ਅਖਿਲੇਸ਼ ਵੱਲੋਂ 8 ਮੰਤਰੀ ਬਰਖਾਸਤ; ਰਾਜਾ ਭਈਆ ਸਮੇਤ ਕਈਆਂ ਦੇ ਵਿਭਾਗ ਵਾਪਸ ਲਏ

ਪਾਰਟੀ ਦਾ ਅਕਸ ਖਰਾਬ ਕਰਨ ਵਾਲੇ ਆਗੂਆਂ ਤੋਂ ਪਾਸਾ ਵੱਟਣ ਅਤੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਮੰਤਰੀ ਮੰਡਲ 'ਚ ਫੇਰ-ਬਦਲ ਕੀਤਾ ਹੈ। ਰਾਜਪਾਲ ਰਾਮ ਨਾਇਕ ਨੇ ਮੁੱਖ ਮੰਤਰੀ ਦੀ ਸਲਾਹ 'ਤੇ 5 ਕੈਬਨਿਟ ਅਤੇ 3 ਰਾਜ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਸਾਫ਼ ਸੁਥਰੇ ਅਕਸ ਦੇ ਨਾਂਅ 'ਤੇ ਵੋਟਾਂ ਮਿਲੀਆਂ ਸਨ ਅਤੇ ਇਸ ਅਕਸ ਨੂੰ ਬਣਾਈ ਰੱਖਣਾ ਜ਼ਰੂਰੀ ਹੈ।
ਰਾਜਪਾਲ ਨੇ ਮੁੱਖ ਮੰਤਰੀ ਦੀ ਸਿਫ਼ਾਰਸ਼ 'ਤੇ ਕੈਬਨਿਟ ਮੰਤਰੀਆਂ ਰਾਜਾ ਮਹੇਂਦਰ ਅਰਿਦਮਨ ਸਿੰਘ, ਅੰਬਿਕਾ ਚੌਧਰੀ, ਸ਼ਿਵ ਕੁਮਾਰ ਬੇਰੀਆ, ਨਾਰਦਰਾਏ, ਸ਼ਿਵਾਕਾਂਤ ਉਝਾ, ਆਲੋਕ ਕੁਮਾਰ ਸ਼ਾਕਿਆ, ਯੋਗੇਸ਼ ਪ੍ਰਤਾਪ ਸਿੰਘ, ਅਜ਼ਾਦ ਚਾਰਜ ਵਾਲੇ ਰਾਜ ਮੰਤਰੀ ਭਾਗਵਤ ਸ਼ਰਣ ਗੰਗਵਾਰ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਹੈ। ਰਾਜਪਾਲ ਨੇ ਇਹਨਾਂ ਸਾਰੇ ਮੰਤਰੀਆਂ ਦੇ ਵਿਭਾਗ ਮੁੱਖ ਮੰਤਰੀ ਨੂੰ ਅਲਾਟ ਕਰ ਦਿੱਤੇ ਹਨ। ਰਾਜਪਾਲ ਨੇ ਕੁਝ ਮੰਤਰੀਆਂ ਅਹਿਮਦ ਹਸਨ, ਅਵਧੇਸ਼ ਪ੍ਰਸਾਦ, ਪਾਰਸ ਨਾਥ ਯਾਦਵ, ਰਾਮ ਗੋਬਿੰਦ ਚੌਧਰੀ, ਦੁਰਗਾ ਪ੍ਰਸਾਦ ਯਾਦਵ, ਬ੍ਰਹਮ ਸ਼ੰਕਰ ਤ੍ਰਿਪਾਠੀ, ਰਘੁਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ, ਇਕਬਾਲ ਮਹਿਮੂਦ ਅਤੇ ਮਹਿਬੂਬ ਅਲੀ ਤੋਂ ਉਨ੍ਹਾ ਦੇ ਵਿਭਾਗ ਵਾਪਸ ਲੈ ਲਏ ਹਨ ਅਤੇ ਉਹ ਸਾਰੇ ਬਿਨਾਂ ਵਿਭਾਗ ਤੋਂ ਮੰਤਰੀ ਬਣੇ ਰਹਿਣਗੇ। ਸ੍ਰੀ ਨਾਇਕ ਵੱਲੋਂ 31 ਅਕਤੂਬਰ ਰਾਜ ਭਵਨ 'ਚ ਸਵੇਰੇ 10.30 ਵਜੇ ਇੱਕ ਸਮਾਰੋਹ 'ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।