ਇੰਦਰਾ ਗਾਂਧੀ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ

ਰਾਸ਼ਟਰ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਉਨ੍ਹਾਂ ਦੀ 31ਵੀਂ ਬਰਸੀ ਮੌਕੇ ਯਾਦ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਸ਼ਕਤੀ ਸਥਲ ਵਿਖੇ ਮੁੱਖ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਇਸ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਇੱਕ ਸਰਬ ਧਰਮ ਸਭਾ ਵੀ ਰੱਖੀ ਗਈ। ਇਸ ਮੌਕੇ ਇੰਦਰਾ ਗਾਂਧੀ ਦਾ ਰਿਕਾਰਡ ਕੀਤਾ ਗਿਆ ਭਾਸ਼ਣ ਵੀ ਸੁਣਾਇਆ ਗਿਆ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀਆਂ ਦੇਣ ਲਈ ਰਾਜਪੱਥ ਵਿਖੇ ਰੱਖੇ ਗਏ ਸਮਾਗਮ ਦੀ ਸ਼ੁਰੂਆਤ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਦੇਸ਼ ਖ਼ਾਤਰ ਕੁਰਬਾਨੀ ਦਿੱਤੀ ਸੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖੇ ਗਏ ਸ਼ਰਧਾਂਜਲੀ ਸਮਾਗਮਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰਾਸ਼ਟਰ ਨਿਰਮਾਣ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ 'ਚ ਮੋਤੀ ਲਾਲ ਵੋਰਾ, ਅਹਿਮਦ ਪਟੇਲ, ਅਸ਼ੋਕ ਗਹਿਲੋਤ ਅਤੇ ਬਰਖਾ ਸਿੰਘ ਵੀ ਸ਼ਾਮਲ ਸਨ। ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਉਨ੍ਹਾ ਦੇ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ ਸੀ।