ਸ਼ਰਮਨਾਕ ਹਾਰ ਦੀ ਜਵਾਬਦੇਹੀ ਤੈਅ ਹੋਵੇ : ਸ਼ਤਰੂਘਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਬਿਹਾਰ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਤੈਅ ਕਰਨ ਬਾਰੇ ਸੀਨੀਅਰ ਆਗੂ ਐਲ ਕੇ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵੱਲੋਂ ਦਿੱਤੇ ਗਏ ਬਿਆਨ ਦਾ ਸਵਾਗਤ ਕਰਦਿਆਂ ਭਾਜਪਾ ਦੇ ਸਾਂਸਦ ਨੇ ਕਿਹਾ ਹੈ ਕਿ ਜ਼ਿੰਮੇਵਾਰੀ ਤੈਅ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਆਪਣੇ ਖਾਸ ਅੰਦਾਜ਼ 'ਚ ਸ਼ਤਰੂਘਨ ਨੇ ਕਿਹਾ ਹੈ ਕਿ ਇਹ ਹੀ ਸਹੀ ਸਮਾਂ ਹੈ ਅਤੇ ਵਕਤ ਦੀ ਜ਼ਰੂਰਤ ਹੈ ਕਿ ਮਿੱਤਰਾਂ, ਦਾਰਸ਼ਨਿਕ, ਗੁਰੂਆਂ, ