ਛੁੱਟੀ ਆਏ ਫੌਜੀ ਵੱਲੋਂ ਪਰਵਾਰ 'ਤੇ ਫਾਇਰਿੰਗ, ਤਿੰਨ ਔਰਤਾਂ ਸਮੇਤ ਚਾਰ ਦੀ ਮੌਤ, ਚਾਰ ਜ਼ਖਮੀਂ

ਨੇੜਲੇ ਪਿੰਡ ਹਸਨਪੁਰ ਵਿਖੇ ਛੁੱਟੀ ਆਏ ਇੱਕ ਫੌਜੀ ਵੱਲੋਂ ਘਰੇਲੂ ਝਗੜੇ ਕਾਰਨ ਆਪਣੇ ਹੀ ਪਰਵਾਰਕ ਮੈਂਬਰਾਂ 'ਤੇ ਕੀਤੀ ਗਈ ਫਾਇਰਿੰਗ ਦੌਰਾਨ ਤਿੰਨ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਦੋ ਔਰਤਾਂ ਸਮੇਤ ਚਾਰ ਜ਼ਖਮੀ ਹੋ ਗਏ। ਬਾਅਦ 'ਚ ਪੁਲਸ ਵੱਲੋਂ ਘੇਰਾਬੰਦੀ ਕੀਤੇ ਜਾਣ ਤੋਂ ਬਾਅਦ ਫੌਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਫੌਜੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਫੌਜੀ ਜਗਦੀਪ ਸਿੰਘ ਜੱਗੂ ਪੁੱਤਰ ਸੁਖਵਿੰਦਰ ਸਿੰਘ ਫੌਜ 'ਚੋਂ ਛੁੱਟੀ ਆਇਆ ਹੋਇਆ ਸੀ ਅਤੇ ਅਚਾਨਕ ਉਸ ਨੇ 12 ਬੋਰ ਦੀ ਰਾਈਫਲ ਨਾਲ ਫਾਇਰਿੰਗ ਕਰਦਿਆਂ ਅੱਠ ਵਿਅਕਤੀਆਂ ਨੂੰ ਫੱਟੜ ਕਰ ਦਿੱਤਾ, ਜਿਨ੍ਹਾਂ ਵਿਚੋਂ ਰਮਨਦੀਪ ਸਿੰਘ, ਲਾਭ ਕੌਰ, ਕਰਨੈਲ ਕੌਰ ਅਤੇ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ, ਜਦੋਂਕਿ ਜ਼ਖਮੀਆਂ ਵਿੱਚ ਹਰਜਿੰਦਰ ਸਿੰਘ ਪੁੱਤਰ ਲਾਭ ਸਿੰਘ, ਨਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਗੁਰਮੀਤ ਕੌਰ ਪਤਨੀ ਵਧਾਵਾ ਸਿੰਘ, ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਰਣੀਕੇ ਨੂੰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ 'ਚ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਪ੍ਰਿਤਪਾਲ ਸਿੰਘ ਥਿੰਦ, ਐੱਸ.ਪੀ. (ਡੀ) ਜਸਕਿਰਨਜੀਤ ਸਿੰਘ ਤੇਜਾ, ਡੀ.ਐੱਸ.ਪੀ. ਧੂਰੀ ਨਾਹਰ ਸਿੰਘ ਅਤੇ ਡੀ.ਐੱਸ.ਪੀ. (ਡੀ) ਸੰਗਰੂਰ ਕ੍ਰਿਸ਼ਨ ਕੁਮਾਰ ਪੈਂਥੇ ਦੀ ਅਗਵਾਈ ਹੇਠ ਪਿੰਡ ਹਸਨਪੁਰ ਪੁੱਜੀ ਪੁਲਸ ਫੋਰਸ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕੋਠੇ 'ਤੇ ਰਾਈਫਲ ਲੈ ਕੇ ਘੁੰਮ ਰਹੇ ਫੌਜੀ ਜਗਦੀਪ ਸਿੰਘ ਉਰਫ ਜੱਗੂ ਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਕੇ ਜਗਦੀਪ ਸਿੰਘ ਉਰਫ ਜੱਗੂ ਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਇਸ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਅਤੇ ਐੱਸ.ਡੀ.ਐੱਮ ਧੂਰੀ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਕੇ 'ਤੇ ਪੁੱਜੇ।
ਜਦੋਂ ਇਸ ਸੰਬੰਧੀ ਸਿਵਲ ਪ੍ਰਸ਼ਾਸਨ ਸਿਵਲ ਤੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।