ਪਾਕਿਸਤਾਨੀ ਫਾਇਰਿੰਗ 'ਚ 6 ਜ਼ਖਮੀ

ਪਾਕਿਸਤਾਨੀ ਫੌਜਾਂ ਨੇ ਲਗਾਤਾਰ ਪੰਜਵੇਂ ਦਿਨ ਜੰਮੂ ਖੇਤਰ ਦੇ ਸਾਂਬਾ ਅਤੇ ਕਠੂਆ ਸੈਕਟਰਾਂ ਵਿੱਚ ਕੌਮਾਂਤਰੀ ਸਰਹੱਦ ਨੇੜੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਭਾਰੀ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿੱਚ ਸਰਹੱਦੀ ਵਿਅਕਤੀ ਜ਼ਖਮੀ ਹੋ ਗਏ। ਇੱਕ ਸਰਕਾਰੀ ਬੁਲਾਰੇ ਨੇ ਜੰਮੂ ਵਿੱਚ ਦੱਸਿਆ ਕਿ ਪਾਕਿਸਤਾਨੀ ਫੌਜਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਕੱਲ੍ਹ ਸ਼ਾਮੀਂ ਸਾਂਬਾ ਅਤੇ ਕਠੂਆ ਜ਼ਿਲਿਅੱਾਂ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਬੀ ਐੱਸ ਐੱਫ ਦੀਆਂ 30 ਸਰਹੱਦੀ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਮਸ਼ੀਨਗੰਨਾਂ ਨਾਲ ਨਿਸ਼ਾਨਾ ਬਣਾਇਆ ਅਤੇ 82 ਮੋਰਟਾਰ ਸੁੱਟੇ। ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਅਵਾਜ਼ਾਂ ਹੀਰਾ ਨਗਰ, ਕਠੂਆ ਅਤੇ ਰਾਮਗੜ੍ਹ ਸੈਕਟਰ ਤੱਕ ਸੁਣੀਆਂ ਗਈਆਂ।
ਉਨ੍ਹਾ ਦੱਸਿਆ ਕਿ ਬੀ ਐੱਸ ਐੱਫ ਵੱਲੋਂ ਪਾਕਿਸਤਾਨੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ ਗਿਆ। ਜ਼ਖਮੀ ਹੋਈ ਸੁਭਾਸ਼ ਦੇਵੀ, ਬਚਨੋ ਦੇਵੀ, ਬਾਲਕ ਰਾਮ, ਰਤਨੋ ਦੇਵੀ ਅਤੇ ਰਾਜੇਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਂਬਾ ਅਤੇ ਕਠੂਆ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਹੱਦੀ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਮੰਦਰਾਂ ਵਿੱਚ ਸ਼ਰਨ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਹੈ ਕਿ ਕਠੂਆ ਜ਼ਿਲ੍ਹੇ ਬੇਬੀਆ ਪਿੰਡ 'ਚ ਪਾਕਿਸਤਾਨੀ ਗੋਲੀਬਾਰੀ 'ਚ 6 ਲੋਕ ਜ਼ਖਮੀ ਹੋਏ ਹਨ। ਉਹਨਾ ਦੱਸਿਆ ਕਿ ਗੋਲੀਬਾਰੀ 'ਚ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾ ਦੱਸਿਆ ਕਿ ਗੋਲੀਬਾਰੀ 'ਚ ਲੋਕਾਂ ਦੇ ਕਈ ਡੰਗਰ ਮਾਰੇ ਗਏ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਾਇਰਿੰਗ ਕਾਰਨ ਸਰਹੱਦੀ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਡਰੇ ਹੋਏ ਲੋਕ ਸਰਹੱਦੀ ਖੇਤਰਾਂ 'ਚੋਂ ਹਿਜਰਤ ਕਰ ਰਹੇ ਹਨ। ਕਈ ਲੋਕਾਂ ਨੂੰ ਸਕੂਲਾਂ 'ਚ ਵੀ ਠਹਿਰਾਇਆ ਗਿਆ ਹੈ।