ਹਿੰਦੂ-ਮੁਸਲਿਮ ਨੂੰ ਲੜਾ ਕੇ ਚੋਣ ਨਹੀਂ ਜਿੱਤੀ ਜਾ ਸਕਦੀ : ਰਾਹੁਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਫੁੱਟ 'ਤੇ ਏਕਤਾ ਦੀ ਜਿੱਤ ਦੱਸਿਆ ਹੈ ਅਤੇ ਚੋਣਾਂ 'ਚ ਜਿੱਤ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਵਧਾਈ ਦਿੱਤੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਫੁੱਟ 'ਤੇ ਏਕਤਾ ਦੀ ਜਿੱਤ ਹੈ, ਹੰਕਾਰ 'ਤੇ ਨਿਮਰਤਾ ਦੀ ਜਿੱਤ, ਨਫ਼ਰਤ 'ਤੇ ਪਿਆਰ ਦੀ ਜਿੱਤ ਹੈ ਅਤੇ ਇਹ ਬਿਹਾਰ ਦੀ ਜਨਤਾ ਦੀ ਜਿੱਤ ਹੈ। ਉਨ੍ਹਾ ਕਿਹਾ ਕਿ ਚੋਣਾਂ 'ਚ ਹਾਰ ਐੱਨ ਡੀ ਏ ਦੀ ਨਹੀਂ, ਸਗੋਂ ਨਫ਼ਰਤ ਦੀ ਹਾਰ ਹੋਈ ਹੈ, ਕਿਉਂਕਿ ਮੋਦੀ ਦੀਆਂ ਨੀਤੀਆਂ, ਆਰ ਐੱਸ ਐੱਸ ਦੇ ਲੋਕ ਦੇਸ਼ 'ਚ ਨਫ਼ਰਤ ਫੈਲਾਉਣ ਅਤੇ ਲੋਕਾਂ 'ਚ ਵੰਡੀਆਂ ਪਾਉਣ 'ਚ ਲੱਗੇ ਹੋਏ ਹਨ। ਉਨ੍ਹਾ ਕਿਹਾ ਕਿ ਹਿੰਦੂ-ਮੁਸਲਿਮ ਨੂੰ ਲੜਾ ਕੇ ਚੋਣਾਂ 'ਚ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾ ਕਿਹਾ ਕਿ ਨਰਿੰਦਰ ਮੋਦੀ ਹੰਕਾਰ ਛੱਡਣ ਅਤੇ ਵਿਦੇਸ਼ਾਂ ਦੀ ਬਜਾਏ ਦੇਸ਼ ਦੇ ਕਿਸਾਨਾਂ ਨੂੰ ਮਿਲਣ, ਨੌਜੁਆਨਾਂ ਨੂੰ ਮਿਲਣ, ਜਿਨ੍ਹਾਂ ਨਾਲ ਉਨ੍ਹਾ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ 'ਚ ਮਹਾਂ-ਗੱਠਜੋੜ ਜੇਤੂ ਰਿਹਾ ਅਤੇ ਐੱਨ ਡੀ ਏ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਡਰਾਈਵਰ ਸੀਟ 'ਤੇ ਬੈਠੇ ਮੋਦੀ ਨੂੰ ਹੁਣ ਗੱਡੀ ਚਲਾਉਣੀ ਚਾਹੁੰਦੀ ਹੈ, ਨਹੀਂ ਤਾਂ ਲੋਕ ਉਨ੍ਹਾ ਨੂੰ ਡਰਾਈਵਰ ਸੀਟ ਤੋਂ ਲਾਹ ਦੇਣਗੇ। ਉਨ੍ਹਾ ਕਿਹਾ ਕਿ ਇੱਕ ਸਾਲ ਬੀਤ ਜਾਣ 'ਤੇ ਵੀ ਮੋਦੀ ਸਿਰਫ ਵਾਅਦੇ ਹੀ ਕਰ ਰਹੇ ਹਨ ਅਤੇ ਹੁਣ ਉਹਨਾ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਹੈ, ਪਰ ਉਹਨਾ ਦੀ ਕਾਰ ਹੀ ਸਟਾਰਟ ਨਹੀਂ ਹੋ ਰਹੀ। ਉੁਨ੍ਹਾ ਕਿਹਾ ਕਿ ਮੋਦੀ ਵਿਦੇਸ਼ ਦੌਰੇ ਤੇ ਪਾਕਿਸਤਾਨ ਬਾਰੇ ਗੱਲਾਂ ਛੱਡ ਕੇ ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜੁਆਨਾਂ ਲਈ ਕੰਮ ਕਰਨ, ਜਿਨ੍ਹਾਂ ਨੂੰ ਉਨ੍ਹਾਂ ਰੁਜ਼ਗਾਰ ਦਾ ਵਾਅਦਾ ਕੀਤਾ ਸੀ। ਉਨ੍ਹਾ ਕਿਹਾ ਕਿ ਮੋਦੀ ਨੂੰ ਬਿਹਾਰ ਚੋਣਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ, ਕਿਉਂਕਿ ਮੋਦੀ, ਭਾਜਪਾ ਅਤੇ ਸੰਘ ਦੇਸ਼ ਨੂੰ ਵੰਡ ਨਹੀਂ ਸਕਦੇ ਅਤੇ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾ ਕੇ ਚੋਣ ਨਹੀਂ ਜਿੱਤੀ ਜਾ ਸਕਦੀ।