Latest News
ਵੱਡੇ ਸ਼ਹਿਰਾਂ 'ਚ ਨੀਮ ਫੌਜੀ ਦਸਤੇ ਤਾਇਨਾਤ
ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਪਰੰਤ ਵਧਦੀ ਤਣਾਅਪੂਰਨ ਸਥਿਤੀ ਕਾਰਨ ਆਖਰ ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ।
ਅੱਜ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅਰਧ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਪੰਜਾਬ ਦੇ ਵਿਗੜ ਰਹੇ ਹਲਾਤਾਂ ਨੂੰ ਦੇਖਦਿਆਂ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਮਗਰੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚੱਲ ਰਹੇ ਧਰਨੇ, ਪ੍ਰਦਰਸ਼ਨ ਅਤੇ ਲਗਾਤਾਰ ਫੈਲ ਰਹੀਆਂ ਅਫ਼ਵਾਹਾਂ ਤੋਂ ਬਾਅਦ ਮਾਹੌਲ 'ਤੇ ਕਾਬੂ ਪਾਉਣ ਲਈ ਗੁਰੂ ਨਗਰੀ ਦੀ ਸੁਰੱਖਿਆ ਲਈ ਬੀ ਐੱਸ ਐੱਫ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਬੇਅਦਬੀ ਦੇ ਵਿਰੋਧ 'ਚ ਸੂਬੇ 'ਚ ਕਈ ਥਾਵਾਂ 'ਤੇ ਅਜੇ ਵੀ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਰੋਸ ਧਰਨਿਆਂ ਨੂੰ ਘਟਾ ਕੇ ਜ਼ਿਲ੍ਹੇ 'ਚ ਇੱਕ ਹੀ ਥਾਂ 'ਤੇ ਰੋਸ ਪ੍ਰਦਰਸ਼ਨ ਕਰਨ ਦੇ ਫ਼ੈਸਲੇ ਨਾਲ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਹੈ। ਕਈ ਸ਼ਹਿਰਾਂ 'ਚ ਬਦਲਵੇਂ ਰੂਟਾਂ ਰਾਹੀਂ ਸੜਕੀ ਆਵਾਜਾਈ ਬਹਾਲ ਕਰ ਦਿੱਤੀ ਹੈ। ਮੁਜ਼ਾਹਰਾਕਾਰੀਆਂ ਨੇ ਲਿੰਕ ਸੜਕਾਂ ਦੀ ਬਜਾਏ ਹੁਣ ਕੌਮੀ ਸ਼ਾਹਰਾਹਾਂ 'ਤੇ ਬਣੇ ਪੁਲਾਂ 'ਤੇ ਡੇਰੇ ਲਗਾ ਲਏ ਹਨ। ਰੋਸ ਪ੍ਰਦਰਸ਼ਨਾਂ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਅਜੇ ਵੀ ਜਾਰੀ ਹੈ, ਜਦਕਿ ਸਥਿਤੀ ਨੂੰ ਦੇਖਦਿਆਂ ਸ਼ਹਿਰੀ ਇਲਾਕਿਆਂ 'ਚ ਪੈਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖੇ ਗਏ ਹਨ। ਮੁਜ਼ਾਹਰਾਕਾਰੀਆਂ ਨੇ ਜਲੰਧਰ 'ਚ ਪੀ ਏ ਪੀ ਚੌਕ ਵਿਖੇ ਦਰੱਖਤ ਸੁੱਟ ਕੇ ਟ੍ਰੈਫ੍ਰਿਕ ਜਾਮ ਕੀਤਾ ਅਤੇ ਆਪਣਾ ਰੋਸ ਪ੍ਰਗਟ ਕੀਤਾ। ਪੁਲਸ ਨੇ ਕਮਿਸ਼ਨਰ ਸੁਰਿੰਦਰ ਸਿੰਘ ਹੇਅਰ ਦੀ ਅਗਵਾਈ ਹੇਠ ਕਪੂਰਥਲਾ ਚੌਕ ਜਲੰਧਰ ਦੇ ਇਲਾਕੇ 'ਚ ਫਲੈਗ ਮਾਰਚ ਕੀਤਾ, ਤਾਂ ਕਿ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕੇ। ਕੱਲ੍ਹ ਮਾਈਹੀਰਾ ਗੇਟ ਇਲਾਕੇ 'ਚ ਮੁਜ਼ਾਹਰਾਕਾਰੀਆਂ ਤੇ ਦੁਕਾਨਦਾਰਾਂ 'ਚ ਤਕਰਾਰ ਹੋ ਗਿਆ ਸੀ, ਜਿਸ ਕਾਰਨ ਸ਼ਹਿਰ 'ਚ ਤਨਾਅ ਦਾ ਮਾਹੌਲ ਬਣ ਗਿਆ ਸੀ। ਦੁਕਾਨਦਾਰਾਂ ਨੇ ਮੰਗਲਵਾਰ ਨੂੰ ਪੁਲਸ ਦੇ ਸੁਰੱਖਿਆ ਘੇਰੇ 'ਚ ਆਪਣੀਆਂ ਦੁਕਾਨਾਂ ਖੋਲ੍ਹੀਆਂ। ਸ਼ਹਿਰ 'ਚ ਕਿਸੇ ਮਾੜੀ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਹਾਲਾਂਕਿ ਪੀ ਏ ਪੀ ਚੌਕ 'ਚ ਲਾਇਆ ਗਿਆ ਧਰਨਾ ਬਾਅਦ ਦੁਪਹਿਰ ਚੁੱਕ ਲਿਆ ਗਿਆ, ਪਰ ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਬਿਆਸ ਪੁਲ ਵਿਖੇ ਧਰਨਾ ਜਾਰੀ ਰਹਿਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਦੇਖੇ ਗਏ। ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਦੇ ਫੜੇ ਜਾਣ ਨਾਲ ਲੋਕ ਕੁਝ ਸ਼ਾਂਤ ਹੋ ਗਏ ਅਤੇ ਉਹ ਘਰਾਂ ਨੂੰ ਪਰਤ ਗਏ।
ਉਧਰ ਬੀ ਐਸ ਐਫ਼ ਨੇ ਅੰਮ੍ਰਿਤਸਰ ਦੇ ਕਈ ਇਲਾਕਿਆਂ 'ਚ ਫਲੈਗ ਮਾਰਚ ਕੀਤਾ ਅਤੇ ਲੋਕਾਂ 'ਚ ਭਰੋਸਾ ਬੰਨ੍ਹਿਆ।
ਗੁਰੂ ਨਗਰੀ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਸਹੀ ਢੰਗ ਨਾਲ ਕਰਨ ਲਈ ਬੀ.ਐੱਸ.ਐੱਫ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਮਹੱਤਵਪੂਰਨ ਚੌਕਾਂ ਵਿੱਚ ਬੀ.ਐੱਸ.ਐੱਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ 'ਚ ਸ਼ਾਂਤਮਈ ਧਰਨੇ 'ਤੇ ਬੈਠੇ ਸਿੱਖਾਂ 'ਤੇ ਪੁਲਸ ਨੇ ਲਾਠੀਚਾਰਜ ਕਰਨ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਗੋਲੀਬਾਰੀ ਵੀ ਕੀਤੀ ਸੀ, ਜਿਸ ਨਾਲ ਦੋ ਸਿੱਖ ਸ਼ਹੀਦ ਹੋ ਗਏ ਅਤੇ ਸੈਂਕੜੇ ਫੱਟੜ ਹੋ ਗਏ ਸਨ।
ਇਸ ਉਪੰਰਤ ਪੰਜਾਬ ਵਿੱਚ ਪੁਲਸ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸਿਲਸਿਲਾ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਪੰਜਾਬ ਇਸ ਵੇਲੇ ਸੜਕੀ ਆਵਾਜਾਈ ਤੋਂ ਟੁੱਟਾ ਹੋਇਆ ਹੈ। ਪ੍ਰਦਰਸ਼ਨਕਾਰੀ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ, ਉਥੇ ਹੀ ਪੰਜਾਬ ਪੁਲਸ ਦਾ ਵੀ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ, ਜਿਸ ਕਾਰਨ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਹਨ।
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਤਿੰਨ ਬੀ.ਐੱਸ.ਐੱਫ, ਇੱਕ ਏ.ਆਰ.ਪੀ ਅਤੇ ਤਿੰਨ ਪੀ.ਏ.ਪੀ ਦੀਆਂ ਕੰਪਨੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।ਦੂਸਰੇ ਪਾਸੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਆਉਣ ਨਾਲ ਪੰਜਾਬ ਵਾਸੀਆਂ 'ਚ ਲਗਾਤਾਰ ਦਹਿਸ਼ਤ ਪੈਦਾ ਹੋ ਰਹੀ ਸੀ, ਇਸ ਲਈ ਸਰਕਾਰ ਵੱਲੋਂ ਪੁਲਸ ਦੇ ਨਾਲ-ਨਾਲ ਬੀ.ਐੱਸ.ਐੱਫ ਅਤੇ ਏ.ਆਰ.ਪੀ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਸਰਕਾਰ ਕੋਈ ਵੱਡਾ ਐਕਸ਼ਨ ਕਰਨ ਜਾ ਰਹੀ ਹੈ, ਜਿਸ ਲਈ ਨੀਮ ਫੌਜੀ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਂਦੇ ਰਹੇ ਹਨ ਅਤੇ ਅੱਤਵਾਦ ਦੇ ਸਮੇਂ ਤਾਂ ਪੰਜਾਬ ਨੀਮ ਫੌਜੀ ਦਸਤਿਆਂ ਦਾ ਗੜ੍ਹ ਬਣਿਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਇੱਕ ਵਾਰੀ ਫਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਨੌਜਵਾਨਾਂ ਦਾ ਘਾਣ ਕਰਨਾ ਚਾਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਫੜਨ ਦੀ ਬਜਾਏ ਸਰਕਾਰ ਵੱਲੇ ਆਰ.ਐੱਸ.ਐੱਸ ਨਾਲ ਮਿਲ ਨਵੇਂ ਮਨਸੂਬੇ ਘੜੇ ਜਾ ਰਹੇ ਹਨ, ਕਿਉਂਕਿ 20 ਸਾਲ ਬਾਅਦ ਸਿੱਖ ਨੌਜਵਾਨਾਂ ਦੀ ਨਵੀਂ ਤਿਆਰ ਹੋਈ ਪਨੀਰੀ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੋਚ, ਸੰਜਮ ਤੇ ਸਿਆਣਪ ਤੋਂ ਕੰਮ ਲੈ ਕੇ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਾ ਹੋਣ ਦੇਣ।
ਬਿਆਸ ਪੁਲ 'ਤੇ ਧਰਨੇ ਕਾਰਨ ਲੋਕ ਪ੍ਰੇਸ਼ਾਨ
ਬਿਆਸ (ਅੰਮਿਤਸਰ) (ਸਤਨਾਮ ਜੋਧੇ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਉਮੜੇ ਰੋਸ ਨੇ ਸਮੁੱਚੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜ਼ਿਲ੍ਹਾਵਾਰ ਰੋਸ ਪ੍ਰਦਰਸ਼ਨਾਂ 'ਤੇ ਬੈਠੀਆਂ ਸੰਗਤਾਂ ਸਰਕਾਰ 'ਤੇ ਦਬਾਅ ਬਣਾਉਣ ਲਈ ਪਿਛਲੇ ਦਿਨਾਂ ਤੋਂ ਸੜਕੀ ਆਵਾਜਾਈ ਰੋਕ ਕੇ ਆਪਣਾ ਰੋਸ ਦਰਜ ਕਰਵਾ ਰਹੀਆਂ ਹਨ। ਸੜਕਾਂ 'ਤੇ ਉਤਰੇ ਲੋਕ ਹਥਿਆਰਬੰਦ ਹੋ ਕੇ ਹੱਥਾਂ ਵਿੱਚ ਤਲਵਾਰਾਂ, ਨੇਜ਼ੇ, ਬੇਸਬਾਲ ਤੇ ਤੇਜ਼ਧਾਰ ਹਥਿਆਰ ਹਵਾ ਵਿੱਚ ਲਹਿਰਾ ਕੇ ਮੋਟਰਸਾਈਕਲਾਂ ਦੇ ਕਾਫਲਿਆਂ ਨਾਲ ਜਲੂਸ ਦੀ ਸ਼ਕਲ ਵਿੱਚ ਸੜਕਾਂ 'ਤੇ ਮਾਰਚ ਕਰ ਰਹੇ ਹਨ, ਜਿਸ ਤੋਂ ਭੈਅਭੀਤ ਹੋਏ ਲੋਕ ਬਾਜ਼ਾਰਾਂ 'ਚ ਸਥਿਤ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਕੰਨੀ ਕਤਰਾ ਰਹੇ ਹਨ। ਬਿਆਸ ਦਰਿਆ ਦਾ ਪੁਲ, ਜੋ ਕਿ ਪੰਜਾਬ ਨੂੰ ਮਾਝੇ-ਦੁਆਬੇ ਤੇ ਮਾਲਵੇ ਦੀ ਬੈਲਟ ਨਾਲ ਜੋੜਦਾ ਹੈ। ਰਾਜਾਸਾਂਸੀ ਸਥਿਤ ਅੰਤਰਰਾਸ਼ਟਰੀ ਹਵਾਈ ਅੱਡਾ ਹੋਣ ਕਰਕੇ ਮਾਲਵੇ ਤੇ ਦੁਆਬੇ 'ਚੋਂ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਣ ਵਾਲਿਆਂ ਯਾਤਰੂਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਦੁਆਬੇ ਖੇਤਰ ਵਿੱਚ ਸਥਿਤ ਹਸਪਤਾਲਾਂ ਵਿੱਚ ਵੀ ਅੰਮ੍ਰਿਤਸਰ 'ਚੋਂ ਕੋਈ ਵੀ ਗੰਭੀਰ ਮਰੀਜ਼ ਜਲੰਧਰ ਵਾਲੇ ਪਾਸੇ ਨਹੀਂ ਜਾ ਪਾ ਰਿਹਾ ਹੈ। ਬਿਆਸ ਦਰਿਆ 'ਤੇ ਨਾਕਾ ਲਗਾਈ ਬੈਠੇ ਲੋਕ ਪਹਿਲਾਂ ਤਾਂ ਲੋਕਾਂ ਨੂੰ ਪੈਦਲ ਜਾਣ ਦੀ ਖੁੱਲ੍ਹ ਦੇ ਰਹੇ ਸਨ, ਪਰ ਅੱਜ ਸ਼ਾਮ ਤੋਂ ਢਿੱਲਵਾਂ ਤੋਂ ਬਿਆਸ ਨੂੰ ਆਉਣ ਵਾਲਿਆਂ ਅਤੇ ਅੰਮ੍ਰਿਤਸਰ ਤੋਂ ਢਿੱਲਵਾਂ ਨੂੰ ਜਾਣ ਵਾਲਿਆਂ ਨੂੰ ਹੁਣ ਰੋਕਣ ਲੱਗ ਪਏ ਹਨ। ਨਾਕਾਧਾਰੀ ਬੜੀ ਬੇਖੌਫੀ ਨਾਲ ਸੜਕਾਂ 'ਤੇ ਰੁੱਖ ਕੱਟ ਕੇ ਸੁੱਟ ਰਹੇ ਹਨ, ਪਰ ਪੰਜਾਬ ਪੁਲਸ ਸੜਕਾਂ ਤੇ ਦਰੱਖਤ ਕੱਟ ਕੇ ਸੁੱਟਣ ਵਾਲਿਆਂ ਵੱਲ ਮੂਕ ਦਰਸ਼ਕ ਬਣ ਕੇ ਦੇਖਦੀ ਨਜ਼ਰ ਆਈ। ਮੀਡੀਆ ਕਰਮੀਆਂ 'ਤੇ ਪਾਬੰਦੀ ਲਗਾ ਕੇ ਮੀਡੀਆ ਦੀ ਹਾਜ਼ਰੀ 'ਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਜਲੰਧਰ ਹਸਪਤਾਲ ਲਿਜਾ ਰਹੇ ਮਰੀਜ਼ ਨੂੰ ਵੀ ਜਾਣ ਨਾ ਦਿੱਤਾ। ਉਨ੍ਹਾਂ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਜੇਕਰ ਮਰੀਜ਼ ਤੁਰ ਕੇ ਲੰਘ ਸਕਦਾ ਹੈ ਤਾਂ ਚਲੇ ਜਾਵੇ, ਨਹੀਂ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਜਾਣ ਦੇਣਾ ਦਰਿਆਓਂ ਪਾਰ। ਮੀਡੀਆ ਵਾਲਿਆਂ ਨੇ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਅਕਾਲੀ ਵਿਧਾਇਕਾਂ ਨਾਲ ਤਾਲਮੇਲ ਕਰਕੇ ਧਰਨਾਕਾਰੀਆਂ ਤੇ ਸਰਕਾਰ ਵਿੱਚ ਸਮਝੌਤੇ ਬਾਰੇ ਗੱਲਬਾਤ ਤੋਰਨ ਲਈ ਸਰਕਾਰੀ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਵਿਧਾਇਕ ਜੈਨ 'ਤੇ ਹੋਏ ਹਮਲੇ ਤੋਂ ਬਾਅਦ ਅਕਾਲੀ ਵਿਧਾਇਕ ਰੋਸ 'ਚ ਆਏ ਸਿੱਖ ਸੰਗਤ ਤੋਂ ਡਰਦੇ ਘਰਾਂ ਜਾਂ ਫਿਰ ਅਣਦੱਸੀ ਥਾਵਾਂ 'ਤੇ ਲੁਕੇ ਬੈਠੇ ਹਨ। ਉਨ੍ਹਾਂ ਦੇ ਮੋਬਾਇਲ ਨੰਬਰ ਵੀ ਬੰਦ ਹਨ। ਜਦੋਂ ਇਸ ਪੱਤਰਕਾਰ ਨੇ ਸਿਰਕੱਢ ਅਕਾਲੀ ਵਿਧਾਇਕਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕਾਂ ਦੇ ਘਰਾਂ ਤੇ ਤਾਇਨਾਤ ਨਫਰੀ ਨੇ ਕੁਝ ਵੀ ਦੱਸਣ ਤੋਂ ਨਾਂਹ ਕਰ'ਤੀ।
ਪਤਾ ਲੱਗਾ ਹੈ ਕਿ ਅਕਾਲੀ ਵਿਧਾਇਕ ਤੇ ਜ਼ਿਲ੍ਹਾ ਜਥੇਦਾਰ ਸਿੱਖ ਸੰਗਠਨਾ ਤੋਂ ਡਰਦੇ ਪੁਲਸ ਵਾਲਿਆਂ ਨੂੰ ਆਪਣੀ ਸੁਰੱਖਿਆ ਛਤਰੀ ਹੇਠ ਲਗਾਉਣ ਲਈ ਅੰਦਰਖਾਤੇ ਸਰਕਾਰ ਤੋਂ ਸਕਿਓਰਟੀ ਦੀ ਮੰਗ ਕਰ ਰਹੇ ਹਨ। ਪੁਲਸ ਵਿਭਾਗ ਤੋਂ ਮਿਲੀ ਗੁਪਤ ਜਾਣਕਾਰੀ ਦੇ ਅਨੁਸਾਰ ਸੀਨੀਅਰ ਤੇ ਸਿਰਕੱਢ ਅਕਾਲੀ ਆਗੂ ਜ਼ਿਲ੍ਹੇ ਦੇ ਪੁਲਸ ਕਪਤਾਨਾਂ ਤੋਂ ਅੰਗ ਰੱਖਿਅਕ ਮੰਗ ਰਹੇ ਹਨ, ਪਰ ਡੀ ਜੀ ਪੀ ਜਾਂ ਏ ਡੀ ਜੀ ਪੀ ਤੋਂ ਆਗਿਆ ਤੋਂ ਬਿਨਾਂ ਐੱਸ ਐੱਸ ਪੀ ਕਿਸੇ ਨੂੰ ਵੀ ਸੁਰੱਖਿਆ ਦੇਣ ਤੋਂ ਹੱਥ ਖੜੇ ਕਰੀ ਬੈਠੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਆਸ ਵਿਖੇ ਚੱਕਾ ਜਾਮ ਕਰੀ ਬੈਠੀ ਸੰਗਤ ਨੂੰ ਉਠਾਉਣ ਤੋਂ ਅਸਮਰੱਥ ਪੁਲਸ ਅਫਸਰ ਛਾਉਣੀ ਪਾ ਕੇ ਬਿਆਸ ਗ੍ਰਾਮ ਪੰਚਾਇਤ ਦੇ ਦਫਤਰ ਜ਼ਰੂਰ ਬੈਠੇ ਹਨ, ਪਰ ਉਹ ਮੂਕ ਦਰਸ਼ਕ ਤੋਂ ਇਲਾਵਾ ਕੋਈ ਰੋਲ ਨਹੀਂ ਨਿਭਾਅ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਡੀ ਐੱਸ ਪੀ ਬਾਬਾ ਬਕਾਲਾ ਸ੍ਰੀ ਸੋਹਣ ਸਿੰਘ ਭੱੱਟੀ ਨੇ ਧਰਨਾਕਾਰੀਆਂ ਨਾਲ ਮਿਲ ਕੇ ਗੱਲ ਕਿਸੇ ਬੰਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸੇ ਨੇ ਵੀ ਪੁਲਸ ਅਫਸਰ ਦੀ ਕੋਈ ਨਹੀਂ ਸੁਣੀ। ਦੇਖਣ ਵਿੱਚ ਆ ਰਿਹਾ ਹੈ ਕਿ ਕੰਮਕਾਰ 'ਤੇ ਜਾਣ ਵਾਲੇ ਤੇ ਕਾਰੋਬਾਰੀ ਲੋਕ ਇਸ ਪ੍ਰਦਰਸ਼ਨ ਨੂੰ ਅਸਹਿਣ ਨਹੀਂ ਕਰ ਪਾ ਰਹੇ, ਪਰ ਧਰਮ ਖਾਤਰ ਸ਼ੁਰੂ ਹੋਏ ਸੰਘਰਸ਼ ਕਰਕੇ ਅੰਦਰ ਹੀ ਅੰਦਰ ਗੁੱਸਾ ਪੀ ਰਹੇ ਹਨ। ਜੀ ਆਰ ਪੀ ਪੁਲਸ ਚੌਕੀ ਬਿਆਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੜਕਾਂ 'ਤੇ ਉਤਰੀ ਸਿੱਖ ਸੰਗਤ ਨੇ ਅੱਜ ਸ਼ਾਮ ਤੋਂ ਰੇਲਵੇ ਲਾਈਨ 'ਤੇ ਰੋਕ ਲਗਾਉਣ ਲਈ ਵੀ ਪੱਤਰ ਭੇਜ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਦੇਰ ਸ਼ਾਮ ਸਰਬੱਤ ਖਾਲਸਾ ਦੇ ਨਾਮ 'ਤੇ ਗੱਲਬਾਤ ਕਰਦਿਆਂ ਸੇਵਾਦਾਰਾਂ ਨੇ ਪ੍ਰੈੱਸ ਨੂੰ ਕਿਹਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਸਤੀਫਾ ਦੇਣ ਤਾਂ ਹੀ ਅਸੀਂ ਸੜਕ ਤੋਂ ਧਰਨਾ ਚੁੱਕਾਂਗੇ ਨਹੀਂ ਤਾਂ ਅਸੀ ਨਿਰੰਤਰ ਧਰਨਾ ਜਾਰੀ ਰੱਖਣਾ ਹੈ। ਪੰਜਾਬ ਸਰਕਾਰ ਵੱਲੋਂ ਜਿਸ ਵੀ ਆਗੂ ਨੇ ਸਾਡੇ ਨਾਲ ਗੱਲਬਾਤ ਕਰਨਾ ਆਉਣਾ ਹੈ, ਉਹ ਸਾਰੇ ਅਧਿਕਾਰ ਲੈ ਕੇ ਆਉਣ। ਲਗਾਤਾਰ ਸ਼ਾਂਤਮਈ ਰੋਸ ਧਰਨੇ ਜਾਰੀ ਹਨ। ਇਸੇ ਹੀ ਕੜੀ ਤਹਿਤ ਬਿਆਸ ਦਰਿਆ ਦੇ ਪੁਲ ਉੱਪਰ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਟ੍ਰੈਫਿਕ ਬੰਦ ਕੀਤਾ ਹੋਇਆ ਹੈ। ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਭਾਈ ਮਨਜੀਤ ਸਿੰਘ ਝਬਾਲ, ਬਲਵੰਤ ਸਿੰਘ ਗੋਪਾਲਾ ਅਤੇ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਿੰਘ ਸਾਹਿਬਾਨਾਂ ਵੱਲੋਂ ਨਕਲੀ ਸੌਦਾ ਸਾਧ ਸੰਬੰਧੀ ਗਲਤ ਫੈਸਲਾ ਲੈਣ ਕਾਰਨ ਸਿੰਘ ਸਾਹਿਬਾਨਾਂ ਤੋਂ ਅਸਤੀਫਾ ਲਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਧਰਨਾ ਦੇ ਰਹੀ ਸੰਗਤ ਉੱਪਰ ਗੋਲੀ ਚਲਾਏ ਜਾਣ ਕਾਰਨ ਅਤੇ ਸਿੰਘਾਂ ਨੂੰ ਸ਼ਹੀਦ ਅਤੇ ਜ਼ਖਮੀ ਕਰਨ ਵਾਲਿਆਂ ਦੋਸ਼ੀ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੁਕਮ ਦੇਣ ਵਾਲੇ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਫਾਰਗ ਕਰਕੇ ਕਾਨੂੰਨ ਮੁਤਾਬਕ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਨਿਰਦੋਸ਼ ਸਿੱਖਾਂ ਖਿਲਾਫ ਹੋਏ ਝੂਠੇ ਪਰਚੇ ਰੱਦ ਕੀਤੇ ਜਾਣ।
ਮਹਿਲ ਕਲਾਂ (ਪ੍ਰੀਤਮ ਸਿੰਘ ਦਰਦੀ, ਗੁਰਪ੍ਰੀਤ ਅਣਖੀ) : ਹਲਕਾ ਮਹਿਲ ਕਲਾਂ ਦੀ ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੂੰ ਮਹਿਲ ਕਲਾਂ ਵਿਚ ਸਿੱਖ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਪੁੱਜਣ 'ਤੇ ਬੋਲਣ ਦਾ ਸਮਾਂ ਨਾ ਮਿਲਣ ਕਰਕੇ ਇਕੱਠ ਵਿਚ ਬੈਠ ਕੇ ਹੀ ਬੀਬੀ ਘਨੌਰੀ ਨੇ ਵਾਪਸ ਪਰਤਣਾ ਬਿਹਤਰ ਸਮਝਿਆ।
ਬੀਬੀ ਘਨੌਰੀ ਦੇ ਆਉਣ ਨਾਲ ਸਿੱਖ ਸੰਗਤਾਂ ਵਿਚ ਇਹ ਚਰਚਾ ਸੀ ਕਿ ਬੀਬੀ ਘਨੌਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਇਕੱਠ ਵਿਚ ਕਰਨਗੇ, ਪਰ ਕੁਝ ਸਮਾਂ ਸਿੱਖ ਸੰਗਤਾਂ ਵਿਚ ਬੈਠ ਕੇ ਹੀ ਵਾਪਸ ਪਰਤ ਜਾਣ ਨਾਲ ਸਿੱਖ ਸੰਗਤਾਂ ਵਿਚ ਤਰ੍ਹਾਂ-ਤਰ੍ਹਾਂ ਦੇ ਚਰਚੇ ਚੱਲ ਰਹੇ ਸਨ। ਸਿੱਖ ਆਗੂਆਂ ਨੇ ਕਿਹਾ ਕਿ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਅਸਤੀਫਾ ਦੇ ਕੇ ਰੋਸ ਪ੍ਰਗਟਾਉਣ ਦੀ ਥਾਂ ਆਪਣੀ ਚੌਧਰ ਬਣਾਈ ਰੱਖਣ ਅਤੇ ਹਾਜ਼ਰੀ ਭਰ ਕੇ ਸਿੱਖ ਸੰਗਤਾਂ ਦੀ ਹਮਦਰਦੀ ਵੀ ਲੈਣਾ ਚਾਹੁੰਦੇ ਹਨ।
ਇਸ ਸੰਬੰਧੀ ਜਦੋਂ ਹਲਕਾ ਵਿਧਾਇਕ ਬੀਬੀ ਘਨੌਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਉਣ ਦਾ ਮਨੋਰਥ ਅਸਤੀਫਾ ਜਾਂ ਭਾਸ਼ਣ ਦੇਣਾ ਨਹੀਂ ਸੀ। ਉਹ ਤਾਂ ਸਿੱਖ ਸੰਗਤਾਂ ਵਿਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ 'ਚ ਦੁੱਖ ਦਾ ਪ੍ਰਗਟਾਵਾ ਕਰਨ ਆਏ ਸਨ।
ਜਲੰਧਰ ਦੇ ਪੀ.ਏ.ਪੀ ਚੌਕ ਵਿਚ ਬੀਤੇ ਕੱਲ੍ਹ ਤੋਂ ਲਾਇਆ ਧਰਨਾ ਚੁੱਕਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਤੇ 2 ਵਜੇ ਤੋਂ ਬਾਅਦ ਜ਼ਿਲ੍ਹੇ ਵਿਚ ਜ਼ਿੰਦਗੀ ਆਮ ਵਰਗੀ ਹੋ ਗਈ ਤੇ ਬੱਸਾਂ ਦਾ ਆਉਣਾ-ਜਾਣਾ ਫਿਰ ਤੋਂ ਸ਼ੁਰੂ ਹੋ ਗਿਆ। ਸ਼ਹਿਰ ਵਿਚ ਬੇਸ਼ੱਕ ਸਿੱਖ ਸੰਗਤਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਤੇ ਅੱਜ ਕੋਈ ਵੀ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਨਹੀਂ ਆਇਆ, ਪਰ ਫਿਰ ਵੀ ਸ਼ਹਿਰ ਵਿਚ ਤਣਾਅ ਵਾਲੀ ਸਥਿਤੀ ਹੈ ਤੇ ਪੁਲਸ ਨੇ ਸੁਰੱਖਿਆ ਪ੍ਰਬੰਧ ਹੋਰ ਕਰ ਦਿੱਤੇ ਹਨ ਤੇ ਕਈ ਥਾਵਾਂ 'ਤੇ ਫਲੈਗ ਮਾਰਚ ਵੀ ਕੀਤਾ।
ਜਲੰਧਰ : ਹੁਸ਼ਿਆਰਪੁਰ ਸੜਕ 'ਤੇ ਸਿੱਖ ਜਥੇਬੰਦੀਆਂ ਵੱਲੋਂ ਆਦਮਪੁਰ ਦੇ ਅਲਾਵਲਪੁਰ ਰੋਡ ਅਤੇ ਨਹਿਰ ਵਾਲੇ ਪੁਲ 'ਤੇ ਧਰਨਾ ਦਿੱਤਾ। ਅੱਜ ਦੇ ਧਰਨੇ ਵਿਚ ਵਿਆਹ, ਬਿਮਾਰਾਂ ਅਤੇ ਹੋਰ ਲੋੜਵੰਦਾਂ ਨੂੰ ਇਸ ਤੋਂ ਛੋਟ ਦਿੱਤੀ ਗਈ। ਜੰਡੂਸਿੰਘਾ ਦੇ ਚੌਂਕ ਵਿਚ ਵੀ ਸਿੱਖ ਸੰਗਤਾਂ ਨੇ ਧਰਨਾ ਦਿੱਤਾ, ਜਿਸ ਕਾਰਨ ਆਵਾਜਾਈ ਦੇ ਰੂਟ ਬਦਲਣੇ ਪਏ। ਇਸੇ ਤਰ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੁਰਜੀਤ ਗਗਨ ਪਾਰਕ ਨਕੋਦਰ ਵਿਖੇ ਮੀਟਿੰਗ ਕਰਕੇ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਅਤੇ ਇਸ ਦੀ ਪੂਰੀ ਸ਼ਿੱਦਤ ਨਾਲ ਘੋਖ ਕਰਕੇ ਇਸ ਦੇ ਜ਼ਿੰਮੇਵਾਰ ਅਨਸਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮੰਗਲਜੀਤ ਪੰਡੋਰੀ ਅਤੇ ਜ਼ਿਲ੍ਹਾ ਸਕੱਤਰ ਜਸਕਰਨ ਅਜ਼ਾਦ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਦੇ ਮਾਹੌਲ ਨੂੰ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਖਰਾਬ ਕੀਤਾ ਜਾ ਰਿਹਾ ਹੈ।

1007 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper