ਭਾਜਪਾ ਆਗੂਆਂ ਨੇ ਸ਼ਾਹਰੁਖ ਬਾਰੇ ਅਸਹਿਣਸ਼ੀਲਤਾ ਦੀਆਂ ਹੱਦਾਂ ਟੱਪੀਆਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਉੱਘੇ ਫਿਲਮੀ ਅਦਾਕਾਰ ਸ਼ਾਹਰੁਖ ਖਾਨ ਵੱਲੋਂ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਇੱਕ ਇੰਟਰਵਿਊ ਵਿੱਚ ਟਿੱਪਣੀ ਨੂੰ ਲੈ ਕੇ ਅਸਹਿਣਸ਼ੀਲਤਾ ਬਾਰੇ ਦੇਸ਼ ਵਿੱਚ ਚੱਲ ਰਹੀ ਚਰਚਾ ਵਿਚ ਇਕ ਵਾਰ ਫਿਰ ਤੂਫਾਨ ਆ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਸ਼ਾਹਰੁਖ 'ਤੇ ਤਿੱਖੇ ਹਮਲੇ ਕਰਦਿਆਂ ਉਸ ਨੂੰ ਪਾਕਿਸਤਾਨੀ ਆਖਣ ਤੱਕ ਚਲੇ ਗਏ ਹਨ, ਉਥੇ ਸ਼ਾਹਰੁਖ ਨੂੰ ਵੱਡੇ ਪੱਧਰ 'ਤੇ ਸਮੱਰਥਨ ਵੀ ਮਿਲਿਆ ਹੈ। ਇਹ ਸਮੱਰਥਨ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ, ਉੱਘੇ ਅਦਾਕਾਰ ਅਨੂਪਮ ਖੇਰ ਵੱਲੋਂ ਵੀ ਆਇਆ ਹੈ, ਜਿਸ ਨੇ ਭਾਜਪਾ ਆਗੂਆਂ ਨੂੰ 'ਬਕਵਾਸ ਬੰਦ ਕਰਨ' ਲਈ ਵੀ ਆਖ ਦਿੱਤਾ ਹੈ।
ਫਿਲਮੀ ਅਦਾਕਾਰ ਸ਼ਾਹਰੁਖ ਖਾਨ ਬਾਰੇ ਖੜੇ ਕੀਤੇ ਵਿਵਾਦ ਦਰਮਿਆਨ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਕੁਝ ਨਰਮ ਪਏ ਨਜ਼ਰ ਆਏ ਹਨ, ਪਰ ਭਾਜਪਾ ਦੇ ਇੱਕ ਹੋਰ ਆਗੂ ਯੋਗੀ ਅਦਿੱਤਿਆ ਨਾਥ ਨੇ ਸ਼ਾਹਰੁਖ ਖਾਨ ਦੀ ਤੁਲਨਾ ਖਤਰਨਾਕ ਅੱਤਵਾਦੀ ਹਾਫਿਜ਼ ਸਈਦ ਨਾਲ ਕਰਕੇ ਇਕ ਤਰ੍ਹਾਂ ਬਖੇੜਾ ਖੜਾ ਕਰ ਦਿੱਤਾ ਹੈ।
ਭਾਜਪਾ ਸਾਂਸਦ ਅਦਿੱਤਿਆ ਨਾਥ ਨੇ ਕਿਹਾ ਕਿ ਸ਼ਾਹਰੁਖ ਖਾਨ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਹਿੰਦੂ ਉਸ ਦੀਆਂ ਫਿਲਮਾਂ ਨਾ ਦੇਖਣ ਤਾਂ ਉਹਨਾਂ ਨੂੰ ਆਮ ਮੁਸਲਮਾਨਾਂ ਵਾਂਗ ਸੜਕਾਂ 'ਤੇ ਟਹਿਲਣਾ ਪਵੇਗਾ। ਏਥੇ ਹੀ ਬੱਸ ਨਹੀਂ, ਯੋਗੀ ਨੇ ਕਿਹਾ ਕਿ ਸ਼ਾਹਰੁਖ ਅਤੇ ਅੱਤਵਾਦੀ ਹਾਫਿਜ਼ ਸਈਦ ਦੇ ਬਿਆਨ ਇੱਕੋ ਜਿਹੇ ਹਨ। ਯੋਗੀ ਦੇ ਬਿਆਨ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਕਈ ਸਿਆਸਤਦਾਨ ਅਤੇ ਫਿਲਮੀ ਅਦਾਕਾਰ ਇਸ ਮਾਮਲੇ 'ਚ ਕੁੱਦ ਪਏ ਹਨ। ਸ਼ਾਹਰੁਖ ਖਾਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦੇਸ਼ 'ਚ ਅਸਹਿਣਸ਼ੀਲਤ ਦਾ ਮਾਹੌਲ ਹੈ। ਇਸ ਤੋਂ ਬਾਅਦ ਭਾਜਪਾ ਦੇ ਆਗੂਆਂ ਨੇ ਉਹਨਾ ਨੂੰ ਦੇਸ਼ ਧ੍ਰੋਹੀ ਕਿਹਾ ਸੀ। ਸ਼ਾਹਰੁਖ ਬਾਰੇ ਵਿਵਾਦਿਤ ਬਿਆਨ ਦੇ ਕੇ ਕਸੂਤੇ ਫਸੇ ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੇਵਰਗੀਆ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ। ਵਿਜੇਵਰਗੀਆ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹਨਾ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਹਾਲਾਂਕਿ ਵਿਜੇ ਵਰਗੀਆ ਨੇ ਸ਼ਾਹਰੁਖ ਖਾਨ ਬਾਰੇ ਕੀਤੇ ਗਏ ਟਵੀਟ ਆਪਣੇ ਟਵਿਟਰ ਅਕਾਊਂਟ ਤੋਂ ਹਟਾਏ ਨਹੀਂ ਹਨ। ਭਾਜਪਾ ਦੇ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਵਿਜੇਵਰਗੀਆ ਨੇ ਅਸਹਿਣਸ਼ੀਲ ਬਾਰੇ ਸ਼ਾਹਰੁਖ ਦੇ ਬਿਆਨ ਤੋਂ ਬਾਅਦ ਬੇਹੱਦ ਸਖਤ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਨ।
ਕੈਲਾਸ਼ ਨੇ ਕਿਹਾ ਕਿ ਜੇ ਭਾਰਤ 'ਚ ਅਸਹਿਣਸ਼ੀਲਤਾ ਹੁੰਦੀ ਤਾਂ ਅਮਿਤਾਬ ਤੋਂ ਬਾਅਦ ਸਭ ਤੋਂ ਵੱਧ ਹਰਮਨ ਪਿਆਰਤਾ ਸ਼ਾਹਰੁਖ ਖਾਨ ਨੂੰ ਨਾ ਮਿਲਦੀ। ਵਿਜੇਵਰਗੀਆ ਨੇ ਕਿਹਾ ਕਿ ਕੁਝ ਲੋਕਾਂ ਨੇ ਉਹਨਾ ਦੇ ਬਿਆਨ ਦਾ ਗਲਤ ਅਰਥ ਕੱਢਿਆ ਹੈ। ਉਹਨਾ ਕਿਹਾ ਕਿ ਉਹਨਾ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਉਹ ਆਪਣਾ ਕੱਲ੍ਹ ਦਾ ਟਵੀਟ ਵਾਪਸ ਲੈਂਦੇ ਹਨ।
ਵਿਵਾਦ ਦੇ ਵੱਧ ਜਾਣ ਤੋਂ ਬਾਅਦ ਭਾਜਪਾ ਨੇ ਕੈਲਾਸ਼ ਤੋਂ ਦੂਰੀ ਬਣਾ ਲਈ ਹੈ। ਭਾਜਪਾ ਨੇ ਕਿਹਾ ਹੈ ਕਿ ਇਹ ਕੈਲਾਸ਼ ਦੀ ਦਿਲੀ ਰਾਇ ਹੋ ਸਕਦੀ ਹੈ ਅਤੇ ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਸੇ ਦੌਰਾਨ ਅਸਹਿਣਸ਼ੀਲਤਾ ਦੇ ਮਾਮਲੇ 'ਤੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੋਰਚਾ ਸੰਭਾਲ ਰਹੇ ਅਦਾਕਾਰ ਅਨੁਪਮ ਖੇਰ ਹੁਣ ਭਾਜਪਾ ਆਗੂਆਂ ਨੂੰ ਪੈ ਨਿਕਲੇ ਹਨ।
ਅਨੁਪਮ ਖੇਰ ਨੇ ਭਾਜਪਾ ਆਗੂਆਂ ਵੱਲੋਂ ਅਦਾਕਾਰ ਸ਼ਾਹਰੁਖ ਖਾਨ ਬਾਰੇ ਕੀਤੀ ਜਾ ਰਹੀ ਵਿਵਾਦਗ੍ਰਸਤ ਬਿਆਨਬਾਜ਼ੀ ਸੰਬੰਧੀ ਕਿਹਾ ਹੈ ਕਿ ਭਾਜਪਾ ਦੇ ਕੁਝ ਆਗੂਆਂ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਦੀ ਜ਼ਰੂਰਤ ਹੈ। ਉਨ੍ਹਾ ਟਵੀਟ ਕਰਕੇ ਕਿਹਾ ਹੈ ਕਿ ਭਾਜਪਾ ਆਗੂਆਂ ਨੂੰ ਸ਼ਾਹਰੁਖ ਬਾਰੇ ਬਕਵਾਸ ਬੰਦ ਕਰਨੀ ਚਾਹੀਦਾ ਹੈ।
ਅਨੁਪਮ ਖੇਰ ਨੇ ਲਿਖਿਆ ਹੈ ਕਿ ਸ਼ਾਹਰੁਖ ਸਾਰਿਆਂ ਦੇ ਆਦਰਸ਼ ਹਨ ਅਤੇ ਸਾਰਿਆਂ ਨੂੰ ਉਹਨਾਂ ਉੱਪਰ ਮਾਣ ਹੈ, ਹਾਲਾਂਕਿ ਇਸ ਗੁੱਸੇ 'ਚ ਵੀ ਉਹਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਬਚਾਅ ਕੀਤਾ ਹੈ। ਉਨ੍ਹਾ ਕਿਹਾ ਕਿ ਹਰ ਪਾਰਟੀ 'ਚ ਕੁਝ ਮਾੜੇ ਤੱਤ ਹੁੰਦੇ ਹਨ, ਕਿਉਂਕਿ ਇਸ ਲਈ ਉਹ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਇਰਾਦਿਆਂ ਬਾਰੇ ਆਪਣੇ ਰਾਇ ਨਹੀਂ ਬਣਾ ਸਕਦੇ। ਅਨੁਪਮ ਖੇਰ ਦਾ ਗੁੱਸਾ ਭਾਜਪਾ ਆਗੂ ਕੈਲਾਸ਼ ਅਤੇ ਯੋਗੀ ਅਦਿੱਤਿਆ ਨਾਥ ਦੇ ਵਿਵਾਦਗ੍ਰਸਤ ਬਿਆਨਾਂ ਤੋਂ ਬਾਅਦ ਫੁੱਟਿਆ ਹੈ। ਅਦਿੱਤਿਆ ਨੇ ਕਿਹਾ ਹੈ ਕਿ ਕੁਝ ਕਥਿਤ ਲੇਖਕ ਤੇ ਕਲਾਕਾਰ ਜਿਸ ਤਰ੍ਹਾਂ ਭਾਰਤ ਵਿਰੁੱਧ ਸੁਰ ਉਠਾ ਰਹੇ ਹਨ, ਮੰਦਭਾਗੀ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਵਰਗੇ ਲੋਕਾਂ ਦੀ ਸੁਰ ਵੀ ਉਹਨਾ ਲੋਕਾਂ ਦੇ ਸੁਰ ਨਾਲ ਮਿਲ ਰਹੀ ਹੈ। ਉਨ੍ਹਾਂ ਏਥੋਂ ਤੱਕ ਕਹਿ ਦਿੱਤਾ ਕਿ ਸ਼ਾਹਰੁਖ ਖਾਨ ਅਤੇ ਹਾਫਿਜ਼ ਸਈਦ ਦੀ ਭਾਸ਼ਾ 'ਚ ਕੋਈ ਫਰਕ ਨਹੀਂ ਹੈ ਅਤੇ ਜੇ ਹਿੰਦੂ ਫਿਲਮਾਂ ਨਾ ਦੇਖਣ ਤਾਂ ਸ਼ਾਹਰੁਖ ਸੜਕ 'ਤੇ ਆ ਜਾਣਗੇ।