Latest News
ਫਸਲਾਂ ਦੇ ਮੰਡੀਕਰਨ ਦਾ ਬਿਹਤਰ ਪ੍ਰਬੰਧ ਹੋਵੇ : ਗਿੱਲ
By ਜਲੰਧਰ (ਇਕਬਾਲ ਉੱਭੀ)

Published on 31 Oct, 2015 12:07 PM.

ਪੰਜਾਬ ਦੀ ਖੇਤੀਬਾੜੀ ਦੀ ਹਾਲਤ ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਕਰਨ 'ਤੇ ਮਜਬੂਰ ਹੋ ਰਹੇ ਹਨ। ਇਸੇ ਤਰ੍ਹਾਂ ਸਨਅਤਕਾਰਾਂ ਦੀ ਆਰਥਿਕ ਹਾਲਤ ਵੀ ਮਾੜੀ ਹੋਣ ਕਾਰਨ ਬਹੁਤ ਸਾਰੀਆਂ ਮਿੱਲਾਂ ਅਤੇ ਫੈਕਟਰੀਆਂ ਬੰਦ ਹੋ ਰਹੀਆਂ ਹਨ। ਪੰਜਾਬ ਦੇ ਖੇਤੀ ਸੰਕਟ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਫਸਲਾਂ ਦਾ ਯੋਗ ਮੁੱਲ ਨਹੀਂ ਮਿਲ ਰਿਹਾ। ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੋਣ ਵਾਲੇ ਖਰਾਬੇ ਲਈ ਵੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਯੋਗ ਵਿਵਸਥਾ ਨਹੀਂ ਹੈ। ਇਸ ਕਾਰਨ ਕਿਸਾਨ ਕਰਜ਼ਾਈ ਹੋ ਗਏ ਹਨ। ਯੋਗ ਸਨਅਤੀ ਨੀਤੀ ਨਾ ਹੋਣ ਕਾਰਨ ਸਨਅਤਕਾਰ ਵੀ ਬੈਂਕਾਂ ਦੇ ਕਰਜ਼ਾਈ ਹੋਣ ਕਰਕੇ ਮਿੱਲਾਂ ਬੰਦ ਕਰ ਗਏ ਹਨ। ਸੋ ਪੰਜਾਬ ਦੀ ਆਰਥਿਕ ਬਹਾਲੀ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਜਿੱਥੇ ਕਦੇ ਪੰਜਾਬ ਸਾਰੇ ਦੇਸ਼ ਦਾ ਅੰਨਦਾਤਾ ਸੀ, ਅੱਜ ਮੰਦਹਾਲੀ ਵਿੱਚ ਫਸਣ ਕਰਕੇ ਬਹੁਤ ਪੱਛੜ ਗਿਆ ਹੈ। ਇਹ ਵਿਚਾਰ ਅੱਜ ਇੱਥੇ 'ਪੰਜਾਬ ਦਿਵਸ' 'ਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਵਿਖੇ 'ਪੰਜਾਬ ਦੀ ਖੇਤੀਬਾੜੀ ਦਾ ਸੰਕਟ ਤੇ ਉਸ ਦਾ ਹੱਲ' ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਆਏ ਪ੍ਰਸਿੱਧ ਅਰਥ- ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਦੌਰਾਨ ਪ੍ਰਗਟਾਏ। ਉਨ੍ਹਾ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਇਹ ਹੈ ਕਿ ਖੇਤੀ ਲਈ ਸਰਕਾਰ ਢੁਕਵੀਂ ਨੀਤੀ ਬਣਾਏ। ਫਸਲਾਂ ਵਿੱਚ ਵਿਭਿੰਨਤਾ ਲਿਆਂਦੀ ਜਾਵੇ। ਜਿਹੜੇ ਕਿਸਾਨ ਕੁਦਰਤੀ ਖੇਤੀ ਦਾ ਤਜਰਬਾ ਕਰਦੇ ਹਨ, ਉਨ੍ਹਾਂ ਦੀ ਕਾਮਯਾਬੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਮਾਨਤਾ ਦੇ ਕੇ ਸਰਕਾਰ ਉੁਨ੍ਹਾਂ ਲਈ ਸਰਟੀਫਿਕੇਟ ਜਾਰੀ ਕਰੇ। ਇਸ ਲਈ ਖੇਤੀਬਾੜੀ ਯੂਨੀਵਰਸਿਟੀ ਨੂੰ ਵੱਖਰਾ ਵਿਭਾਗ ਖੋਲ੍ਹਣਾ ਚਾਹੀਦਾ ਹੈ।
ਪੰਜਾਬੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਪ੍ਰੋ. ਪਿਆਰਾ ਸਿੰਘ ਭੋਗਲ ਨੇ ਵਿਦਿਆਰਥੀਆਂ ਨੂੰ ਹਰ ਮੈਦਾਨ ਵਿੱਚ ਅੱਗੇ ਆਉਣ ਲਈ ਪ੍ਰੇਰਿਆ ਅਤੇ ਪੰਜਾਬ ਦੀ ਭਾਸ਼ਾਈ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਮੰਚ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਭਾਵੇਂ ਅਸੀਂ 15 ਅਗਸਤ 1947 ਨੂੰ ਆਜ਼ਾਦ ਤਾਂ ਹੋ ਗਏ ਸੀ, ਪਰ ਭਾਸ਼ਾਈ ਗੁਲਾਮੀ ਤੋਂ ਅਜੇ ਵੀ ਆਜ਼ਾਦ ਨਹੀਂ ਹੋਏ। ਸਾਡੇ 'ਤੇ ਬੇਲੋੜੀ ਅੰਗਰੇਜ਼ੀ ਠੋਸੀ ਜਾ ਰਹੀ ਹੈ। ਉਨ੍ਹਾ ਭਾਸ਼ਾ ਦੇ ਅਧਾਰ 'ਤੇ ਸੂਬਿਆਂ ਦੀ ਹੋਈ ਵੰਡ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬੀ ਸੂਬਾ ਬਣਾਉਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਇਸ ਲਈ ਹੋਏ ਅੰਦੋਲਨ ਦੌਰਾਨ ਲੱਗਭੱਗ 43 ਪੰਜਾਬੀ ਸ਼ਹੀਦ ਹੇਏ ਤੇ ਹਜ਼ਾਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਪਰ ਪ੍ਰਸ਼ਾਸਨ, ਸਿੱਖਿਆ ਤੇ ਅਦਾਲਤਾਂ ਵਿੱਚ ਮਾਂ-ਬੋਲੀ ਪੰਜਾਬੀ ਅਜੇ ਤੱਕ ਲਾਗੂ ਨਹੀਂ ਹੋਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਡਾ. ਸੁੱਚਾ ਸਿੰਘ ਗਿੱਲ, ਡਾ. ਸ਼ਰਨਜੀਤ ਸਿੰਘ ਢਿੱਲੋਂ, ਪ੍ਰੋ. ਪਿਆਰਾ ਸਿੰਘ ਭੋਗਲ ਤੇ ਸ੍ਰੀ ਸਤਨਾਮ ਮਾਣਕ ਦਾ ਸਵਾਗਤ ਕੀਤਾ ਅਤੇ ਦੇਸ਼ ਦੇ ਅਜੋਕੇ ਘਟਨਾਕ੍ਰਮ ਪ੍ਰਤੀ ਵੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ।

835 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper