ਬਨਾਰਸ 'ਚ ਮਨਾਵਾਂਗਾ ਜਿੱਤ ਦਾ ਜਸ਼ਨ : ਲਾਲੂ

ਪਟਨਾ (ਨਵਾਂ ਜ਼ਮਾਨਾ ਸਰਵਿਸ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਬਿਹਾਰ ਚੋਣਾਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਬਨਾਰਸ 'ਚ ਰੈਲੀ ਕਰਨਗੇ ਅਤੇ ਉਥੋਂ ਦੀ ਜਨਤਾ ਨੂੰ ਪੁੱਛਣਗੇ ਕਿ ਕੀ ਬਨਾਰਸ ਦਾ ਕਯੋਟੋ ਸ਼ਹਿਰ ਵਾਂਗ ਵਿਕਾਸ ਹੋਇਆ ਹੈ ਅਤੇ ਗੰਗਾ ਜੀ ਨੇ ਮੋਦੀ ਨੂੰ ਕਿਉ ਸੱਦਿਆ। ਆਪਣੀ ਰੈਲੀ ਦੀ ਯੋਜਨਾ ਦਾ ਖੁਲਾਸਾ ਕਰ ਰਹੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਯੋਜਨਾ ਦਾ ਆਖਰੀ ਖਾਕਾ ਤਿਆਰ ਕਰਨ ਤੋਂ ਪਹਿਲਾਂ ਉਹ ਚੋਣ ਨਤੀਜੇ ਦੀ ਉਡੀਕ ਕਰਨਗੇ, ਪਰ ਬਨਾਰਸ 'ਚ ਇੱਕ ਰੈਲੀ ਮੇਰਾ ਵਾਅਦਾ ਹੈ ਅਤੇ ਉਸ ਮਗਰੋਂ ਮੈਂ ਪੂਰੇ ਦੇਸ਼ ਦਾ ਦੌਰਾ ਕਰਾਂਗਾ। ਉਨ੍ਹਾ ਕਿਹਾ ਕਿ ਬਨਾਰਸ ਮਗਰੋਂ ਅਗਲੀ ਰੈਲੀ ਕੋਲਕਾਤਾ 'ਚ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਾਂ ਉਸ ਵੇਲੇ ਹਾਰ ਮੰਨ ਲਈ ਸੀ, ਜਦੋਂ ਉਨ੍ਹਾ ਕਿਹਾ ਸੀ ਕਿ ਬਿਹਾਰ ਚੋਣਾਂ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ, ਪਰ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਲਾਲੂ ਨੇ ਕਿਹਾ ਕਿ ਬਿਹਾਰ 'ਚ ਮੋਦੀ ਦਾ ਸਫ਼ਾਇਆ ਹੋ ਗਿਆ ਹੈ ਅਤੇ ਭਾਜਪਾ ਪੂਰੀ ਤਰ੍ਹਾਂ ਕੋਮਾ ਦੀ ਸਥਿਤੀ 'ਚ ਹੈ ਅਤੇ ਉਸ ਦੇ ਸਾਰੇ ਆਗੂ ਆਈ ਸੀ ਯੂ 'ਚ ਹਨ ਅਤੇ ਮੈਂ ਅਰਾਮ 'ਚ ਹਾਂ। ਲਾਲੂ ਯਾਦਵ ਨੇ ਕਿਹਾ ਵਿਧਾਨ ਸਭਾ ਚੋਣਾਂ 'ਚ ਮਹਾਂ ਗੱਠਜੋੜ ਨੂੰ 190 ਤੋਂ ਵੱਧ ਸੀਟਾਂ ਮਿਲਣਗੀਆਂ, ਕਿਉਂਕਿ ਗੱਠਜੋੜ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾ ਕਿਹਾ ਕਿ ਸਾਰੇ ਵਰਗਾਂ ਦੇ ਨਾਲ-ਨਾਲ ਆਰਥਿਕ ਤੌਰ 'ਤੇ ਪੱਛੜੇ ਲੋਕਾਂ, ਦਲਿਤਾਂ ਅਤੇ ਘੱਟ ਗਿਣਤੀਆਂ ਨੇ ਮਹਾਂ-ਗੱਠਜੋੜ ਦੇ ਪੱਖ 'ਚ ਵੋਟਾਂ ਪਾਈਆਂ ਹਨ।