ਛੋਟਾ ਰਾਜਨ ਘਰ ਆਇਆ, ਹੇ ਰਾਮ ਜੀ!

ਛੋਟਾ ਰਾਜਨ ਇੱਕ ਅਪਰਾਧੀ ਹੈ। ਉਸ ਨੂੰ ਇੰਡੋਨੇਸ਼ੀਆ ਵਿੱਚ ਫੜਿਆ ਗਿਆ ਤੇ ਫਿਰ ਬਾਕਾਇਦਾ ਤੈਅ ਪ੍ਰਕਿਰਿਆ ਦੇ ਅਧੀਨ ਅੱਜ ਤੜਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਇਹ ਇੱਕ ਕਾਮਯਾਬੀ ਹੈ। ਜਿਹੜੇ ਕਿਸੇ ਅਧਿਕਾਰੀ ਨੇ ਇਸ ਵਿੱਚ ਕੋਈ ਛੋਟੀ ਜਾਂ ਵੱਡੀ ਭੂਮਿਕਾ ਨਿਭਾਈ ਹੈ, ਉਸ ਨੂੰ ਇਸ ਦੀ ਸ਼ਾਬਾਸ਼ ਦੇਣ ਤੋਂ ਕਿਸੇ ਨੂੰ ਕੋਈ ਹਰਜ ਨਹੀਂ ਹੋਣ ਚਾਹੀਦਾ। ਮਾੜੀ ਗੱਲ ਸਿਰਫ਼ ਇਹ ਹੈ ਕਿ ਉਸ ਨੂੰ ਹੀਰੋ ਬਣਾਇਆ ਜਾ ਰਿਹਾ ਹੈ।
ਅਸੀਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦੇ ਕਿ ਉਸ ਨੂੰ ਫੜਿਆ ਗਿਆ ਜਾਂ ਉਸ ਨੇ ਆਤਮ ਸਮੱਰਪਣ ਕੀਤਾ ਹੈ, ਏਨੀ ਗੱਲ ਹੀ ਕਾਫ਼ੀ ਹੈ ਕਿ ਉਹ ਹੁਣ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਕੋਲ ਹੈ। ਇਸ ਗ੍ਰਿਫਤਾਰੀ ਨੂੰ ਜਦੋਂ ਕੁਝ ਲੋਕ ਬੜਾ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ ਤਾਂ ਦੂਸਰੇ ਇਹ ਕਿੰਤੂ ਕਰਦੇ ਹਨ ਕਿ ਆਸਟਰੇਲੀਆ ਤੋਂ ਜਿੱਦਾਂ ਦੀ ਸੂਚਨਾ ਉਡਾਣ ਤੇ ਸੀਟ ਨੰਬਰ ਤੱਕ ਬਾਰੇ ਦਿੱਤੀ ਗਈ, ਉਸ ਦੇ ਬਾਅਦ ਇੰਡੋਨੇਸ਼ੀਅਨ ਪੁਲਸ ਨੂੰ ਉਸ ਦੀ ਗ੍ਰਿਫਤਾਰੀ ਪਾਉਣੀ ਹੀ ਪੈਣੀ ਸੀ। ਇੰਡੋਨੇਸ਼ੀਆ ਦੀ ਪੁਲਸ ਨਾਲ ਉਸ ਦੀ ਸਾਂਝ ਪੁਰਾਣੀ ਹੈ। ਇਸ ਕਰ ਕੇ ਇਹ ਡਰ ਕਾਇਮ ਸੀ ਕਿ ਓਥੋਂ ਉਸ ਨੂੰ ਭੱਜਣ ਦਾ ਰਾਹ ਦਿੱਤਾ ਜਾ ਸਕਦਾ ਹੈ, ਪਰ ਇਸ ਵਾਰ ਜਿਵੇਂ ਸੰਸਾਰ ਭਰ ਵਿੱਚ ਇਸ ਤਰ੍ਹਾਂ ਦੀ ਫਰਾਰੀ ਦੇ ਸ਼ੱਕ ਦੀ ਚਰਚਾ ਹੋਈ ਸੀ, ਇੰਡੋਨੇਸ਼ੀਅਨ ਪੁਲਸ ਉਸ ਨੂੰ ਕੋਈ ਰਾਹ ਦੇਣ ਵਾਲਾ ਰਿਸਕ ਨਹੀਂ ਸੀ ਲੈ ਸਕਦੀ। ਹੁਣ ਉਨ੍ਹਾਂ ਨੇ ਛੋਟਾ ਰਾਜਨ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ।
