ਰਾਣਾ ਦੀ ਮੋਦੀ ਨਾਲ ਮੁਲਾਕਾਤ ਅਗਲੇ ਹਫਤੇ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਵਾਲੇ ਪ੍ਰਸਿੱਧ ਸ਼ਾਇਰ ਮੁਨੱਵਰ ਰਾਣਾ ਅਗਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਰਾਣਾ ਵੱਲੋਂ ਇਕਲਿਆਂ ਮੋਦੀ ਨਾਲ ਮੁਲਾਕਾਤ ਦੀ ਹਾਮੀ ਨਾ ਭਰਨ ਮਗਰੋਂ ਪ੍ਰਧਾਨ ਮੰਤਰੀ ਦਫਤਰ ਕੁਝ ਹੋਰ ਸਾਹਿਤਕਾਰਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਹੜੇ ਰਾਣਾ ਨਾਲ ਮਿਲ ਕੇ ਮੋਦੀ ਕੋਲ ਆਪਣੀ ਗੱਲ ਰੱਖਣਗੇ।
ਰਾਣਾ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਪ੍ਰਧਾਨ ਮੰਤਰੀ ਦਫਤਰ ਤੋਂ ਫੋਨ ਆਇਆ। ਪ੍ਰਧਾਨ ਮੰਤਰੀ ਦਫਤਰ ਨੇ 20 ਫਰਵਰੀ ਨੂੰ ਮੁਲਾਕਾਤ ਦਾ ਸਮਾਂ ਦਿੱਤਾ, ਪਰ ਮੈਂ ਕਿਹਾ ਕਿ ਮੇਰਾ ਮਕਸਦ ਮੋਦੀ ਨੂੰ ਇਕੱਲਿਆਂ ਮਿਲਣ ਦਾ ਨਹੀਂ। ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨਾਲ ਦੇਸ਼ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਜਾਵੇ ਅਤੇ ਉਨ੍ਹਾ ਦਾ ਹੱਲ ਕੀਤਾ ਜਾਵੇ। ਮੈਂ ਕਿਹਾ ਕਿ ਇਸ ਲਈ ਘੱਟੋ-ਘੱਟ 10 ਸਾਹਿਤਕਾਰਾਂ ਨੂੰ ਸੱਦਿਆ ਜਾਵੇ ਅਤੇ ਸਾਰਿਆਂ ਦੀ ਗੱਲ ਸੁਣੀ ਜਾਵੇ ਅਤੇ ਜੇ 10 ਸਾਹਿਤਕਾਰ ਸੱਦੇ ਜਾਣਗੇ ਤਾਂ 11ਵਾਂ ਸਾਹਿਤਕਾਰ ਮੁਨੱਵਰ ਰਾਣਾ ਹੋਵੇਗਾ। ਇਸ ਮਗਰੋਂ ਅਗਲੇ ਹਫਤੇ ਮੁਲਾਕਾਤ ਦਾ ਫੈਸਲਾ ਹੋਇਆ ਹੈ, ਜਿਸ ਦੀ ਤਰੀਕ ਦਾ ਐਲਾਨ ਪ੍ਰਧਾਨ ਮੰਤਰੀ ਦਫਤਰ ਵੱਲੋਂ ਕੀਤਾ ਜਾਵੇਗਾ।
ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੀ ਚਰਚਾ 'ਤੇ ਮੁਨੱਵਰ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਗੱਲਬਾਤ ਕਰਨ ਅਤੇ ਸਨਮਾਨ ਵਾਪਸ ਲੈਣ ਲਈ ਆਖਣ ਤਾਂ ਉਹ ਆਪਣਾ ਸਾਹਿਤ ਅਕਾਦਮੀ ਵਾਪਸ ਲੈ ਲੈਣਗੇ। ਉਨ੍ਹਾ ਕਿਹਾ ਕਿ ਉਨ੍ਹਾਂ ਬਾਰੇ ਸੋਸ਼ਲ ਸਾਈਟਸ 'ਤੇ ਜੋ ਕੁਝ ਚੱਲ ਰਿਹਾ ਹੈ, ਉਸ ਨਾਲ ਦਿਲ ਟੁੱਟਿਆ ਹੈ।