ਸ਼ਿਵ ਸੈਨਾ ਨੇ ਭਾਜਪਾ ਨੂੰ ਅੱਖਾਂ ਦਿਖਾਈਆਂ; ਸ਼ਿਵ ਸੈਨਾ ਬਾਪ ਹੈ ਤੇ ਬਾਪ ਅੱਗੇ ਝੁਕਣਾ ਹੋਵੇਗਾ

ਭਾਜਪਾ-ਸ਼ਿਵ ਸੈਨਾ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਦੁਸਹਿਰੇ ਦੇ ਤਿਉਹਾਰ ਮੌਕੇ ਸ਼ਿਵ ਸੈਨਾ ਨੇ ਭਾਜਪਾ 'ਤੇ ਇੱਕ ਵਾਰ ਫਿਰ ਤਕੜਾ ਹਮਲਾ ਕੀਤਾ ਹੈ। ਪ੍ਰੋਗਰਾਮ 'ਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੀ ਹਾਜ਼ਰੀ 'ਚ ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਨਾ ਛੋਟਾ ਭਰਾ ਹੈ, ਨਾ ਵੱਡਾ ਭਰਾ, ਸ਼ਿਵ ਸੈਨਾ ਤਾਂ ਬਾਪ ਹੈ ਅਤੇ ਬਾਪ ਅੱਗੇ ਝੁਕਨਾ ਹੋਵੇਗਾ। 50 ਸਾਲ ਤੋਂ ਇਹੀ ਰਵਾਇਤ ਚੱਲੀ ਆ ਰਹੀ ਹੈ। ਰਾਊਤ ਨੇ ਅੱਗੇ ਕਿਹਾ ਕਿ ਅਗਲੇ ਸਾਲ ਸ਼ਸਤਰ ਪੂਜਾ ਲਈ ਤਲਵਾਰ ਨਾਲ ਕੰਮ ਨਹੀਂ ਚੱਲੇਗਾ। ਏ ਕੇ 47 ਤੇ ਤੋਪ ਲਿਆਉਣੀ ਹੋਵੇਗੀ, ਆਖਿਰ ਅਸੀਂ ਪਾਕਿਸਤਾਨ ਨਾਲ ਲੜਨਾ ਹੈ। ਕੁਲਕਰਨੀ ਦੇ ਮੂੰਹ 'ਤੇ ਕਾਲਖ ਮਲੇ ਜਾਣ ਦੀ ਘਟਨਾ ਦਾ ਟੇਢੇ ਢੰਗ ਨਾਲ ਜ਼ਿਕਰ ਕਰਦਿਆਂ ਉਨ੍ਹਾ ਨੇ ਕਿਹਾ, ''ਇੱਕ ਦਿਨ ਆਇਲ ਪੇਂਟ ਦਾ ਵੀ ਰੱਖਿਆ ਜਾਵੇ। ਇਹ ਵੀ ਇੱਕ ਹਥਿਆਰ ਹੈ। ਪੂਰੀ ਦੁਨੀਆ ਨੇ ਹਾਲ ਹੀ 'ਚ ਦੇਖਿਆ ਹੈ।'' ਰਾਊਤ ਇਥੋਂ ਤੱਕ ਚੱਲੇ ਗਿਆ ਕਿ ਜੇ ਸ਼ਿਵ ਸੈਨਾ ਦੇ 50 ਸੰਸਦ ਮੈਂਬਰ ਚੁਣ ਕੇ ਆ ਜਾਣ ਤਾਂ ਅਸੀਂ ਨਾ ਕੇਵਲ ਦਾਊਦ ਇਬਰਾਹੀਮ ਨੂੰ ਸਗੋਂ ਨਵਾਜ਼ ਸ਼ਰੀਫ਼ ਨੂੰ ਵੀ ਭਾਰਤ ਵਿੱਚ ਲਿਆਵਾਂਗੇ।
ਉਨ੍ਹਾ ਕਿਹਾ ਕਿ ਬਾਲਾ ਸਾਹਿਬ ਦਾ ਸੁਪਨਾ ਸੀ ਕਿ ਮਹਾਰਾਸ਼ਟਰ 'ਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਨੇਤਾ ਨੂੰ 'ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਬਾਲਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।'