ਜਥੇਦਾਰ ਦੇ ਸੰਦੇਸ਼ ਮੌਕੇ ਲਹਿਰਾਈਆਂ ਨੰਗੀਆਂ ਤਲਵਾਰਾਂ ਤੇ ਕਾਲੀਆਂ ਝੰਡੀਆਂ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਕੱਲ੍ਹ ਦੀਵਾਲੀ ਦੇ ਦਿਹਾੜੇ 'ਤੇ ਉਸ ਵੇਲੇ ਦੋ ਧਿਰਾਂ ਵਿੱਚ ਟਕਰਾਅ ਟਲ ਗਿਆ, ਜਦੋਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂਅ ਦਿੱਤੇ ਜਾਣ ਵਾਲੇ ਸੰਦੇਸ਼ ਦਾ ਵਿਰੋਧ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨੰਗੀਆਂ ਕਿਰਪਾਨਾਂ ਕੱਢ ਕੇ ਹੁੱਲੜਬਾਜ਼ੀ ਕਰਦਿਆਂ ਮਰਿਆਦਾ ਤੇ ਪਰੰਪਰਾ ਦੀ ਉਲੰਘਣਾ ਕਰਦਿਆਂ ਕਾਲੀਆਂ ਝੰਡੀਆਂ ਨਾਲ ਰੋਸ ਮੁਜ਼ਾਹਰਾ ਕੀਤਾ।
ਪਰੰਪਰਾ, ਮਰਿਆਦਾ ਤੇ ਰਵਾਇਤ ਅਨੁਸਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਹਰ ਸਾਲ ਦੀਵਾਲੀ ਵਾਲੀ ਸੰਧਿਆ ਮੌਕੇ ਰਹਿਰਾਸ ਦਾ ਪਾਠ ਆਰੰਭ ਹੋਣ ਤੋਂ ਪਹਿਲਾਂ ਕੌਮ ਦੇ ਨਾਂਅ ਸੰਦੇਸ਼ ਦਿੰਦੇ ਹਨ, ਜਿਹਨਾਂ ਵਿੱਚ ਸਾਲ ਭਰ ਵਿੱਚ ਵਾਪਰੀਆਂ ਘਟਨਾਵਾਂ ਤੇ ਉਹਨਾਂ ਦੇ ਹੱਲ ਦਾ ਜ਼ਿਕਰ ਹੁੰਦਾ ਹੈ। ਕਰੀਬ ਸਾਢੇ ਤਿੰਨ ਵਜੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਰਸ਼ਨੀ ਡਿਉੜੀ ਉਪਰ ਸੰਦੇਸ਼ ਦੇਣ ਲਈ ਪੁੱਜ ਗਏ ਅਤੇ ਸਭ ਤੋਂ ਪਹਿਲਾਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੀਵਾਲੀ ਦੀ ਧਾਰਮਿਕ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਸ ਦੇ ਰਾਜਸੀ ਪੱਖ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਕਿਹਾ ਕਿ ਬੰਦੀ ਛੋੜ ਦਿਵਸ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਤ ਹੈ ਅਤੇ ਗੁਰੂ ਸਾਹਿਬ ਤੱਤਕਾਲੀ ਬਾਦਸ਼ਾਹ ਜਹਾਂਗੀਰ ਨੂੰ ਮਨੁੱਖਤਾ ਦਾ ਪਾਠ ਪੜ੍ਹਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਇਸ ਦਿਨ ਉਹ 52 ਰਾਜਿਆਂ ਸਮੇਤ ਅ੍ਰੰਮਿਤਸਰ ਪੁੱਜੇ ਸਨ ਤੇ ਉਹਨਾਂ ਦੀ ਆਮਦ 'ਤੇ ਸੰਗਤਾਂ ਨੇ ਘਿਉ ਦੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਦੀ ਧਰਤੀ 'ਤੇ ਪੰਥ ਦੋਖੀ ਸ਼ਕਤੀਆਂ ਵੱਲੋਂ ਗੁਰੂ ਗੰ੍ਰਥ ਅਤੇ ਪੰਥ ਨੂੰ ਢਾਅ ਲਾਉਣ ਦੀਆਂ ਨਾਪਾਕ ਅਤੇ ਕੋਝੀਆਂ ਹਰਕਤਾਂ ਕਰਕੇ ਸਮੁੱਚੀ ਕੌਮ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀਆਂ ਘਟਨਾਵਾਂ ਨਾਲ ਵਿਸ਼ਵ ਵਿਚ ਫੈਲਿਆ ਸਿੱਖ ਭਾਈਚਾਰਾ ਡੂੰਘੇ ਮਾਨਸਿਕ ਸੰਤਾਪ ਵਿਚੋਂ ਗੁਜ਼ਰ ਰਿਹਾ ਹੈ। ਅਜਿਹੇ ਸ਼ਰਾਰਤੀ ਲੋਕ ਆਪਣੇ ਨਾਪਾਕ ਮਨਸੂਬਿਆਂ ਦੁਆਰਾ ਕੌਮ ਅੰਦਰ ਭਰਾ ਮਾਰੂ ਜੰਗ ਦਾ ਮਾਹੌਲ ਸਿਰਜ ਰਹੇ ਹਨ । ਦਾਨਿਸ਼ਵਰਾਂ ਦਾ ਕਥਨ ਹੈ ਕਿ ਜਦ ਕੌਮਾਂ ਦੇ ਅੰਦਰ ਭਰਾ ਮਾਰੂ ਜੰਗ ਸ਼ੁਰੂ ਹੋ ਜਾਵੇ ਤਾਂ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਰਹਿੰਦੀ। ਕੌਮਾਂ ਆਪਣੇ ਆਪ ਹੀ ਬਰਬਾਦ ਹੋ ਜਾਂਦੀਆਂ ਹਨ। ਇਸ ਲਈ ਕੌਮਾਂਤਰੀ ਪੱਧਰ 'ਤੇ ਸਿੱਖ ਭਾਈਚਾਰੇ ਨੂੰ ਅੱਜ ਅੰਦਰੋਂ ਅਤੇ ਬਾਹਰੋਂ ਸੁਚੇਤ ਹੋ ਕੇ ਅਜਿਹੇ ਅਨਸਰਾਂ ਦੀਆਂ ਸਾਜ਼ਿਸ਼ਾਂ ਨੂੰ ਪਛਾੜ ਕੇ ਕੌਮੀ ਏਕਤਾ ਅਤੇ ਸਦਭਾਵਨਾ ਦਾ ਪ੍ਰਗਟਾਵਾ ਕਰਨ ਦੀ ਸਖ਼ਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜਿਸ ਸੰਕਟਮਈ ਦੌਰ ਵਿੱਚੋਂ ਸਿੱਖ ਪੰਥ ਲੰਘ ਰਿਹਾ ਹੈ, ਉਸ ਨੂੰ ਮੱਦੇਨਜ਼ਰ ਰੱਖਦਿਆਂ ਸਿੱਖ ਕੌਮ ਨੂੰ ਆਪਸੀ ਵਿਰੋਧ ਈਰਖਾ ਤੇ ਦਵੈਤ ਦੀ ਭਾਵਨਾ ਦਾ ਤਿਆਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਜਿਉਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਸਟੇਜ ਤੋਂ ਬੋਲਣ ਲੱਗੇ ਤਾਂ ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਿਆਂ ਮੱਕੜ ਤੇ ਜਥੇਦਾਰ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਕਾਲੀਆਂ ਝੰਡੀਆਂ ਤੇ ਨੰਗੀਆਂ ਕਿਰਪਾਨਾਂ ਲਹਿਰਾਈਆਂ । ਇਸ ਸਮੇਂ ਇੱਕ ਨੌਜਵਾਨ ਨੇ ਦਰਸ਼ਨੀ ਡਿਉੜੀ 'ਤੇ ਚੜ੍ਹਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਫੜ ਲਿਆ, ਪਰ ਦਲ ਖਾਲਸਾ ਦੇ ਹਮਾਇਤੀਆਂ ਨੇ ਨੰਗੀਆਂ ਕਿਰਪਾਨਾਂ ਨਾਲ ਟਾਸਕ ਫੋਰਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਵਿੱਚ ਭਗਦੜ ਮਚ ਗਈ । ਭਾਰੀ ਗਿਣਤੀ ਵਿੱਚ ਪੁਲਸ ਸਿਵਲ ਕੱਪੜਿਆਂ ਵਿੱਚ ਮੌਜੂਦ ਸੀ, ਜਿਹੜੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਰਵਾਇਤ ਮੁਤਾਬਕ ਸੰਦੇਸ਼ ਦੇ ਕੇ ਜਦੋਂ ਉਥੋਂ ਚਲੇ ਗਏ ਤਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੀ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜ ਗਏੇ ਤੇ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ 'ਤੇ ਖੜੇ ਹੋਣ ਦੀ ਬਜਾਏ ਸਾਹਮਣੇ ਖੜ ਕੇ ਸੰਦੇਸ਼ ਪੜ੍ਹ ਦਿੱਤਾ, ਜਿਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ 'ਤੇ ਭਰਾ ਮਾਰੂ ਜੰਗ ਸ਼ੁਰੂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਤਖਤਾਂ ਦੇ ਜਥੇਦਾਰ ਅੱਜ ਆਪਣਾ ਵਿਸ਼ਵਾਸ ਖੋਹ ਬੈਠੇ ਹਨ ਤੇ ਸੰਗਤ ਨੂੰ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਜਿਸ ਕਰਕੇ 10 ਨਵੰਬਰ ਨੂੰ ਸਰਬੱਤ ਖਾਲਸਾ ਨੇ ਸੰਗਤ ਦੀ ਪ੍ਰਵਾਨਗੀ ਨਾਲ ਤਖਤਾਂ ਦੇ ਨਵੇਂ ਜਥੇਦਾਰ ਥਾਪ ਦਿੱਤੇ ਹਨ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ ਸਿੱਖ ਪੰਥ ਨੂੰ ਸਮੁੱਚੇ ਰੂਪ ਵਿੱਚ 2020 ਤੱਕ ਅੰਮ੍ਰਿਤਧਾਰੀ ਕਰਨਾ ਹੈ।
ਧਿਆਨ ਸਿੰਘ ਮੰਡ ਜਿਹਨਾਂ ਨੂੰ ਬੀਤੀ ਰਾਤ ਤਂੋ ਪੁਲਸ ਭਾਲ ਰਹੀ ਸੀ, ਜਿਉਂ ਹੀ ਸ੍ਰੀ ਦਰਬਾਰ ਸਾਹਿਬ ਵਿੱਚੋਂ ਬਾਹਰ ਨਿਕਲੇ ਤਾਂ ਸਾਥੀਆਂ ਸਮੇਤ ਉਹਨਾਂ ਨੂੰ ਲੋਹਗੜ੍ਹ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਸਤਨਾਮ ਸਿੰਘ ਮਨਾਵਾਂ ਨੂੰ ਗ੍ਰਿਫਤਾਰ ਕਰਕੇ ਧਾਰਾ 107/151 ਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ, ਜਦ ਕਿ ਸ੍ਰੀ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਅਮਰੀਕ ਸਿੰਘ ਅਜਨਾਲਾ ਨੂੰ ਬੀਤੇ ਕੱਲ੍ਹ ਤੜਕੇ ਉਹਨਾਂ ਦੇ ਘਰਾਂ ਤੇ ਡੇਰਿਆਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਾਲੀਆਂ ਝੰਡੀਆਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਲਹਿਰਾ ਕੇ ਪੰਥਕ ਰਵਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਪੰਥ ਦੋਖੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਵੱਲਂੋ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਕੁਝ ਲੋਕ ਪੰਜਾਬ ਦੇ ਮਾਹੌਲ ਨੂੰ ਆਪਣੇ ਨਿੱਜੀ ਸੁਆਰਥ ਲਈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।