Latest News
ਜਿਊਂਦੇ ਸਾੜੇ ਬੱਚਿਆਂ ਦੀ ਕੁੱਤਿਆਂ ਨਾਲ ਤੁਲਨਾ
ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਕਿਹਾ ਹੈ ਕਿ ਹਰਿਆਣਾ 'ਚ ਦੋ ਦਲਿਤ ਬੱਚਿਆਂ ਦੇ ਕਤਲ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ, ਪਰ ਇਸ ਤੋਂ ਅੱਗੇ ਵਰਤੇ ਗਏ ਸ਼ਬਦਾਂ ਕਾਰਨ ਵਿਵਾਦ ਪੈਦਾ ਹੋ ਗਿਆ। ਇਸ ਤੋਂ ਅੱਗੇ ਉਨ੍ਹਾ ਕਿਹਾ ਕਿ ਜੇ ਕੋਈ ਕੁੱਤੇ ਨੂੰ ਵੀ ਪੱਥਰ ਮਾਰ ਦੇਵੇ ਤਾਂ ਉਸ ਲਈ ਸਰਕਾਰ ਨੂੰ ਦੋਸ਼ੀ ਦੱਸਿਆ ਜਾਂਦਾ ਹੈ, ਜਦ ਕਿ ਸਰਕਾਰ ਇਸ ਲਈ ਦੋਸ਼ੀ ਨਹੀਂ ਹੈ।
ਗਾਜ਼ੀਆਬਾਦ 'ਚ ਇੱਕ ਪ੍ਰੋਗਰਾਮ ਅਨੁਸਾਰ ਫਰੀਦਾਬਾਦ 'ਚ ਸੋਮਵਾਰ ਨੂੰ ਵਾਪਰੀ ਘਟਨਾ ਨੂੰ ਸਰਕਾਰ ਦੀ ਨਾਕਾਮੀ ਨਾਲ ਜੋੜਨ ਵਾਲੇ ਸੁਆਲ ਦੇ ਜੁਆਬ 'ਚ ਉਕਤ ਟਿੱਪਣੀ ਕਰਦਿਆਂ ਵੀ ਕੇ ਸਿੰਘ ਨੇ ਕਿਹਾ ਕਿ ਇਸ ਨੂੰ ਸਰਕਾਰ ਨਾਲ ਨਾ ਜੋੜਿਆ ਜਾਵੇ, ਇਹ ਦੋ ਪਰਵਾਰਾਂ ਦਾ ਝਗੜਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸਥਾਨਕ ਪ੍ਰਸ਼ਾਸਨ ਨਾਕਾਮ ਰਿਹਾ। ਉਨ੍ਹਾਂ ਦੇ ਇਸ ਬਿਆਨ ਮਗਰੋਂ ਸਿਆਸਤ 'ਚ ਭੁਚਾਲ ਜਿਹਾ ਆ ਗਿਆ। ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਮੰਗ ਕੀਤੀ ਕਿ ਵੀ ਕੇ ਸਿੰਘ ਵਿਰੁੱਧ ਦਲਿਤਾਂ 'ਤੇ ਤਸ਼ੱਦਦ ਦਾ ਮਾਮਲਾ ਦਰਜ ਕੀਤਾ ਜਾਵੇ। ਆਰ ਜੇ ਡੀ ਤਰਜਮਾਨ ਮਨੋਜ ਝਾਅ ਨੇ ਵੀ ਵੀ ਕੇ ਸਿੰਘ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਇੱਕ ਪਿੰਡ 'ਚ ਸਵਰਨ ਜਾਤੀਆਂ ਦੇ ਇੱਕ ਧੜੇ ਨੇ ਇੱਕ ਦਲਿਤ ਪਰਵਾਰ ਦੇ ਘਰ ਨੂੰ ਅੱਗ ਲਾ ਦਿੱਤੀ ਸੀ, ਜਿਸ ਨਾਲ ਢਾਈ ਸਾਲ ਦੇ ਵੈਭਵ ਅਤੇ 11 ਮਹੀਨਿਆਂ ਦੀ ਦਿਵਿਆ ਦੀ ਮੌਤ ਹੋ ਗਈ ਸੀ। ਸੂਬਾ ਸਰਕਾਰ ਨੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਹਨ। ਵੀ ਕੇ ਸਿੰਘ ਵੱਲੋਂ ਕੀਤੀ ਗਈ ਇਸ ਟਿੱਪਣੀ ਦਾ ਵਿਰੋਧੀ ਪਾਰਟੀਆਂ ਨੇ ਸਖਤ ਨੋਟਿਸ ਲਿਆ ਹੈ ਤੇ ਉਨ੍ਹਾਂ ਨੂੰ ਕੈਬਨਿਟ 'ਚੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਕਾਂਗਰਸ ਦੇ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਜਨਕ ਹੈ, ਹੈਰਾਨ ਕਰਨ ਵਾਲਾ ਅਤੇ ਅਣਮਨੁੱਖੀ ਹੈ। ਉਨ੍ਹਾ ਕਿਹਾ ਕਿ ਜਨਰਲ ਬੀ ਕੇ ਸਿੰਘ ਨੇ ਨਾ ਸਿਰਫ ਦੇਸ਼ ਦਾ, ਪੂਰੇ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ, ਸਗੋਂ ਸਭਨਾਂ ਭਾਰਤੀਆਂ ਦਾ ਅਪਮਾਨ ਕੀਤਾ ਹੈ। ਇਹ ਮੋਦੀ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ, ਜਿਹੜੀ ਦਲਿਤਾਂ ਦਾ ਅਪਮਾਨ ਕਰਦੀ ਹੈ, ਘੱਟ ਗਿਣਤੀਆਂ ਦਾ ਅਪਮਾਨ ਕਰਦੀ ਹੈ ਅਤੇ ਗਰੀਬਾਂ ਤੇ ਦਲਿਤਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੀ ਹੈ।
ਸੂਰਜੇਵਾਲਾ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੇ ਸਿੰਘ ਨੂੰ ਹਟਾਉਣ ਅਤੇ ਉਨ੍ਹਾ ਦੀ ਤਰਫੋਂ ਮਾਫੀ ਮੰਗਣ। ਉਨ੍ਹਾ ਕਿਹਾ ਕਿ ਮੰਤਰੀ ਖਿਲਾਫ ਅਣਸੂਚਿਤ ਜਾਤੀ ਅੱਤਿਆਚਾਰ ਰੋਕੂ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਵੀ ਕੇ ਸਿੰਘ ਵੱਲੋਂ ਕੁੱਤਾ ਸ਼ਬਦ ਦੀ ਵਰਤੋਂ ਨੂੰ ਬੇਹੁਦਾ ਅਤੇ ਘਿਰਣਤ ਦੱਸਿਆ। ਉਨ੍ਹਾ ਕਿਹਾ ਕਿ ਜਿਊਂਦੇ ਸਾੜ ਦਿੱਤੇ ਗਏ ਦੋ ਬੱਚਿਆਂ ਦੀ ਤੁਲਨਾ ਇੱਕ ਕੁੱਤੇ ਨੂੰ ਪੱਥਰ ਮਾਰੇ ਜਾਣ ਨਾਲ ਕਰਨਾ, ਇਸ ਤੋਂ ਬੇਹੁਦਾ ਅਤੇ ਘਿਰਣਾ ਯੋਗ ਹੋਰ ਕੀ ਹੋ ਸਕਦਾ। ਇਹ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾ ਕਿਹਾ ਕਿ ਯਾਦ ਕਰੋ, ਦੋ ਸਾਲ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇੱਕ ਇੰਟਰਵਿਊ 'ਚ ਅਜਿਹੇ ਹੀ ਲਫਜ਼ਾਂ ਦੀ ਵਰਤੋਂ ਕੀਤੀ ਸੀ। ਉਨ੍ਹਾ ਇਸ ਇੰਟਰਵਿਊ 'ਚ ਕਿਹਾ ਸੀ ਕਿ ਜੇ ਕੋਈ ਕੁੱਤਾ ਵੀ ਕਾਰ ਦੇ ਪਹੀਏ ਹੇਠਾਂ ਆ ਜਾਂਦਾ ਹੈ ਤਾਂ ਉਸ ਲਈ ਵੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ। ਉਨ੍ਹਾ ਇਹ ਟਿੱਪਣੀ ਗੁਜਰਾਤ 'ਚ ਹੋਈਆਂ ਸਮੂਹਿਕ ਹੱਤਿਆਵਾਂ ਦੇ ਸੰਦਰਭ 'ਚ ਕੀਤੀ ਸੀ। ਸੀ ਪੀ ਆਈ ਐਮ ਦੀ ਆਗੂ ਬਰਿੰਦਾ ਕਰਤ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਸ਼ਟਰੀ ਜਨਤਾ ਦਲ ਨੇ ਵੀ ਵੀ ਕੇ ਸਿੰਘ ਨੂੰ ਕੈਬਨਿਟ 'ਚੋਂ ਹਟਾਉਣ ਅਤੇ ਉਸ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।

1114 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper