ਪਾਕਿ ਅੱਤਵਾਦੀ ਜਥੇਬੰਦੀਆਂ ਵਿਚਾਲੇ ਚੰਗੇ-ਮਾੜੇ ਦਾ ਫ਼ਰਕ ਛੱਡੇ : ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਉਨ੍ਹਾ ਦੇ ਦੇਸ਼ ਨੂੰ ਅੱਤਵਾਦੀ ਜਥੇਬੰਦੀਆਂ 'ਚ ਫ਼ਰਕ ਨਹੀਂ ਕਰਨਾ ਚਾਹੀਦਾ। ਇਹ ਜਾਣਕਾਰੀ ਅੱਜ ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਦਿੱਤੀ ਗਈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਐਰਿਕ ਸੁਲਤਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਨੇ ਜਿਹੜੀ ਇੱਕ ਅਹਿਮ ਗੱਲ ਆਖੀ, ਉਹ ਸੀ ਕਿ ਪਾਕਿਸਤਾਨ ਨੂੰ ਅੱਤਵਾਦੀ ਜਥੇਬੰਦੀਆਂ 'ਚ ਫ਼ਰਕ ਨਹੀਂ ਕਰਨਾ ਚਾਹੀਦਾ।
ਉਨ੍ਹਾ ਕਿਹਾ ਕਿ ਅਸੀਂ ਪਹਿਲਾਂ ਵੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਾਂ ਅਤੇ ਦੁਵੱਲੀ ਗੱਲਬਾਤ 'ਚ ਵੀ ਇਹੋ ਗੱਲ ਦੁਹਰਾਈ ਗਈ ਹੈ।
ਉਨ੍ਹਾ ਦੱਸਿਆ ਕਿ ਵੀਰਵਾਰ ਨੂੰ ਉਵਲ ਦਫ਼ਤਰ 'ਚ ਓਬਾਮਾ-ਸ਼ਰੀਫ਼ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਆਖੀ। ਉਨ੍ਹਾ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿਰਫ਼ ਉਨ੍ਹਾਂ ਅੱਤਵਾਦੀ ਜਥੇਬੰਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜੀਆਂ ਪਾਕਿਸਤਾਨ ਸਰਕਾਰ ਦੇ ਖਿਲਾਫ਼ ਰਹੀਆਂ ਹਨ। ਉਨ੍ਹਾ ਦੱਸਿਆ ਕਿ ਓਬਾਮਾ ਨੇ ਸ਼ਰੀਫ਼ ਨੂੰ ਕਿਹਾ ਕਿ ਅਮਰੀਕਾ ਪਾਕਿਸਤਾਨ ਨਾਲ ਵਿਆਪਕ, ਟਿਕਾਊ ਅਤੇ ਚਿਰਕਾਲੀ ਭਾਈਵਾਲੀ ਲਈ ਪ੍ਰਤੀਬੱਧ ਹੈ, ਜਿਹੜੀ ਪਾਕਿਸਤਾਨੀ ਜਨਤਾ ਦਾ ਵਿਕਾਸ ਕਰਦੀ ਹੈ ਅਤੇ ਪਾਕਿਸਤਾਨ ਦੇ ਲੋਕਤੰਤਰ ਅਤੇ ਨਾਗਰਿਕ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ।