ਫਿਰਕੂ ਜ਼ਹਿਰ ਵਿਰੁੱਧ ਖੱਬੀਆਂ ਪਾਰਟੀਆਂ ਪਹਿਲੀ ਤੋਂ ਵਿੱਢਣਗੀਆਂ ਅੰਦੋਲਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
6 ਖੱਬੀਆਂ ਪਾਰਟੀਆਂ ਦੀ ਅਜੋਏ ਭਵਨ ਵਿੱਚ ਇੱਕ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਸੀ ਪੀ ਆਈ, ਸੀ ਪੀ ਐੱਮ, ਆਰ ਐੱਸ ਪੀ, ਫਾਰਵਰਡ ਬਲਾਕ ਅਤੇ ਐੱਸ ਯੂ ਸੀ ਆਈ ਦੇ ਆਗੂਆਂ ਨੇ ਹਿੱਸਾ ਲਿਆ।
ਮੀਟਿੰਗ ਤੋਂ ਬਾਅਦ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਖੱਬੀਆਂ ਪਾਰਟੀਆਂ ਨੇ ਭਾਜਪਾ ਸਰਕਾਰ ਅਤੇ ਆਰ ਐੱਸ ਐੱਸ ਦੇਸ਼ ਅੰਦਰ ਘੋਲੀ ਜਾ ਰਹੀ ਫਿਰਕੂ ਜ਼ਹਿਰ ਵਿਰੁੱਧ ਕੌਮੀ ਪੱਧਰ 'ਤੇ ਪਹਿਲੀ ਦਸੰਬਰ ਤੋਂ 6 ਦਸੰਬਰ ਤੱਕ ਅੰਦੋਲਨ ਵਿੱਢਣਗੀਆਂ। ਖੱਬੀਆਂ ਪਾਰਟੀਆਂ ਨੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਭਾਜਪਾ ਦੀ ਸ਼ਰਮਨਾਕ ਹਾਰ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਬਿਆਨ 'ਚ ਕਿਹਾ ਗਿਆ ਹੈ ਕਿ ਖੱਬੀਆਂ ਧਿਰਾਂ ਨੇ ਏਕੇ ਨਾਲ ਤਿੰਨ ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਹੈ। ਖੱਬੀਆਂ ਪਾਰਟੀਆਂ ਨੇ ਭਾਜਪਾ ਅਤੇ ਆਰ ਐੱਸ ਐੱਸ ਦੇ ਅਸਹਿਣਸ਼ੀਲਤਾ ਅਤੇ ਫਿਰਕੂ ਹਿੰਸਾ ਵਿਰੁੱਧ ਅੰਦੋਲਨ ਵਿੱਢਣ ਵਾਲੇ ਬੁੱਧੀਜੀਵੀਆਂ, ਸਾਇੰਸਦਾਨਾਂ, ਇਤਿਹਾਸਕਾਰਾਂ ਅਤੇ ਫਿਲਮਕਾਰਾਂ ਦੀ ਸ਼ਲਾਘਾ ਕੀਤੀ ਹੈ। ਇਸ ਮੀਟਿੰਗ ਵਿੱਚ ਸੀ ਪੀ ਆਈ ਵੱਲੋਂ ਐੱਸ ਸੁਧਾਕਰ ਰੈਡੀ, ਏ ਬੀ ਬਰਧਨ, ਡੀ ਰਾਜਾ, ਸੀ ਪੀ ਆਈ ਐੱਮ ਵੱਲੋਂ ਸੀਤਾ ਰਾਮ ਯੇਚੁਰੀ, ਪ੍ਰਕਾਸ਼ ਕਰਤ, ਰਾਮਚੰਦਰਨ ਪਿੱਲੇ, ਸੀ ਪੀ ਆਈ ਐੱਮ ਐੱਲ ਵੱਲੋਂ ਦਿਪਾਂਕਰ ਭੱਟਾਚਾਰਜੀ ਅਤੇ ਸਵੱਪਨ ਮੁਖਰਜੀ, ਏ ਆਈ ਐÎਫ ਬੀ ਵੱਲੋਂ ਟੀਵਾਰੰਜਨ, ਆਰ ਐੱਸ ਪੀ ਵੱਲੋਂ ਅਬਾਨੀ ਰਾਏ ਅਤੇ ਐੱਸ ਯੂ ਸੀ ਆਈ ਵੱਲੋਂ ਕ੍ਰਿਸ਼ਨਾ ਚੱਕਰਬਰਤੀ ਅਤੇ ਪ੍ਰਾਣ ਸ਼ਰਮਾ ਨੇ ਸ਼ਿਰਕਤ ਕੀਤੀ।