Latest News
ਜਨਵਰੀ ਤੋਂ ਕੋਈ ਵੀ ਲੇਬਰ ਇੰਸਪੈਕਟਰ ਕਿਸੇ ਇੰਡਸਟਰੀ ਦਾ ਦੌਰਾ ਨਹੀਂ ਕਰੇਗਾ : ਸੁਖਬੀਰ
ਸੂਬੇ ਅੰਦਰ ਵਪਾਰ ਕਰਨ ਦੀ ਆਸਾਨੀ ਨੂੰ ਹੋਰ ਅੱਗੇ ਵਧਾਉਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਨਅਤਕਾਰਾਂ ਨੂੰ ਇੰਸਪੈਕਟਰੀ ਰਾਜ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਇਨਵੈਸਟ ਪੰਜਾਬ ਦੀ ਤਰਜ਼ 'ਤੇ 'ਬਿਊਰੋ ਆਫ਼ ਇੰਡਸਟਰੀ ਇੰਸਪੈਕਸ਼ਨ' ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ।
ਐਸ.ਏ.ਐਸ. ਨਗਰ ਵਿਖੇ ਦੂਸਰੇ ਪ੍ਰੋਗਰੈਸਿਵ ਪੰਜਾਬ ਇਨਵੈਸਟ ਸਮਿਟ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕੀ ਸਕੱਤਰਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪ ਮੁੱਖ ਮੰਤਰੀ ਨੇ 'ਇੰਡਸਟਰੀ ਇੰਸਪੈਕਸ਼ਨ ਬਿਊਰੋ' ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਤਾਂ ਜੋ ਉਦਯੋਗਕ ਇਕਾਈਆਂ ਦਾ ਮੁਆਇਨਾ ਅਤੇ ਸਾਲਾਨਾ ਲੇਖਾ-ਜੋਖਾ ਇੱਕੋ ਪ੍ਰਸ਼ਾਸਨਿਕ ਅਥਾਰਟੀ ਵੱਲੋਂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਪੰਜਾਬ ਨੂੰ 31 ਦਸੰਬਰ ਤੱਕ 'ਇੰਸਪੈਕਟਰ ਮੁਕਤ' ਸੂਬਾ ਬਣਾਇਆ ਜਾ ਸਕੇ ਅਤੇ ਉੱਦਮੀ ਵਾਰ-ਵਾਰ ਹੁੰਦੇ ਮੁਆਇਨਿਆਂ ਤੋਂ ਮੁਕਤ ਹੋ ਕੇ ਬਿਨਾਂ ਕਿਸੇ ਚਿੰਤਾ ਕਾਰੋਬਾਰ ਕਰ ਸਕਣ। ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਮੁਆਇਨਿਆਂ ਤੋਂ ਛੁਟਕਾਰਾ ਪਾਉਣ ਅਤੇ ਆਨਲਾਈਨ ਸੇਵਾਵਾਂ ਮੁਹੱਈਆ ਕਰਨ ਸੰਬੰਧੀ ਤਜਵੀਜ਼ਾਂ ਦੀ ਪੜਚੋਲ ਕਰਦਿਆਂ ਸ. ਬਾਦਲ ਨੇ ਨਿਰਦੇਸ਼ ਦਿੱਤੇ ਕਿ ਕਿਸੇ ਸ਼ਿਕਾਇਤ ਜਾਂ ਕੇਂਦਰ ਸਰਕਾਰ ਦੇ ਨਿਯਮਾਂ ਤਹਿਤ ਜ਼ਰੂਰੀ ਹੋਣ ਤੋਂ ਬਿਨਾਂ ਕੋਈ ਵੀ ਇੰਸਪੈਕਟਰ ਕਿਰਤ ਕਮਿਸ਼ਨਰ ਤੋਂ ਅਗਾਊਂ ਪ੍ਰਵਾਨਗੀ ਲੈ ਕੇ ਹੀ ਕਿਸੇ ਉਦਯੋਗਕ ਇਕਾਈ ਦਾ ਦੌਰਾ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਬੁਆਇਲਰ ਇੰਸਪੈਕਟਰ ਸੰਬੰਧਤ ਅਥਾਰਟੀ ਤੋਂ ਅਗਾਊਂ ਪ੍ਰਵਾਨਗੀ ਲੈ ਕੇ ਉਨੀ ਦੇਰ ਕਿਸੇ ਉਦਯੋਗ ਦਾ ਦੌਰਾ ਨਹੀਂ ਕਰੇਗਾ ਜਦੋਂ ਤੱਕ ਸੰਬੰਧਤ ਫਰਮ ਵੱਲੋਂ ਉਸ ਨੂੰ ਸਾਲਾਨਾ ਮੁਆਇਨੇ ਲਈ ਸੱਦਾ ਨਹੀਂ ਦਿੰਦਾ। ਵਪਾਰ ਨੂੰ ਆਸਾਨ ਬਨਾਉਣ ਦੀ ਦਿਸ਼ਾ 'ਚ ਹੋਰ ਸਹੂਲਤ ਦਿੰਦਿਆਂ ਉਪ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਖਾਸਕਰ ਕਿਰਤ, ਜੰਗਲਾਤ, ਪ੍ਰਦੂਸ਼ਨ ਕੰਟਰੋਲ ਬੋਰਡ, ਸਨਅਤ ਵਿਭਾਗ ਅਤੇ ਪੀ.ਐਸ.ਪੀ.ਸੀ.ਐਲ ਨੂੰ ਆਪਣੀਆਂ ਵੈਬਸਾਈਟ ਅਪਡੇਟ ਕਰਨ ਲਈ ਕਿਹਾ ਅਤੇ ਇੰਨਾ 'ਤੇ ਮੁਆਇਨੇ ਦੀ ਪ੍ਰਕ੍ਰਿਆ, ਆਨਲਾਈਨ ਅਰਜ਼ੀ ਦਾਖਲ ਕਰਨ, ਫੀਸ ਦਾ ਈ-ਭੁਗਤਾਨ ਅਤੇ ਪ੍ਰਵਾਨਗੀ ਲਈ ਤੈਅ ਸੀਮਤ ਸਮਾਂ ਦਰਸ਼ਾਉਣ ਲਈ ਕਿਹਾ। ਇਸ ਮੌਕੇ ਸਨਅਤ ਅਤੇ ਕਿਰਤ ਵਿਭਾਗ ਵੱਲੋਂ ਤਜਵੀਜ਼ ਕੀਤੀਆਂ ਗਈਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਦੱਸਿਆ ਕਿ ਦਸਤਾਵੇਜ਼ਾਂ ਦੀ ਸਵੈ-ਤਸਦੀਕ, ਵੱਖ-ਵੱਖ ਕਾਨੂੰਨਾਂ ਤਹਿਤ ਸਾਂਝਾ ਮੁਆਇਨਾ, ਫੈਕਟਰੀ ਲਾਇਸੰਸਾਂ ਦੀ 10 ਸਾਲ ਤੱਕ ਵੈਦਤਾ, ਇਕਾਈਆਂ ਦਾ ਤੀਸਰੀ ਪਾਰਟੀ ਰਾਹੀਂ ਮੁਆਇਨਾ ਅਤੇ ਮੁਆਇਨਾ ਰਿਪੋਰਟ ਦੀ ਸਮਾਂ ਸੀਮਾ ਆਦਿ ਸੰਬੰਧੀ ਵਿਸਤਰਿਤ ਕਿਰਤ ਪ੍ਰਬੰਧ ਕੰਪਿਊਟਰਾਈਜ਼ਡ ਪ੍ਰਣਾਲੀ 31 ਦਸੰਬਰ ਤੱਕ ਲਾਗੂ ਕਰ ਦਿੱਤੀ ਜਾਵੇਗੀ। ਮੀਟਿੰਗ ਵਿਚ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਮਾਲ ਵਿਭਾਗ ਕਰਨ ਅਵਤਾਰ ਸਿੰਘ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਪ੍ਰਮੁੱਖ ਸਕੱਤਰ ਗ੍ਰਹਿ, ਕਿਰਤ ਤੇ ਜੰਗਲਾਤ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਕ ਸੁਧਾਰ ਜੀ. ਵਜਰਾਲਿੰਗਮ, ਸਕੱਤਰ ਸਨਅਤ ਅਤੇ ਸੀ.ਈ.ਓ ਇਨਵੈਸਟ ਪੰਜਾਬ ਅਨਿਰੁੱਧ ਤਿਵਾੜੀ, ਵਿੱਤ ਕਮਿਸ਼ਨਰ ਕਰ ਅਨੁਰਾਗ ਅੱਗਰਵਾਲ, ਸਕੱਤਰ ਬਿਜਲੀ ਏ. ਵੇਨੂੰ ਪ੍ਰਸਾਦ, ਸਕੱਤਰ ਤੇ ਐਡੀਸ਼ਨਲ ਸੀ.ਈ.ਓ ਇਨਵੈਸਟ ਪੰਜਾਬ ਡੀ.ਕੇ. ਤਿਵਾੜੀ, ਚੇਅਰਮੈਨ ਪੀ.ਐਸ.ਪੀ.ਸੀ.ਐਲ ਕੇ.ਡੀ. ਚੌਧਰੀ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਰਾਹੁਲ ਤਿਵਾੜੀ ਅਤੇ ਅਜੇ ਮਹਾਜਨ ਸ਼ਾਮਲ ਸਨ।

963 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper