ਵਿਕਾਸ ਲਈ ਏਕਤਾ ਤੇ ਸ਼ਾਂਤੀ ਪਹਿਲੀ ਸ਼ਰਤ : ਮੋਦੀ

ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਪਟੇਲ ਦਾ ਜਨਮ ਦਿਨ ਅੱਜ ਵੱਖ-ਵੱਖ ਥਾਈਂ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਵੱਲਭ ਭਾਈ ਪਟੇਲ ਨੂੰ ਦੇਸ਼ ਦੇ ਏਕਾਕਰਨ ਲਈ ਨਿਭਾਈ ਗਈ ਭੂਮਿਕਾ ਲਈ ਯਾਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਨਵੀਂ ਦਿੱਲੀ ਦੇ ਪਾਰਲੀਮੈਂਟ ਸਟਰੀਟ ਸਥਿਤ ਸਰਦਾਰ ਪਟੇਲ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਜੀਬ ਜੰਗ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੈਬਨਿਟ ਮੰਤਰੀ ਵੈਂਕੱਈਆ ਨਾਇਡੂ ਅਤੇ ਮਿਨਾਕਸ਼ੀ ਲੇਖੀ ਵੀ ਮੌਜੂਦ ਸਨ। ਰਾਜਪੱਥ ਵਿਖੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਇੱਕ ਊਰਜਾ, ਤਾਕਤ ਅਤੇ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ। ਉਨ੍ਹਾਂ ਕਿਹਾ ਕਿ ਲੋਹ ਪੁਰਸ਼ ਦਾ ਨਾਂਅ ਸੁਣਦਿਆਂ ਹੀ ਸਰਦਾਰ ਵੱਲਭ ਭਾਈ ਪਟੇਲ ਚੇਤੇ ਆ ਜਾਂਦਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਵੱਲੋਂ ਦੇਸ਼ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੂੰ ਯਾਦ ਰੱਖਣਾ ਨੌਜਵਾਨ ਪੀੜ੍ਹੀ ਦਾ ਫ਼ਰਜ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਭਾਰਤ-ਸ੍ਰੇਸ਼ਠ ਭਾਰਤ ਨਾਂਅ ਦੀ ਇੱਕ ਯੋਜਨਾ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਦੇਸ਼ ਨੂੰ ਸੱਭਿਆਚਾਰ ਨਾਲ ਜੋੜਨਾ ਹੈ। ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ 'ਤੇ ਲਿਜਾਣ ਲਈ ਏਕਤਾ, ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਪਹਿਲੀ ਸ਼ਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਭਾਵੇਂ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ਲਈ ਕਈ ਲੋਕ ਸਿਹਰਾ ਲੈਣ ਦਾ ਦਾਅਵਾ ਕਰਦੇ ਹਨ, ਪਰ ਸਰਦਾਰ ਪਟੇਲ ਨੇ 1930 ਵਿੱਚ ਅਹਿਮਦਾਬਾਦ ਦੇ ਮੇਅਰ ਹੁੰਦਿਆਂ ਨਗਰ ਨਿਗਮ ਵਿੱਚ ਮਹਿਲਾਵਾਂ ਨੂੰ ਪੰਜਾਹ ਫ਼ੀਸਦੀ ਰਾਖਵਾਂਕਰਨ ਦੇਣ ਦੀ ਤਜਵੀਜ਼ ਰੱਖੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਕਾਰਨ ਲੇਖਕਾਂ, ਕਲਾਕਾਰਾਂ ਅਤੇ ਵਿਗਿਆਨੀਆਂ ਵੱਲੋਂ ਪੁਰਸਕਾਰ ਵਾਪਸ ਕੀਤੇ ਜਾਣ ਦੀ ਪਿੱਠ ਭੂਮੀ 'ਚ ਕਿਹਾ ਕਿ ਏਕਤਾ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਰਿਆਂ ਨੂੰ ਏਕਤਾ ਤੇ ਸ਼ਾਂਤੀ ਨਾਲ ਅੱਗੇ ਵਧਣਾ ਚਾਹੀਦਾ ਹੈ।