ਪਾਣੀ ਪੀਣ ਦਾ ਬਹਾਨਾ ਬਣਾ ਔਰਤ ਨੂੰ ਬੇਹੋਸ਼ ਕਰਕੇ ਦਿੱਤਾ ਲੁੱਟ ਨੂੰ ਅੰਜ਼ਾਮ

ਜ਼ੀਰਾ ਸ਼ਹਿਰ 'ਚ ਦਿਨ-ਦਿਹਾੜੇ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਔਰਤ ਨੂੰ ਬੇਹੋਸ਼ ਕਰਨ ਉਪਰੰਤ 10 ਲੱਖ ਰੁਪਏ ਦਾ ਸਮਾਨ ਲੁੱਟ ਲਿਆ। ਲੁਟੇਰੇ ਇੱਕ ਲੜਕੀ ਦੇ ਸਹਾਰੇ ਪਾਣੀ ਪੀਣ ਦਾ ਬਹਾਨਾ ਬਣਾ ਕੇ ਘਰ 'ਚ ਹੋਏ। ਔਰਤ ਨੂੰ ਬੰਦੀ ਬਣਾ ਕੇ ਦਿੱਤਾ ਲੁੱਟ ਨੂੰ ਅੰਜ਼ਾਮ। ਇਸ ਸੰਬੰਧੀ ਪੀੜਤ ਪਰਵਾਰ ਦੇ ਮੁਖੀ ਰਮਨ ਕੁਮਾਰ ਹੈਪੀ ਹਾਂਡਾ ਪੁੱਤਰ ਬੂੜ ਚੰਦ ਵਾਸੀ ਮਹੱਲਾ ਗੋਗੋਆਣੀ ਪੁਰਾਣਾ ਤਲਵੰਡੀ ਰੋਡ ਜ਼ੀਰਾ, ਜੋ ਮੁੱਖ ਬਜ਼ਾਰ ਜ਼ੀਰਾ ਵਿਖੇ ਹਾਂਡਾ ਕੱਟ ਪੀਸ ਹਾਊਸ ਦੀ ਦੁਕਾਨ ਕਰਦਾ ਹੈ, ਨੇ ਦੱਸਿਆ ਕਿ ਉਸ ਦੀ ਪਤਨੀ ਅਨੀਤਾ ਰਾਣੀ, ਜੋ ਬਿਮਾਰ ਹੋਣ ਕਰਕੇ ਦੁਕਾਨ ਤੋਂ ਘਰ ਚਲੀ ਗਈ ਤਾਂ ਮੇਰੀ ਲੜਕੀ ਮੋਨੀਕਾ ਜੋ ਪਾਰਲਰ 'ਤੇ ਗਈ ਸੀ ਨੇ ਆ ਕੇ ਦੇਖਿਆ ਤਾਂ ਪਤਨੀ ਅਨੀਤਾ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਘਰ ਦੀਆਂ ਅਲਮਾਰੀਆਂ ਤੇ ਸਾਮਾਨ ਖਿਲਰਿਆ ਹੋਇਆ ਸੀ। ਜਦ ਅਨੀਤਾ ਰਾਣੀ ਨੂੰ ਹੋਸ਼ ਆਈ ਤਾਂ ਉਸ ਨੇ ਦੱਸਿਆ ਕਿ ਕਰੀਬ 22 ਸਾਲ ਦੀ ਲੜਕੀ ਨੇ ਦਰਵਾਜਾ ਖੜਕਾ ਕੇ ਪਾਣੀ ਮੰਗਿਆ ਤਾਂ ਪਾਣੀ ਲਈ ਰਸੋਈ ਵਿੱਚ ਆਈ ਤਾਂ ਮਗਰੋਂ ਸਿਰ ਵਿੱਚ ਕੁਝ ਮਾਰ ਦਿੱਤਾ ਤੇ ਮੈਂ ਜ਼ਮੀਨ 'ਤੇ ਢਿੱਗ ਪਈ, ਦੋ ਨੌਜਵਾਨ ਲੜਕੇ ਉਮਰ ਕਰੀਬ 22 ਜਾਂ 23 ਸਾਲ ਨੇ ਮੈਨੂੰ ਫੜ ਲਿਆ ਅਤੇ ਕੁਰਸੀ ਉਪਰ ਬੰਨ੍ਹ ਦਿੱਤਾ ਅਤੇ ਕੁੱਟਮਾਰ ਕਰਕੇ ਅਲਮਾਰੀਆਂ ਦੀਆਂ ਚਾਬੀਆਂ ਲੈ ਲਈਆਂ ਤੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ। ਉਨ੍ਹਾ ਦੱਸਿਆ ਕਿ ਘਰ ਵਿੱਚ ਪਿਆ ਕਰੀਬ 32 ਤੋਲੇ ਸੋਨਾ ਅਤੇ 70 ਹਜ਼ਾਰ ਨਕਦ ਲੁਟੇਰੇ ਲੁੱਟ ਕੇ ਲੈ ਗਏ। ਇਸ ਸੰਬੰਧੀ ਥਾਣਾ ਸ਼ਹਿਰੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।