ਸਾਨੂੰ 'ਮਹਾਂਵੀਰ ਚੱਕਰ' ਦੇਣ ਲਈ ਪਾਕਿ ਦਾ ਸ਼ੁਕਰੀਆ : ਸ਼ਿਵ ਸੈਨਾ

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ 'ਸਾਮਨਾ' 'ਚ ਪਾਕਿਸਤਾਨੀ ਸਰਕਾਰ ਅਤੇ ਉਥੋਂ ਦੀ ਮੁੱਖ ਵਿਰੋਧੀ ਪਾਰਟੀ ਪੀ ਪੀ ਪੀ ਵੱਲੋਂ ਸ਼ਿਵ ਸੈਨਾ ਨੂੰ ਅੱਤਵਾਦੀ ਜਥੇਬੰਦੀ ਐਲਾਣਨ ਦੀ ਮੰਗ 'ਤੇ ਤਣਜ ਕੱਸੀ ਹੈ।
ਸਾਮਨਾ 'ਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਨੇ ਸਾਨੂੰ ਆਪਣਾ ਦੁਸ਼ਮਣ ਮੰਨਿਆ ਹੈ, ਇਸ ਦੇ ਲਈ ਉਸ ਦਾ ਸ਼ੁਕਰੀਆ। ਇਸ ਦੇ ਨਾਲ ਹੀ ਪਾਰਟੀ ਦਾ ਅਖ਼ਬਾਰ ਕਹਿੰਦਾ ਹੈ ਕਿ ਉਨ੍ਹਾਂ ਦੀ ਜਾਂਬਾਜ਼ੀ ਦੇ ਚਲਦਿਆਂ ਹੀ ਪਾਕਿਸਤਾਨ ਨੇ ਉਨ੍ਹਾਂ ਨੂੰ 'ਮਹਾਂਵੀਰ ਚੱਕਰ' ਦਿੱਤਾ ਹੈ।
ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਦੇਸ਼ 'ਚ ਪਾਕਿਸਤਾਨੀਆਂ ਨੂੰ ਰੋਕਣ ਦੀ ਹਿੰਮਤ ਸਿਰਫ਼ ਸ਼ਿਵ ਸੈਨਾ ਕੋਲ ਹੀ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਮਾਣ ਹੈ।
ਪਾਰਟੀ ਨੂੰ ਆਪਣੇ ਉਨ੍ਹਾਂ ਵਰਕਰਾਂ 'ਤੇ ਮਾਣ ਹੈ, ਜਿਨ੍ਹਾਂ ਨੇ ਗੁਲਾਮ ਅਲੀ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ 'ਚ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਕਿਸੇ ਵੀ ਸਹਿਯੋਗੀ ਪਾਰਟੀ ਨੇ ਭਾਵੇਂ ਪਾਕਿਸਤਾਨ ਨੂੰ ਲੈ ਕੇ ਆਪਣੀ ਮਾਨਸਿਕਤਾ ਬਦਲ ਲਈ ਹੈ, ਪ੍ਰੰਤੂ ਸ਼ਿਵ ਸੈਨਾ ਇਸ 'ਤੇ ਪਹਿਲਾਂ ਵਾਂਗੂੰ ਕਾਇਮ ਹੈ।
ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਹੀ ਡਰ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਨਾਲ ਗੱਲਬਾਤ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੇ ਸਾਬਕਾ ਮੰਤਰੀ ਕਸੂਰੀ ਖ਼ਿਲਾਫ਼ ਵੀ ਆਪਣਾ ਗੁੱਸਾ ਜ਼ਾਹਰ ਕੀਤਾ।
ਸ਼ਿਵ ਸੈਨਾ ਨੇ ਉਨ੍ਹਾਂ ਆਗੂਆਂ ਅਤੇ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਹੈ, ਜੋ ਸ਼ਿਵ ਸੈਨਾ ਦੀਆਂ ਇਨ੍ਹਾਂ ਹਰਕਤਾਂ ਨੂੰ ਗਲਤ ਦੱਸਦੇ ਥੱਕਦੇ ਨਹੀਂ।
ਜੋ ਲੋਕ ਉਨ੍ਹਾਂ ਨੂੰ ਗਲਤ ਦੱਸ ਰਹੇ ਹਨ, ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਉਹ ਮਸੂਦ ਅਜ਼ਹਰ, ਦਾਊਦ ਇਬਰਾਹੀਮ, ਹਾਫ਼ਿਜ਼ ਸਈਦ ਵਰਗੇ ਲੋਕਾਂ ਨੂੰ ਸੰਤ ਦੀ ਉਪਾਧੀ ਤੱਕ ਦੇ ਦੇਣ। ਭਲਕੇ ਹੋ ਸਕਦਾ ਹੈ ਕਿ ਉਹ ਭਾਰਤੀ ਜਵਾਨਾਂ ਨੂੰ ਅੱਤਵਾਦੀ ਦੱਸ ਕੇ ਭਾਰਤੀ ਫ਼ੌਜ 'ਤੇ ਵੀ ਪਾਬੰਦੀ ਲਾਉਣ ਦੀ ਮੰਗ ਕਰਨ ਲੱਗ ਪੈਣ।