਂ ਹਸਪਤਾਲ ਦੇ ਬਾਹਰ ਸੰਗਤਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਦੀ ਤੋੜ-ਭੰਨ ਦਾ ਪਤਾ ਲੱਗਾ ਤਾਂ ਉਨ੍ਹਾ ਸੰਗਤਾਂ ਦੇ ਚਲੇ ਜਾਣ ਤੱਕ ਹਸਪਤਾਲ ਵਿਚ ਰੁਕਣਾ ਬੇਹਤਰ ਸਮਝਿਆ।
ਇਨ੍ਹਾਂ ਧਰਨਿਆਂ ਕਾਰਨ ਮੋਗਾ ਤੋਂ ਲੁਧਿਆਣਾ, ਜਲੰਧਰ, ਕੋਟਕਪੂਰਾ ਅਤੇ ਫਿਰੋਜ਼ਪੁਰ ਜਾਣ ਵਾਲੀਆਂ ਸੜਕਾਂ 'ਤੇ ਆਵਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ ਹੈ। ਬੀਤੇ ਤਿੰਨ ਦਿਨਾਂ ਤੋਂ ਬੱਸਾਂ ਦੀ ਆਵਾਜਾਈ ਮੁਕੰਮਲ ਬੰਦ ਹੋਣ ਕਾਰਨ ਲੋਕਾਂ ਨੂੰ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਵਿਆਹ-ਸ਼ਾਦੀਆਂ ਵਾਲੀਆਂ ਗੱਡੀਆਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਤੋਂ ਤਿੰਨ ਘੰਟਿਆਂ ਲਈ ਹੋਵੇਗਾ ਧਰਨਾ : ਸਿੱਖ ਜੱਥੇਬੰਦੀਆਂ
ਗੁਰਮਤਿ ਸੇਵਾ ਲਹਿਰ ਦੇ ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਵੱਲੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਕਾਰਨ ਮਾਲਵਾ ਬੈਲਟ ਵਿਚ ਥਾਂ-ਥਾਂ 'ਤੇ ਲੱਗ ਰਹੇ ਧਰਨੇ-ਮੁਜ਼ਾਹਰੇ ਬੰਦ ਕਰਕੇ ਸਿਰਫ ਜ਼ਿਲ੍ਹਾ ਹੈੱਡ-ਕੁਆਟਰਾਂ 'ਤੇ ਤਿੰਨ ਘੰਟਿਆਂ (10 ਤੋਂ 1 ਵਜੇ ਤੱਕ) ਲਈ ਧਰਨੇ ਦੇਣ ਦਾ ਪ੍ਰੋਗਰਾਮ ਸਿੱਖ ਜੱਥੇਬੰਦੀਆਂ ਨੂੰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਅੱਜ ਸੋਮਵਾਰ ਨੂੰ ਡੀ ਸੀ ਦਫਤਰ ਮੋਗਾ ਵਿਖੇ 10 ਤੋਂ 1 ਵਜੇ ਤੱਕ ਰੋਸ ਵਜੋਂ ਤਿੰਨ ਘੰਟੇ ਲਈ ਧਰਨਾ ਲਾਇਆ ਜਾਵੇਗਾ। ਉਨ੍ਹਾ ਕਿਹਾ ਕਿ ਸਾਡੇ ਵੱਲੋਂ ਰੋਸ ਮੁਜ਼ਾਹਰੇ ਸ਼ਾਂਤਮਈ ਢੰਗ ਨਾਲ ਹੋਣਗੇ ਅਤੇ ਕਿਸੇ ਵੀ ਚੀਜ਼ ਦੀ ਭੰਨ-ਤੋੜ ਨਹੀਂ ਹੋਵੇਗੀ। ਉਨ੍ਹਾ ਕਿਹਾ ਕਿ ਜਿਹੜੇ ਕੁਝ ਸ਼ਰਾਰਤੀ ਅਨਸਰ ਗੱਡੀਆਂ, ਸਰਕਾਰੀ ਪ੍ਰਾਪਰਟੀ ਆਦਿ ਦੀ ਭੰਨ-ਤੋੜ ਕਰ ਰਹੇ ਹਨ, ਸਾਡਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।