ਕੁਝ ਚੈਨਲਾਂ ਤੋਂ ਇਹ ਖ਼ਬਰ ਚੱਲ ਰਹੀ ਹੈ ਜਾਂ ਚਲਵਾਈ ਜਾਂਦੀ ਹੈ ਕਿ ਦਾਊਦ ਇਬਰਾਹੀਮ ਜਿਵੇਂ ਸਾਡੇ ਦੇਸ਼ ਨਾਲ ਦੁਸ਼ਮਣੀ ਦੀ ਸਿਖ਼ਰ ਵਾਲਾ ਅਪਰਾਧੀ ਹੈ, ਛੋਟਾ ਰਾਜਨ ਉਸ ਤੋਂ ਉਲਟ ਭਾਰਤ ਦੇ ਹਿੱਤਾਂ ਲਈ ਕੰਮ ਕਰ ਰਿਹਾ ਸੀ। ਇਸ ਤਰ੍ਹਾਂ ਹੁਣ ਛੋਟਾ ਰਾਜਨ ਨੂੰ ਇੱਕ ਮਾਫੀਆ ਵਿਰੋਧੀ ਯੋਧੇ ਵਜੋਂ ਪੇਸ਼ ਕੀਤਾ ਜਾਣ ਦੇ ਯਤਨ ਹੋ ਰਹੇ ਜਾਪਦੇ ਹਨ। ਉਸ ਦਾ ਪਿਛੋਕੜ ਵੀ ਭੁਲਾਇਆ ਜਾ ਰਿਹਾ ਹੈ। ਕਦੇ ਉਹ ਅਪਰਾਧ ਜਗਤ ਅੰਦਰ ਕਤਲਾਂ ਸਮੇਤ ਬਹੁਤ ਸਾਰੇ ਸੰਗੀਨ ਜੁਰਮਾਂ ਲਈ ਬਦਨਾਮ ਸੀ। ਉਹ ਦਾਊਦ ਦਾ ਸੱਜਾ ਹੱਥ ਸੀ। ਫਿਰ ਦਾਊਦ ਨਾਲ ਉਸ ਦਾ ਵਿਗਾੜ ਕੁਝ ਨਿੱਜੀ ਗੱਲਾਂ ਕਰ ਕੇ ਪਿਆ ਸੀ। ਪ੍ਰਚਾਰ ਇਹ ਕੀਤਾ ਜਾਂਦਾ ਰਿਹਾ ਕਿ ਮੁੰਬਈ ਵਿੱਚ ਦਾਊਦ ਨੇ ਜਦੋਂ ਬੰਬ ਧਮਾਕੇ ਕੀਤੇ ਸਨ ਤਾਂ ਛੋਟਾ ਰਾਜਨ ਇਸ ਗੱਲੋਂ ਭੜਕ ਉੱਠਿਆ ਸੀ ਤੇ ਦੋਵਾਂ ਦੇ ਰਾਹ ਓਦੋਂ ਵੱਖ-ਵੱਖ ਹੋ ਗਏ ਸਨ, ਪਰ ਇਹ ਗੱਲ ਸਾਰੀ ਠੀਕ ਨਹੀਂ। ਸਿਰਫ਼ ਏਨੀ ਠੀਕ ਹੈ ਕਿ ਦੋਵਾਂ ਦਾ ਨਿਖੇੜਾ ਮੁੰਬਈ ਵਿੱਚ ਹੋਏ ਧਮਾਕਿਆਂ ਦੇ ਬਾਅਦ ਹੋਇਆ ਸੀ, ਪਰ ਰਾਹ ਵੱਖੋ-ਵੱਖ ਹੋਣ ਦਾ ਕੰਮ ਪਹਿਲਾਂ ਸ਼ੁਰੂ ਹੋ ਗਿਆ ਸੀ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਦਾਊਦ ਆਪਣੇ ਕਿਸੇ ਵੀ ਨੇੜਲੇ ਲਫਟੈਣ ਨੂੰ ਏਨਾ ਨਹੀਂ ਸੀ ਉੱਭਰਨ ਦੇਂਦਾ ਕਿ ਉਹ ਕਦੇ ਦਾਊਦ ਦੀ ਥਾਂ ਲੈਣ ਬਾਰੇ ਸੋਚ ਸਕੇ। ਜਦੋਂ ਕੋਈ ਉੱਭਰਦਾ ਜਾਪਦਾ ਤਾਂ ਦਾਊਦ ਮਰਵਾ ਦੇਂਦਾ ਸੀ। ਇਸ ਖੇਡ ਦੀ ਜਦੋਂ ਛੋਟਾ ਰਾਜਨ ਨੂੰ ਸਮਝ ਆਈ ਤਾਂ ਉਸ ਨੇ ਜਾਨ ਬਚਾਉਣ ਲਈ ਵਿੱਥ ਪਾਉਣੀ ਸ਼ੁਰੂ ਕੀਤੀ ਸੀ।
ਸਾਰਾ ਰਿਕਾਰਡ ਇਹ ਦੱਸਦਾ ਹੈ ਕਿ ਛੋਟਾ ਰਾਜਨ ਕੋਈ ਭਾਰਤ ਮਾਤਾ ਦਾ ਲਾਲ ਨਹੀਂ, ਅਪਰਾਧ ਜਗਤ ਵਿੱਚ ਸ਼ਾਮਲ ਹੋਣ ਵਾਲੇ ਆਮ ਜਿਹੇ ਗੁੰਡਿਆਂ ਵਰਗਾ ਗੁੰਡਾ ਹੈ। ਆਪਣੀਆਂ ਲੋੜਾਂ ਲਈ ਉਹ ਇੱਕ ਸਮੇਂ ਭਾਰਤ ਦੀਆਂ ਕੁਝ ਏਜੰਸੀਆਂ ਦੇ ਨੇੜੇ ਗਿਣਿਆ ਜਾਣ ਲੱਗਾ ਸੀ ਤਾਂ ਜਦੋਂ ਉਸ ਦਾ ਤਾਲਮੇਲ ਵਧਦਾ ਵੇਖਿਆ, ਉਸ ਦੀ ਨੇੜਤਾ ਨੂੰ ਸਾਬੋਤਾਜ ਕਰਨ ਦਾ ਕੰਮ ਵੀ ਪੁਲਸ ਦੇ ਅੰਦਰੋਂ ਹੋਇਆ ਸੀ। ਇਸ ਤੋਂ ਇਹ ਵੀ ਸਪੱਸ਼ਟ ਸਮਝ ਪੈ ਜਾਂਦੀ ਹੈ ਕਿ ਭਾਰਤ ਦੀਆਂ ਸੂਹੀਆ ਤੇ ਸੁਰੱਖਿਆ ਏਜੰਸੀਆਂ ਦੇ ਅੰਦਰ ਇਹੋ ਜਿਹੇ ਕਈ ਤੱਤ ਸਰਗਰਮ ਹਨ, ਜਿਹੜੇ ਕਦੇ ਦਾਊਦ ਅਤੇ ਕਦੇ ਕਿਸੇ ਹੋਰ ਲਈ ਕੰਮ ਕਰਦੇ ਹਨ। ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ।
ਇੰਡੋਨੇਸ਼ੀਆ ਤੋਂ ਭਾਰਤ ਲਿਆਂਦੇ ਜਾਣ ਵੇਲੇ ਸੁਣਿਆ ਗਿਆ ਹੈ ਕਿ ਛੋਟਾ ਰਾਜਨ ਨੇ ਕਿਹਾ ਸੀ ਕਿ ਉਸ ਨੂੰ ਮੁੰਬਈ ਪੁਲਸ ਦੇ ਹਵਾਲੇ ਨਾ ਕੀਤਾ ਜਾਵੇ, ਕਿਉਂਕਿ ਓਥੇ ਦਾਊਦ ਦੇ ਸੈੱਲ ਕਾਫ਼ੀ ਹੋਣ ਕਰ ਕੇ ਉਸ ਦੀ ਜਾਨ ਨੂੰ ਖ਼ਤਰਾ ਹੈ। ਅਜਿਹੀ ਹਾਲਤ ਵਿੱਚ ਉਸ ਨੂੰ ਦਿੱਲੀ ਰੱਖਿਆ ਜਾਣਾ ਠੀਕ ਹੈ। ਛੋਟਾ ਰਾਜਨ ਕੌਮਾਂਤਰੀ ਪੱਧਰ ਦਾ ਅਪਰਾਧੀ ਹੈ, ਉਸ ਦੇ ਕੇਸ ਮੁੰਬਈ ਦੀ ਪੁਲਸ ਕੋਲ ਨਹੀਂ ਰਹਿਣੇ ਚਾਹੀਦੇ ਅਤੇ ਉਸ ਤੋਂ ਲੈ ਕੇ ਠੀਕ ਕੀਤਾ ਹੈ, ਪਰ ਇਹ ਕੇਸ ਹੁਣ ਸੀ ਬੀ ਆਈ ਨੂੰ ਦੇਣੇ ਵੀ ਠੀਕ ਨਹੀਂ, ਅੰਤਰ-ਰਾਸ਼ਟਰੀ ਅਪਰਾਧੀ ਦੇ ਕੇਸ ਇਸ ਮਕਸਦ ਲਈ ਬਣੀ ਹੋਈ ਐੱਨ ਆਈ ਏ ਕੋਲ ਭੇਜ ਦੇਣੇ ਠੀਕ ਰਹਿਣੇ ਸਨ। ਏਦਾਂ ਨਹੀਂ ਕੀਤਾ ਗਿਆ। ਕਮਾਲ ਦੀ ਗੱਲ ਇਹ ਵੀ ਹੈ ਕਿ ਇਸ ਵਿਅਕਤੀ ਬਾਰੇ ਹਰ ਗੱਲ ਸਿੱਧੀ ਮੀਡੀਆ ਚੈਨਲਾਂ ਉੱਤੇ ਕ੍ਰਿਕਟ ਦੀ ਲਾਈਵ ਕੁਮੈਂਟਰੀ ਦੇ ਵਾਂਗ ਪੇਸ਼ ਹੋਈ ਜਾਂਦੀ ਹੈ। ਇਹ ਤਾਂ ਤਮਾਸ਼ਾ ਜਿਹਾ ਹੀ ਬਣਿਆ ਪਿਆ ਜਾਪਦਾ ਹੈ।
ਛੋਟਾ ਰਾਜਨ ਦਾ ਦਾਊਦ ਨਾਲ ਵਿਰੋਧ ਆਪਣੀ ਥਾਂ, ਕਿਸੇ ਮੋੜ ਉੱਤੇ ਉਸ ਨੇ ਕਿਸੇ ਸੁਰੱਖਿਆ ਏਜੰਸੀ ਦੇ ਨਾਲ ਤਾਲਮੇਲ ਕੀਤਾ ਹੋਵੇ ਤਾਂ ਉਹ ਵੀ ਆਪਣੀ ਥਾਂ, ਪਰ ਉਸ ਦੀ ਭਾਰਤ ਵਿੱਚ ਪਹੁੰਚ ਦਾ ਜਿਵੇਂ ਸਵਾਗਤ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ, ਉਹ ਠੀਕ ਨਹੀਂ ਕਿਹਾ ਜਾ ਸਕਦਾ। ਦੇਸ਼ ਦਾ ਕਾਨੂੰਨ ਕਿਸੇ ਵੀ ਵਿਅਕਤੀ ਮੂਹਰੇ ਛੋਟਾ ਨਹੀਂ ਬਣਾ ਦੇਣਾ ਚਾਹੀਦਾ। ਇਹ ਗ਼ਲਤ ਪਿਰਤ ਜੇ ਇੱਕ ਵਾਰ ਪਾ ਦਿੱਤੀ ਗਈ, ਫਿਰ ਗਲੋਂ ਨਹੀਂ ਲੱਥ ਸਕੇਗੀ। ਮੁਜਰਮਾਂ ਨੂੰ ਵਡਿਆਉਣ ਦਾ ਲਾਭ ਨਹੀਂ ਹੋਇਆ ਕਰਦਾ। ਫੂਲਾਂ ਦੇਵੀ ਨੂੰ ਬਹੁਤਾ ਵਡਿਆਏ ਜਾਣ ਨਾਲ ਉਸ ਪਿੱਛੋਂ ਡਾਕੂ ਬਣਨੇ ਬੰਦ ਨਹੀਂ ਸਨ ਹੋਏ। ਛੋਟਾ ਰਾਜਨ ਨਾਲ ਉਸ ਦੀ ਔਕਾਤ ਮੁਤਾਬਕ ਵਿਹਾਰ ਹੋਣਾ ਚਾਹੀਦਾ ਹੈ। ਐਵੇਂ ਇਸ ਗੱਲ ਲਈ ਇੱਕ ਜਸ਼ਨ ਵਾਲਾ ਪ੍ਰਭਾਵ ਦਿੱਤਾ ਭਾਰਤ ਵਰਗੇ ਦੇਸ਼ ਦੇ ਅਕਸ ਨੂੰ ਖ਼ਰਾਬ ਕਰਨ ਦਾ ਕਾਰਨ ਵੀ ਬਣ ਸਕਦਾ ਹੈ। ਦੇਸ਼ ਦੇ ਅਕਸ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।