ਸੀਰੀਆ 'ਚ ਹਵਾਈ ਹਮਲਿਆਂ 'ਚ 91 ਹਲਾਕ

ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜਲੇ ਇੱਕ ਕਸਬੇ ਦੀ ਮਾਰਕੀਟ ਵਿੱਚ ਸੀਰੀਆਈ ਫ਼ੌਜਾਂ ਵੱਲੋਂ ਮਿਜ਼ਾਇਲਾਂ ਸੁੱਟੇ ਜਾਣ ਨਾਲ 17 ਬੱਚਿਆਂ ਸਮੇਤ ਘੱਟੋ-ਘੱਟ 91 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਸੀਰੀਆ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਦੱਸਿਆ ਹੈ ਕਿ ਸਰਕਾਰੀ ਫ਼ੌਜਾਂ ਨੇ ਡੂਮਾ ਕਸਬੇ ਦੀ ਮਾਰਕੀਟ ਉੱਪਰ 12 ਮਿਜ਼ਾਇਲਾਂ ਦਾਗ਼ੀਆਂ। ਡੂਮਾ ਸ਼ਹਿਰ ਪਿਛਲੇ ਕਈ ਮਹੀਨਿਆਂ ਤੋਂ ਭਾਰੀ ਬੰਬਾਰੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਲੀਪੋ ਸ਼ਹਿਰ 'ਤੇ ਲੜਾਕੂ ਜਹਾਜ਼ਾਂ ਵੱਲੋਂ ਸੁੱਟੀਆਂ ਗਈਆਂ ਮਿਜ਼ਾਇਲਾਂ ਨਾਲ ਵੀਹ ਵਿਅਕਤੀ ਮਾਰੇ ਗਏ। ਫੇਸਬੁੱਕ ਪੇਜ 'ਤੇ ਪਾਈ ਗਈ ਇੱਕ ਤਸਵੀਰ ਵਿੱਚ ਖ਼ੂਨ ਨਾਲ ਲੱਥਪੱਥ ਦਰਜਨਾਂ ਲਾਸ਼ਾਂ ਦਿਖਾਈਆਂ ਗਈਆਂ ਹਨ। ਮਨੁੱਖੀ ਅਧਿਕਾਰ ਸੰਸਥਾ ਨੇ ਟਵੀਟਰ 'ਤੇ ਕਿਹਾ ਹੈ ਕਿ ਜਦੋਂ ਦੁਨੀਆ ਭਰ ਦੇ ਲੀਡਰ ਸੀਰੀਆ ਵਿੱਚ ਅਮਨ ਲਈ ਵਿਆਨਾ ਵਿੱਚ ਗੱਲਬਾਤ ਕਰ ਰਹੇ ਹਨ ਤਾਂ ਉਸ ਵੇਲੇ ਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਚਾਰ ਸਾਲਾਂ ਤੋਂ ਚੱਲ ਰਹੀ ਘਰੇਲੂ ਜੰਗ ਕਾਰਨ ਸੀਰੀਆ ਵਿੱਚ ਢਾਈ ਲੱਖ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਹੋਰ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਕੱਲ੍ਹ ਵਿਆਨਾ ਵਿੱਚ ਅਮਨ ਵਾਰਤ ਬਾਰੇ ਹੋਈ ਗੱਲਬਾਤ 'ਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਪਹਿਲੀ ਵਾਰ ਹਿੱਸਾ ਲਿਆ।