Latest News
ਭਾਜਪਾ ਲਈ ਪੀੜ੍ਹੀ ਹੇਠ ਸੋਟਾ ਫੇਰਨ ਦਾ ਮੌਕਾ

Published on 08 Nov, 2015 11:21 AM.

ਫ਼ਿਲਮ ਸਟਾਰ ਅਨੁਪਮ ਖੇਰ ਅਤੇ ਉਸ ਨਾਲ ਜੁੜੇ ਕੁਝ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਮੱਰਥਨ ਪੇਸ਼ ਕਰਨ ਵਾਲਾ ਸਹਿਣਸ਼ੀਲਤਾ ਮਾਰਚ ਦਿੱਲੀ ਵਿੱਚ ਕੱਢਣ ਤੋਂ ਚੌਵੀ ਘੰਟਿਆਂ ਦੇ ਅੰਦਰ ਬਿਹਾਰ ਦੇ ਚੋਣ ਨਤੀਜੇ ਆ ਗਏ ਤੇ ਲੋਕਾਂ ਨੇ ਅਨੁਪਮ ਐਂਡ ਕੰਪਨੀ ਦੇ ਢੰਡੋਰੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਿਹਾਰ ਦੇ ਚੋਣ ਨਤੀਜਿਆਂ ਦੌਰਾਨ ਇੱਕ ਬੀਬੀ ਵੱਲੋਂ ਕੀਤੀ ਗਈ ਇਹ ਟਿੱਪਣੀ ਭਾਵ ਪੂਰਤ ਹੈ ਕਿ ਇਹ ਨਤੀਜੇ ਕਿਸੇ ਵੀ ਹੋਰ ਨਾਲੋਂ ਵੱਧ ਇਸ ਗੱਲੋਂ ਅਹਿਮ ਹਨ ਕਿ ਭਾਜਪਾ ਦੇ ਸਭ ਤੋਂ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਲਈ ਇੱਕ 'ਬਰਥ ਡੇਅ ਗਿਫਟ'’ਵਜੋਂ ਪੇਸ਼ ਹੋਏ ਹਨ। ਇਸ ਦਾ ਇੱਕ ਕਾਰਨ ਇਹ ਕਿ ਅਡਵਾਨੀ ਨੂੰ ਉਸੇ ਮੋਦੀ ਨੇ ਇੱਕ ਤਰ੍ਹਾਂ ਨਾਲ ਖੂੰਜੇ ਲਾ ਦਿੱਤਾ ਸੀ, ਜਿਸ ਨੂੰ ਉਨ੍ਹਾ ਨੇ ਆਪ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅੱਗੇ ਕੀਤਾ ਤੇ ਫਿਰ ਗੁਜਰਾਤ ਦੇ ਦੰਗਿਆਂ ਪਿੱਛੋਂ ਸਾਰੇ ਪਾਸਿਆਂ ਦੀ ਚਾਂਦਮਾਰੀ ਤੋਂ ਬਚਾਉਣ ਲਈ ਸਰਪ੍ਰਸਤ ਦੇ ਤੌਰ ਉੱਤੇ ਭੂਮਿਕਾ ਨਿਭਾਈ ਹੋਈ ਸੀ। ਜਿਹੜੇ ਸਹਿਣਸ਼ੀਲਤਾ ਦੇ ਘਾਟ ਦੇ ਮੁੱਦੇ ਤੋਂ ਹੁਣ ਰੌਲਾ ਪੈ ਰਿਹਾ ਹੈ ਅਤੇ ਬਿਹਾਰ ਚੋਣਾਂ ਦੌਰਾਨ ਵੀ ਸਾਹਿਤਕਾਰਾਂ ਅਤੇ ਫ਼ਿਲਮਕਾਰਾਂ ਦੇ ਐਵਾਰਡ ਵਾਪਸੀ ਦੇ ਕਾਰਨ ਬਹਿਸ ਦੇ ਇੱਕ ਵੱਡੇ ਮੁੱਦੇ ਵਜੋਂ ਉੱਭਰਿਆ ਸੀ, ਉਹ ਟਿੱਪਣੀ ਵੀ ਸਭ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਕੀਤੀ ਸੀ। ਦਿੱਲੀ ਦੀ ਇੱਕ ਸਭਾ ਵਿੱਚ ਭਾਜਪਾ ਦੇ ਵੱਡੇ ਲੀਡਰਾਂ ਸਾਹਮਣੇ ਜਦੋਂ ਅਡਵਾਨੀ ਨੇ ਇਹ ਕਿਹਾ ਸੀ ਤਾਂ ਪਾਰਟੀ ਆਗੂਆਂ ਦੀ ਇੱਕ ਵੱਡੀ ਢਾਣੀ ਇਸ ਗੱਲ ਤੋਂ ਸੜ-ਭੁੱਜ ਗਈ ਅਤੇ ਜਵਾਬੀ ਟਿੱਪਣੀਆਂ ਕਰਨ ਲੱਗ ਪਈ ਸੀ। ਬਿਹਾਰ ਵਿੱਚ ਜਿਹੜੀ ਦੁਰਗਤ ਭਾਜਪਾ ਦੀ ਹੋਈ ਹੈ, ਇਹ ਅਡਵਾਨੀ ਦੀ ਉਸ ਟਿੱਪਣੀ ਨੂੰ ਸਾਰਥਿਕ ਸਾਬਤ ਕਰਦੀ ਹੈ।
ਉਹ ਦਿਨ ਬਹੁਤ ਪਿੱਛੇ ਰਹਿ ਗਏ ਹਨ, ਜਦੋਂ ਨਰਿੰਦਰ ਮੋਦੀ ਦਾ ਭਾਰਤ ਵਿੱਚ ਡੰਕਾ ਵੱਜਾ ਸੀ ਅਤੇ ਉਹ ਤੀਹ ਸਾਲ ਬਾਅਦ ਲੋਕ ਸਭਾ ਵਿੱਚ ਬਹੁ-ਸੰਮਤੀ ਲੈਣ ਵਾਲੀ ਇੱਕੋ-ਇੱਕ ਪਾਰਟੀ ਭਾਜਪਾ ਦੇ ਤਾਕਤਵਰ ਆਗੂ ਵਜੋਂ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਾ ਸੀ। ਹੁਣ ਉਸ ਦੇ ਡੰਕੇ ਕੁਝ ਕਿਰਾਏ ਦੇ ਬੰਦਿਆਂ ਰਾਹੀਂ ਉਨ੍ਹਾਂ ਦੇਸ਼ਾਂ ਵਿੱਚ ਵੱਜਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ, ਜਿੱਥੋਂ ਤੱਕ ਭਾਰਤ ਦੀ ਹਰ ਹਕੀਕਤ ਪਹੁੰਚਦੀ ਹੀ ਨਹੀਂ।
ਪ੍ਰਧਾਨ ਮੰਤਰੀ ਮੋਦੀ ਦੇ ਅਕਸ ਨੂੰ ਪਹਿਲਾ ਖੋਰਾ ਉੱਪ-ਚੋਣਾਂ ਵਿੱਚ ਅੱਗੜ-ਪਿੱਛੜ ਹੋਈਆਂ ਭਾਜਪਾ ਦੇ ਉਮੀਦਵਾਰਾਂ ਦੀਆਂ ਹਾਰਾਂ ਤੋਂ ਲੱਗਾ ਸੀ। ਫਿਰ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਸਰਕਾਰਾਂ ਤੱਕ ਪਹੁੰਚਣ ਦੇ ਕਾਰਨ ਇਹ ਗੱਲ ਲੁਕ ਗਈ ਕਿ ਵੋਟਾਂ ਦੀ ਫ਼ੀਸਦੀ ਕਿਰਦੀ ਜਾਂਦੀ ਹੈ। ਸਭ ਤੋਂ ਵੱਡੀ ਸੱਟ ਦਿੱਲੀ ਤੋਂ ਪਈ। ਓਥੇ ਭਾਜਪਾ ਨੇ ਪਾਰਲੀਮੈਂਟ ਦੀਆਂ ਸਾਰੀਆਂ ਸੱਤੇ ਸੀਟਾਂ ਜਿੱਤੀਆਂ ਹੋਈਆਂ ਸਨ ਤੇ ਇੱਕ-ਇੱਕ ਸੀਟ ਵਿੱਚ ਵਿਧਾਨ ਸਭਾ ਦੀਆਂ ਦਸ-ਦਸ ਸੀਟਾਂ ਪੈਂਦੀਆਂ ਸਨ। ਭਾਜਪਾ ਇੱਕ ਪਾਰਲੀਮੈਂਟ ਸੀਟ ਹੇਠਲੀਆਂ ਦਸ ਸੀਟਾਂ ਦੇ ਤੱਕ ਕੀ, ਉਨ੍ਹਾਂ ਦੇ ਅੱਧ ਪੰਜਾਂ ਤੱਕ ਨਹੀਂ ਸੀ ਪਹੁੰਚ ਸਕੀ ਤੇ ਸਿਰਫ਼ ਤਿੰਨ ਸੀਟਾਂ ਜਿੱਤੀਆਂ ਸਨ। ਉਸ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਆਪਣੀ ਸੀਟ ਵੀ ਹਾਰ ਗਈ ਸੀ। ਇਹ ਮੌਕਾ ਭਾਜਪਾ ਲਈ ਨਵੇਂ ਸਿਰਿਓਂ ਸੋਚਣ ਦਾ ਸੀ। ਭਾਜਪਾ ਲੀਡਰਸ਼ਿਪ ਘੁਮੰਡ ਦੇ ਘੋੜੇ ਉੱਤੇ ਹੀ ਚੜ੍ਹੀ ਰਹੀ ਸੀ।
ਹੁਣ ਜਦੋਂ ਬਿਹਾਰ ਵਿੱਚ ਚੋਣਾਂ ਹੋਈਆਂ ਹਨ ਤਾਂ ਉਸ ਵਿੱਚ ਭਾਜਪਾ ਅਤੇ ਉਸ ਦੇ ਗੱਠਜੋੜ ਦੀ ਪਾਣੀਓਂ ਪਤਲੀ ਸਥਿਤੀ ਜ਼ਾਹਰ ਹੋ ਗਈ ਹੈ। ਉਹ ਕੁੱਲ ਜੋੜ ਕਰ ਕੇ ਆਪਣੇ ਵਿਰੋਧੀ ਮਹਾਂ-ਗੱਠਜੋੜ ਦੇ ਅੱਧ ਤੱਕ ਨਹੀਂ ਪੁੱਜ ਸਕੇ। ਹਾਰ ਹੋਣ ਲਈ ਉਹ ਸਿਰਫ਼ ਨਿਤੀਸ਼ ਅਤੇ ਲਾਲੂ ਪ੍ਰਸਾਦ ਦੇ ਗੱਠਜੋੜਾਂ ਦੀ ਵੋਟ ਇਕੱਠੀ ਹੋ ਜਾਣ ਦੀ ਦਲੀਲ ਨਾਲ ਬਚਾਅ ਨਹੀਂ ਕਰ ਸਕਦੇ। ਉਨ੍ਹਾਂ ਦੀ ਆਪਣੀ ਵੋਟਾਂ ਦੀ ਫ਼ੀਸਦੀ ਵੀ ਡਿੱਗ ਪਈ ਹੈ। ਇਸ ਦਾ ਭਾਵ ਹੈ ਕਿ ਨਰਿੰਦਰ ਮੋਦੀ ਦੇ ਜਿਹੜੇ ਅਕਸ ਦੇ ਆਸਰੇ ਭਾਜਪਾ ਆਗੂ ਅਤੇ ਉਸ ਨਾਲ ਜੁੜੇ ਸਿਆਸੀ ਪਾਰਟੀਆਂ ਦੇ ਚੌਧਰੀ ਵੱਡੀਆਂ ਆਸਾਂ ਰੱਖਦੇ ਸਨ, ਉਹ ਅਕਸ ਹੁਣ ਲੋਕਾਂ ਵਿੱਚ ਪਹਿਲਾਂ ਵਾਲਾ ਨਹੀਂ ਰਹਿ ਗਿਆ। ਲੋਕ ਉਸ ਦੀਆਂ ਫੋਕੇ ਦਮਗਜੇ ਮਾਰਨ ਅਤੇ ਹਵਾਈ ਕਿਲ੍ਹੇ ਉਸਾਰਨ ਜਾਂ ਦੂਸਰਿਆਂ ਪ੍ਰਤੀ ਘਟੀਆ ਪੱਧਰ ਦੀ ਸ਼ਬਦਾਵਲੀ ਨਾਲ ਅਵਾਜ਼ਾਰ ਹੋ ਗਏ ਹਨ। ਰਹਿੰਦੀ ਕਸਰ ਅਸਹਿਣਸ਼ੀਲਤਾ ਨਾਲ ਨਿਕਲ ਗਈ ਹੈ।
ਇਹ ਗੱਲ ਭਾਰਤ ਦੇ ਲੋਕਾਂ ਨੂੰ ਅਨੁਪਮ ਖੇਰ ਨੇ ਨਹੀਂ ਦੱਸਣੀ ਕਿ ਭਾਰਤ ਵਿੱਚ ਅਸਹਿਣਸ਼ੀਲਤਾ ਹੈ ਜਾਂ ਨਹੀਂ, ਉਹ ਆਪਣੇ ਤਜਰਬੇ ਤੋਂ ਜਾਣਦੇ ਹਨ। ਆਏ ਦਿਨ ਜਿਸ ਤਰ੍ਹਾਂ ਸਾਹਿਤਕਾਰਾਂ, ਫ਼ਿਲਮਕਾਰਾਂ ਤੇ ਕੁਝ ਹੋਰ ਵਰਗਾਂ ਦੇ ਕਲਾਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਘੱਟ-ਗਿਣਤੀ ਭਾਈਚਾਰਿਆਂ ਨੂੰ ਧਮਕਾ ਕੇ ਉਹ ਕੁਝ ਖਾਣ ਅਤੇ ਪੀਣ ਲਈ ਕਿਹਾ ਜਾ ਰਿਹਾ ਹੈ, ਜਿਹੜਾ ਇੱਕ ਖ਼ਾਸ ਸੋਚ ਵਾਲੇ ਲੋਕ ਚਾਹੁੰਦੇ ਹਨ, ਉਸ ਤੋਂ ਲੋਕ ਖੁਸ਼ ਨਹੀਂ ਸਨ। ਪ੍ਰਧਾਨ ਮੰਤਰੀ ਦੀ ਚੁੱਪ ਇਸ ਬੇਹੂਦਗੀ ਨੂੰ ਸ਼ਹਿ ਦੇਣ ਵਾਂਗ ਸੀ। ਉਹ ਆਪ ਬੋਲਦੇ ਨਹੀਂ ਸਨ ਤੇ ਹੇਠਲੀ ਧਾੜ ਹੁਣ ਦਿੱਲੀ ਵਿੱਚ ਕੇਰਲਾ ਭਵਨ ਉੱਤੇ ਪੁਲਸ ਦੇ ਗ਼ੈਰ-ਕਾਨੂੰਨੀ ਛਾਪੇ ਮਰਵਾਉਣ ਦੇ ਹਰਬੇ ਵੀ ਵਰਤਣ ਤੁਰ ਪਈ ਸੀ। ਪਾਰਟੀ ਦੇ ਸੀਨੀਅਰ ਆਗੂ ਬਦ-ਜ਼ਬਾਨੀ ਕਰਨ ਵੇਲੇ ਹੱਦਾਂ ਟੱਪ ਰਹੇ ਸਨ। ਭਾਜਪਾ ਦਾ ਕੌਮੀ ਪ੍ਰਧਾਨ ਇਹ ਗੱਲ ਕਹਿਣ ਤੱਕ ਚਲਾ ਗਿਆ ਕਿ ਜੇ ਬਿਹਾਰ ਵਿੱਚ ਭਾਜਪਾ ਵਿਰੋਧੀ ਗੱਠਜੋੜ ਜਿੱਤ ਗਿਆ ਤਾਂ ਪਾਕਿਸਤਾਨ ਵਿੱਚ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾਵੇਗੀ। ਪੈਰ-ਪੈਰ ਉੱਤੇ ਉਸ ਰਾਜ ਵਿੱਚ ਜਾ ਕੇ ਓਥੋਂ ਦੇ ਲੋਕਾਂ ਦਾ ਅਪਮਾਨ ਕੀਤਾ ਗਿਆ। ਇਸ ਲਈ ਹੁਣ ਲੋਕਾਂ ਨੇ ਭਾਜਪਾ ਲੀਡਰਸ਼ਿਪ ਨੂੰ ਸਜ਼ਾ ਦਿੱਤੀ ਹੈ।
ਬਹੁਤ ਤੇਜ਼ੀ ਨਾਲ ਅਸਮਾਨ ਵੱਲ ਚੜ੍ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁੱਡੀ ਹੁਣ ਲੱਥਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਹ ਮੌਕਾ ਭਾਜਪਾ ਲੀਡਰਸ਼ਿਪ ਵੱਲੋਂ ਪੀੜ੍ਹੀ ਹੇਠ ਸੋਟਾ ਮਾਰਨ ਦਾ ਹੈ।

895 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper