ਦੇਸ਼ ਦੇ ਵੱਖ-ਵੱਖ ਭਾਗਾਂ 'ਚ ਅਮਨ ਦਾ ਸੁਨੇਹਾ ਦਿੰਦੀ ਅਮਨ ਯਾਤਰਾ ਵਾਹਗਾ ਸਰਹੱਦ ਤੋਂ ਰਵਾਨਾ

ਸਥਾਨਕ ਵਾਹਗਾ ਬਾਰਡਰ ਤੋਂ ਚਰਚ ਆਫ ਨਾਰਥ ਇੰਡੀਆ ਦੇ ਮਾਡਰੇਟਰ ਅਤੇ ਅੰਮ੍ਰਿਤਸਰ ਡਾਇਓਸਿਸ ਦੇ ਬਿਸ਼ਪ ਮਾਨਯੋਗ ਬਿਸ਼ਪ ਪਰਦੀਪ ਕੁਮਾਰ ਸਾਮੰਤਾਰਾਏ ਦੀ ਅਗਵਾਈ ਹੇਠ ਚੌਥੀ 'ਅਮਨ ਯਾਤਰਾ' ਮੋਟਰ ਸਾਈਕਲ ਰੈਲੀ ਦਾ ਸ਼ੁੱਭ ਆਰੰਭ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਸ੍ਰੀ ਲੋਕ ਨਾਥ ਆਂਗਰਾ ਨੇ ਝੰਡੀ ਦੇ ਕੇ ਕੀਤਾ।
ਰੈਲੀ ਨੂੰ ਰਵਾਨਾ ਕਰਨ ਤਂੋ ਪਹਿਲਾਂ ਇਕੱਤਰ ਹੋਈਆਂ ਸਮੂਹ ਸੰਗਤਾਂ ਤੇ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਆਂਗਰਾ ਨੇ ਕਿਹਾ ਕਿ ਪੂਰੇ ਸੰਸਾਰ ਅਤੇ ਵਿਸ਼ੇਸ਼ ਕਰਕੇ ਭਾਰਤ ਵਿੱਚ ਵੱਖ-ਵੱਖ ਧਰਮਾਂ, ਜਾਤਾਂ, ਭਾਸ਼ਾਵਾਂ ਅਤੇ ਖੇਤਰਾਂ ਦੇ ਨਾਂਅ 'ਤੇ ਅਫਰਾ-ਤਫਰੀ ਫੈਲੀ ਹੋਈ ਹੈ। ਉਹਨਾਂ ਕਿਹਾ ਕਿ ਅਜਿਹੀਆਂ ਅਮਨ ਯਾਤਰਾਵਾਂ ਜੋ ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦੇ ਸਕਣ ਦਾ ਆਯੋਜਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਇਸ ਰੈਲੀ ਦੇ ਆਯੋਜਨ ਕਰਨ ਵਾਸਤੇ ਅੰਮ੍ਰਿਤਸਰ ਡਾਇਓਸਿਸ ਦੇ ਬਿਸ਼ਪ ਪਰਦੀਪ ਕੁਮਾਰ ਸਾਮੰਤਾਰਾਏ ਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯਕੀਨਨ ਇਹ ਇੱਕ ਉਸਾਰੂ ਕਾਰਜ ਹੈ, ਜਿਸ ਤੋਂ ਬਾਕੀ ਧਾਰਮਿਕ ਆਗੂਆਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਬਿਸ਼ਪ ਪਰਦੀਪ ਕੁਮਾਰ ਸਾਮੰਤਾਰਾਏ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮੰਤਵ ਦੇਸ਼ ਵਾਸੀਆਂ ਨੂੰ ਧਰਮਾਂ ਅਤੇ ਜਾਤਾਂ ਦੀਆ ਸੌੜੀਆਂ ਦੀਵਾਰਾਂ ਤਂੋ ਉਪਰ ਉੱਠ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਮਿਲ-ਜੁਲ ਕੇ ਕਾਰਜ ਕਰਨ ਵਾਸਤੇ ਸੰਦੇਸ਼ ਦੇਣਾ ਹੈ। ਅੰਮ੍ਰਿਤਸਰ ਡਾਇਓਸਿਸ ਦੇ ਪ੍ਰਾਪਰਟੀ ਮੈਨੇਜਰ ਅਤੇ ਸੋਸ਼ਿਓ ਇਕਨੋਮਿਕ ਡਿਵੈਲਪਮੈਂਟ ਪ੍ਰੋਗਰਾਮ ਦੇ ਡਾਇਰੈਕਟਰ ਡੈਨੀਅਲ ਬੀ.ਦਾਸ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਜਿਥੇ ਨੌਜਵਾਨ ਵਰਗ ਨੂੰ ਨਸ਼ੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ, ਉਥੇ ਉਹਨਾਂ ਨੂੰ ਨਵੇਂ ਸਮਾਜ ਦੀ ਸਿਰਜਣਾ ਵਾਸਤੇ ਉਸਾਰੂ ਭੂਮਿਕਾ ਨਿਭਾਉਣ ਦੀ ਸਿੱਖਿਆ ਵੀ ਪ੍ਰਦਾਨ ਕਰਦੇ ਹਨ।
ਬਾਰਡਰ ਸਕਿਉਰਟੀ ਫੋਰਸ ਦੇ ਕਮਾਡਂੈਟ ਸ੍ਰੀ ਸਤੀਸ਼ ਕੁਮਾਰ ਨੇ ਕਿਹਾ ਕਿ ਬਾਰਡਰ ਸਕਿਉਰਟੀ ਫੋਰਸ ਜਿਥੇ ਦੇਸ਼ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਸਮਰਪਿੱਤ ਹੈ, ਉਥੇ ਅਜਿਹੇ ਪ੍ਰੋਗਰਾਮਾਂ ਨੂੰ ਵੀ ਹਮੇਸ਼ਾ ਹੀ ਉਤਸ਼ਾਹਿਤ ਕਰਦੀ ਹੈ। ਅਜਿਹੇ ਪ੍ਰੋਗਰਾਮਾਂ ਵਿੱਚ ਉਹ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਵਚਨਬੱੱਧ ਹਨ।
ਪਾਦਰੀ ਅਯੂਬ ਡੈਨੀਅਲ ਨੇ ਰੈਲੀ ਦੀ ਸਫਲਤਾ ਅਤੇ ਸੁਰੱਖਿਆ ਵਾਸਤੇ ਪ੍ਰਾਰਥਨਾ ਕੀਤੀ। ਇਸ ਰੈਲੀ ਵਿੱਚ 55 ਮੋਟਰ ਸਾਈਕਲ ਸਵਾਰਾਂ ਨੇ ਭਾਗ ਲਿਆ, ਜਿਸ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਛਤੀਸਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮੋਟਰ ਸਾਈਕਲ ਸਵਾਰ ਸ਼ਾਮਲ ਸਨ, ਜੋ ਜਲੰਧਰ, ਲੁਧਿਆਣਾ, ਚੰਡੀਗੜ੍ਹ, ਦਿੱਲੀ, ਆਗਰਾ, ਤੋ ਹੁੰਦੀ ਹੋਈ ਜੈਪੁਰ ਪਹੁੰਚੇਗੀ ਅਤੇ ਵਾਪਸੀ 'ਤੇ ਸ਼ਿਮਲਾ ਤਂੋ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇਗੀ।