ਹਰੀਕੇ ਹੈੱਡ 'ਤੇ ਧਰਨਾ ਚੁੱਕਣ ਤੋਂ ਬਾਅਦ ਫ਼ਿਰ ਜਾਮ

ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਦਾ ਬੀਤੇ ਦਿਨੀਂ ਹੋਏ ਅਪਮਾਨ ਦੇ ਰੋਸ ਵਜੋਂ ਹਰੀਕੇ ਹੈੱਡ ਤੇ ਮਖੂ ਵਾਲੇ ਪਾਸੇ ਲੱਗਾ ਧਰਨਾ ਅੱਜ ਅੱਠਵੇਂ ਦਿਨ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਰੱਖੀਆਂ ਮੰਗਾਂ ਵਿੱਚੋਂ ਵਧੇਰੇ ਮੰਗਾਂ ਪਰਵਾਨ ਕਰ ਲੈਣ ਉਪਰੰਤ ਧਰਨੇ ਨੂੰ ਚੁਕਵਾਉਣ ਲਈ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦਵਿੰਦਰ ਪਾਲ ਸਿੰਘ ਖਰਬੰਦਾ, ਐੱਸ.ਐੱਸ.ਪੀ ਫ਼ਿਰੋਜ਼ਪੁਰ ਸ੍ਰ: ਹਰਦਿਆਲ ਸਿੰਘ ਮਾਨ, ਹਰਦੇਵ ਸਿੰਘ ਬੋਪਾਰਾਏ ਡੀ.ਐੱਸ.ਪੀ ਜ਼ੀਰਾ ਅਤੇ ਐੱਸ.ਡੀ.ਐੱਮ ਜਰਨੈਲ ਸਿੰਘ ਵੱਲੋਂ ਆਪਣੇ ਅਧਿਕਾਰੀਆਂ ਸਮੇਤ ਮਖੂ ਤੋਂ ਅੱਠ ਕਿਲੋਮੀਟਰ ਦੂਰ ਪੈਂਦੇ ਸ਼ਹੀਦ ਸ਼ਾਮ ਸਿੰਘ ਅਟਾਰੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਫ਼ਤਿਹਗੜ੍ਹ ਸਭਰਾ ਵਿਖੇ ਧਾਰਮਿਕ ਆਗੂਆਂ ਜਿਹਨਾਂ ਵਿੱਚ ਬਾਬਾ ਛਿੰਦਰ ਸਿੰਘ ਸਭਰਾ, ਮੁੱਖ ਸੇਵਾਦਾਰ ਫ਼ਤਿਹਗੜ੍ਹ ਸਭਰਾ ਬਾਬਾ ਅਮਰੀਕ ਸਿੰਘ, ਬਾਬਾ ਹਰੀ ਸਿੰਘ, ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਪ੍ਰਤਾਪ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਵੰਤ ਸਿੰਘ, ਬਾਬਾ ਅਵਤਾਰ ਸਿੰਘ ਚੰਦ, ਬਾਬਾ ਮੰਗਾ ਸਿੰਘ ਨਾਲ ਮੀਟਿੰਗ ਕੀਤੀ ਅਤੇ ਇਹਨਾਂ ਆਗੂਆਂ ਨੇ ਧਰਨੇ ਵਾਲੀ ਥਾਂ 'ਤੇ ਜਾ ਕੇ ਧਰਨੇ 'ਤੇ ਬੈਠੀਆਂ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ, ਪਰ ਉੱਥੇ ਬੈਠੀਆਂ ਸੰਗਤਾਂ ਨੇ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਧਰਨਾ ਦੇ ਰਹੇ ਲੋਕਾਂ ਵਿੱਚੋਂ ਸੂਝਵਾਨ ਆਗੂਆਂ ਨੇ ਲੋਕਾਂ ਨੂੰ ਸੰਤ ਮਹਾਂਪੁਰਸ਼ਾਂ ਦੀ ਗੱਲ ਮੰਨਣ ਲਈ ਕਿਹਾ ਅਤੇ ਸੂਝਵਾਨ ਵਿਅਕਤੀਆਂ ਦੇ ਸਮਝਾਉਣ 'ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਸੰਗਤਾਂ ਧਰਨਾ ਚੁੱਕਣ ਲਈ ਰਜ਼ਾਮੰਦ ਹੋ ਗਈਆਂ। ਇਥੇ ਇਹ ਜ਼ਿਕਰਯੋਗ ਹੈ ਕਿ ਇੱਕ ਵਾਰ ਧਰਨਾ ਚੁੱਕੇ ਜਾਣ ਤੋਂ ਬਾਅਦ ਹੈਡ ਦੇ ਦੂਜੇ ਪਾਸੇ ਮਾਝੇ ਵਾਲੇ ਪਾਸੇ ਦੇ ਧਰਨਾਕਾਰੀਆਂ ਵੱਲੋਂ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਮੱਖੂ ਵਾਲੇ ਪਾਸਿਓਂ ਜਿੱਥੋਂ ਧਰਨਾ ਚੁੱਕਿਆ ਗਿਆ ਸੀ, ਉੱਥੇ ਫ਼ਿਰ ਕੁਝ ਨੌਜਵਾਨਾਂ ਵੱਲੋਂ ਮਖੂ ਵਾਲੇ ਪਾਸੇ ਮੇਨ ਸੜਕ ਦੇ ਵਿੱਚ ਸਰਕਾਰੀ ਬੇੜੀਆਂ ਅਤੇ ਲੱਕੜਾਂ ਅਦਿ ਸੁੱਟ ਕੇ ਦੁਬਾਰਾ ਫ਼ਿਰ ਜ਼ਾਮ ਲਗਾ ਦਿੱਤਾ ਗਿਆ ਹੈ।
ਅਮਰੀਕੀ ਸਿੱਖ ਸੰਸਥਾਵਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਖਤ ਨਿਖੇਧੀ
ਵਾਸ਼ਿੰਗਟਨ : ਕਈ ਸਿੱਖ ਅਮਰੀਕੀ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਸੂਬੇ 'ਚ ਅਸਥਿਰਤਾ ਪੈਦਾ ਕਰਨ ਅਤੇ ਸੂਬੇ ਦੇ ਸਮਾਜਿਕ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇੱਕ ਬਿਆਨ ਰਾਹੀਂ ਅਮਰੀਕਨ ਸਿੱਖ ਕੌਂਸਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ ਅਤੇ ਅਜਿਹਾ ਨਾ ਕਰਨਾ ਦੇਸ਼ ਲਈ ਚੰਗਾ ਸੰਕੇਤ ਨਹੀਂ ਹੋਵੇਗਾ। ਏ ਐੱਸ ਸੀ ਨੇ ਕਿਹਾ ਕਿ ਇਹ ਕੰਮ ਕਿਸੇ ਪਾਗਲ ਦਾ ਨਹੀਂ ਸਗੋਂ ਗਿਣੀਮਿਥੀ ਸਾਜ਼ਿਸ਼ ਹੈ ਅਤੇ ਇਸ ਦਾ ਮਕਸਦ ਵੀ ਸਿਰਫ ਪੰਜਾਬ ਨੂੰ ਅਸਥਿਰ ਕਰਨਾ ਨਹੀਂ, ਸਗੋਂ ਸਮਾਜਿਕ ਢਾਂਚੇ 'ਚ ਤਰੇੜਾਂ ਪਾਉਣਾ ਹੈ ਤਾਂ ਪੰਜਾਬ ਦੇ ਪਿੰਡਾਂ 'ਚ ਸਿੱਖ ਵਿਰੋਧੀ ਪ੍ਰਦਰਸ਼ਨ ਕਰਨ ਅਤੇ ਫੌਜ ਉਨ੍ਹਾਂ ਨੂੰ ਤਾਕਤ ਨਾਲ ਦਬਾਅ ਦੇਵੇ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਸਿੱਖ ਪ੍ਰਦਰਸ਼ਨਕਾਰੀਆਂ ਦੇ ਕਤਲਾਂ ਦੀ ਨਿਖੇਧੀ ਕੀਤੀ। ਸੰਸਥਾ ਦੇ ਡਾਇਰੈਕਟਰ ਸਤਨਾਮ ਚਾਹਲ ਨੇ ਕਿਹਾ ਕਿ ਮੰਦਭਾਗਾ ਹੈ ਕਿ ਕਈ ਲੋਕਾਂ ਨੂੰ ਕੁੱਟਿਆ ਗਿਆ ਅਤੇ ਗਾਲ਼ਾਂ ਕੱਢੀਆਂ ਗਈਆਂ ਅਤੇ ਸੈਂਕੜੇ ਸਿੱਖਾਂ ਨੂੰ ਸਿਰਫ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ।
ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ ਜਨਰਲ ਸਕੱਤਰ ਹਰਬਚਨ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਬੇਹਬਲ ਕਲਾਂ ਪਿੰਡ 'ਚ ਸ਼ਾਂਤਮਈ ਧਰਨੇ 'ਤੇ ਬੈਠੇ ਲੋਕਾਂ 'ਤੇ ਪੁਲਸ ਕਾਰਵਾਈ ਬੇਹਦ ਨਿੰਦਾਯੋਗ ਹੈ। ਸਿੱਖ ਕੌਮ ਦੇ ਪ੍ਰਧਾਨ ਰਾਜਵੰਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਫਾਉਂਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਨੇ ਬਾਦਲ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਇੱਕ ਸੰਵੇਦਨਸ਼ੀਲ ਧਾਰਮਿਕ ਮੁੱਦੇ ਨਾਲ ਗਲਤ ਢੰਗ ਨਾਲ ਨਿਪਟ ਰਹੀ ਹੈ। ਉਨ੍ਹਾ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਦਰਸ਼ਨ ਸ਼ਾਂਤੀ ਪੂਰਨ ਰੱਖਣ। ਉਨ੍ਹਾ ਕਿਹਾ ਕਿ ਸੂਬੇ 'ਚ ਹਿੰਸਾ ਲਈ ਪ੍ਰਦਰਸ਼ਨਕਾਰੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਗੋਂ ਲੋਕਾਂ ਨੇ ਹਰੇਕ ਥਾਂ ਪੁਲਸ ਕਾਰਵਾਈ ਵਿਰੁੱਧ ਗੱਡੀਆਂ ਸਾੜੀਆਂ।