Latest News

ਬੇਅਦਬੀ ਲਈ ਡਾਲੀਵਾਲਾ ਹੀ ਨਿਕਲਿਆ ਦੋਸ਼ੀ

By ਸੰਗਰੂਰ (ਪ੍ਰਵੀਨ ਸਿੰਘ)

Published on 20 Oct, 2015 11:43 AM.

ਜ਼ਿਲ੍ਹਾ ਸੰਗਰੂਰ ਦੇ ਪਿੰਡ ਕੌਹਰੀਆਂ ਵਿਖੇ ਗੁਰਦਵਾਰਾ ਨੌਵੀਂ ਪਾਤਸ਼ਾਹੀ ਵਿਖੇ 14 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਨੌਂ ਅੰਗਾਂ ਨੂੰ ਖੰਡਤ ਕਰਨ ਦੀ ਮੰਦਭਾਗੀ ਘਟਨਾ ਵਾਪਰੀ ਸੀ ਤੇ ਇਸ ਨਾਲ ਇਲਾਕੇ ਦੀ ਸੰਗਤ ਵਿਚ ਭਾਰੀ ਰੋਸ ਸੀ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ । ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤ ਸੜਕ 'ਤੇ ਧਰਨੇ ਦੇ ਰਹੀ ਸੀ ਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੀ ਜ਼ਿਲ੍ਹੇ ਅੰਦਰ ਅਮਨਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਕਾਫੀ ਚਿੰਤਤ ਸੀ ਤੇ ਇਸ ਘਟਨਾ ਲਈ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਨੂੰ ਲੈ ਕੇ ਭੱਜ-ਦੌੜ ਕਰ ਰਹੀ ਸੀ ।
ਜ਼ਿਲ੍ਹਾ ਪੁਲਸ ਮੁਖੀ ਸ. ਪ੍ਰਿਤਪਾਲ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਇਸ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮ ਬਣਾਈ ਤੇ ਜਿਸ ਦੀ ਅਗਵਾਈ ਐੱਸ.ਪੀ. (ਡੀ) ਜਸਕਰਨ ਸਿੰਘ ਤੇਜਾ ਕਰ ਰਹੇ ਸਨ। ਇਹਨਾਂ ਨੇ ਪਿੰਡ ਦੇ ਲੋਕਾਂ ਤੇ ਖਾਸ ਤੌਰ 'ਤੇ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕੀਤੀ ਤੇ ਗੁਰਦਵਾਰਾ ਸਾਹਿਬ ਦੇ ਸਾਰੇ ਸੇਵਾਦਾਰਾਂ ਨੂੰ ਬੁਲਾ ਕੇ ਘਟਨਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇਥੇ ਹੀ ਡਾਲੀ ਦੀ ਸੇਵਾ ਨਿਭਾਉਂਦੇ ਹਰਦੇਵ ਸਿੰਘ ਉਰਫ ਕਾਲਾ ਪਿੰਡ ਛਾਹੜ ਨੇ ਆਪਣਾ ਕਸੂਰ ਇਕਬਾਲ ਕਰ ਲਿਆ । ਜਦੋਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ 2500 ਰੁਪਏ ਮਿਲਦੇ ਹਨ, ਜਦੋਂ ਕਿ ਦੂਸਰੇ ਮੁੱਖ ਸੇਵਾਦਾਰ ਤੇ ਹੋਰਨਾਂ ਨੂੰ 8000 ਦੇ ਕਰੀਬ ਮਿਲਦੇ ਹਨ, ਪਰ ਉਹ ਸਾਰੇ ਹੀ ਗੁਰਦਵਾਰਾ ਉਸ ਦੇ ਹਵਾਲੇ ਕਰਕੇ ਚਲੇ ਜਾਂਦੇ ਹਨ । ਕੰਮ ਵੱਧ ਤੇ ਤਨਖਾਹ ਘੱਟ ਇਸ ਦੇ ਰੋਸ ਵਜੋਂ ਹੀ ਉਸ ਨੇ 9 ਅੰਗ ਖੰਡਤ ਕਰ ਦਿੱਤੇ ਤਾਂ ਜੋ ਕਮੇਟੀ ਮੈਂਬਰ ਮੁੱਖ ਗ੍ਰੰਥੀ ਸਮੇਤ ਸਾਰਿਆਂ ਦੀ ਖਿਚਾਈ ਕਰਨ ਤੇ ਉਹਨਾਂ ਦੀ ਹਾਜ਼ਰੀ ਇੱਥੇ ਯਕੀਨੀ ਬਣਾਉਣ ।
ਸ. ਥਿੰਦ ਨੇ ਕਿਹਾ ਕਿ ਇਸ ਵਿਅਕਤੀ ਨੂੰ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਖੜ੍ਹਾ ਕਰਕੇ ਘਟਨਾ ਬਾਰੇ ਪੁੱਛਿਆ ਤਾਂ ਵੀ ਉਸ ਨੇ ਆਪਣਾ ਜੁਰਮ ਇਕਬਾਲ ਕੀਤਾ ਸੀ ।
ਉਹਨਾਂ ਦੱਸਿਆ ਕਿ ਇਸ ਤੋਂ ਸਾਡੇ ਉੱਚ ਅਧਿਕਾਰੀਆਂ ਨੇ ਵੀ ਇਸ ਘਟਨਾ ਬਾਰੇ ਪੁੱਛਿਆ ਤਾਂ ਵੀ ਇਸ ਨੇ ਆਪਣੀ ਗਲਤੀ ਦਾ ਇਕਬਾਲ ਕੀਤਾ । ਉਹਨਾਂ ਕਿਹਾ ਕਿ ਇਸ ਘਟਨਾ ਦੇ ਲੱਭੇ ਜਾਣ 'ਤੇ ਜ਼ਿਲ੍ਹਾ ਸੰਗਰੂਰ ਦੀ ਸਾਰੀ ਸੰਗਤ ਨੇ ਸੁੱਖ ਦਾ ਸਾਹ ਲਿਆ ਹੈ।
ਉਹਨਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿਚ ਪੁਲਸ ਦਾ ਸਾਥ ਦੇਣ।

712 Views

e-Paper