ਨਾਇਨਸਾਫ਼ੀ ਵਿਰੁੱਧ ਹਿੰਦੂਆਂ ਦਾ ਸਾਥ ਦਿਆਂਗਾ : ਨਵਾਜ਼ ਸ਼ਰੀਫ਼

ਨਾਇਨਸਾਫ਼ੀ ਵਿਰੁੱਧ ਹਿੰਦੂਆਂ ਦਾ ਸਾਥ ਦਿਆਂਗਾ : ਨਵਾਜ਼ ਸ਼ਰੀਫ਼
ਕਰਾਚੀ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਹਿੰਦੂਆਂ ਨਾਲ ਨਾਇਨਸਾਫ਼ੀ ਦੀ ਸੂਰਤ 'ਚ ਉਨ੍ਹਾਂ ਨਾਲ ਖੜੇ ਹੋਣ ਦਾ ਸੰਕਲਪ ਲੈਂਦਿਆਂ ਕਿਹਾ ਕਿ ਉਹ ਅੱਤਿਆਚਾਰੀਆਂ ਵਿਰੁੱਧ ਉਨ੍ਹਾਂ ਦਾ ਸਾਥ ਦੇਣਗੇ, ਕਿਉਂਕਿ ਉਹ ਸਾਰੇ ਭਾਈਚਾਰਿਆਂ ਦੇ ਪ੍ਰਧਾਨ ਮੰਤਰੀ ਹਨ।
ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ 'ਤੇ ਵਿਸ਼ਵ ਪੱਧਰ 'ਚ ਪ੍ਰਗਟਾਈ ਜਾ ਰਹੀ ਚਿੰਤਾ ਦਰਮਿਆਨ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਜੇ ਕਿਸੇ ਹਿੰਦੂ 'ਤੇ ਜ਼ੁਲਮ ਹੁੰਦਾ ਹੈ ਅਤੇ ਜ਼ੁਲ਼ਮ ਕਰਨ ਵਾਲਾ ਮੁਸਲਮਾਨ ਹੈ ਤਾਂ ਮੈਂ ਮੁਸਲਮਾਨ ਵਿਰੁੱਧ ਕਾਰਵਾਈ ਕਰਾਂਗਾ। ਅੱਤਿਆਚਾਰੀ ਵਿਰੁੱਧ ਮੈਂ ਹਿੰਦੂਆਂ ਨਾਲ ਖੜਾ ਹੋਵਾਂਗਾ।
ਦੀਵਾਲੀ ਮੌਕੇ ਇੱਕ ਸਮਾਰੋਹ 'ਚ ਬੋਲਦਿਆਂ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਪੀੜਤ ਲੋਕਾਂ ਦੀ ਰਾਖੀ ਕਰਨਾ ਮੇਰਾ ਫ਼ਰਜ਼ ਹੈ ਭਾਵੇਂ ਤਸ਼ੱਦਦ ਕਰਨ ਵਾਲੇ ਦਾ ਜਾਤ ਜਾਂ ਮਜ਼ਹਬ ਕੁਝ ਵੀ ਹੋਵੇ।
ਉਨ੍ਹਾ ਕਿਹਾ ਕਿ ਮੇਰਾ ਮਜ਼ਹਬ ਮੈਨੂੰ ਸਿਖਾਉਂਦਾ ਹੈ ਕਿ ਕਮਜ਼ੋਰ ਦਾ ਸਾਥ ਦਿਉ। ਅਸਲ 'ਚ ਹਰੇਕ ਧਰਮ ਸਾਨੂੰ ਸਿਖਾਉਂਦਾ ਹੈ ਕਿ ਕਮਜ਼ੋਰ ਅਤੇ ਦੱਬੇ ਹੋਏ ਲੋਕਾਂ ਦਾ ਸਾਥ ਦਿਉ। ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਸਾਰਿਆਂ ਦਾ ਦੇਸ਼ ਹੈ ਅਤੇ ਮੈਂ ਸਾਰੇ ਪਾਕਿਸਤਾਨੀਆਂ ਦਾ ਪ੍ਰਧਾਨ ਮੰਤਰੀ ਹਾਂ ਅਤੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਹੜੇ ਧਰਮ ਅਤੇ ਜਾਤ ਨੂੰ ਮੰਨਦੇ ਹਨ।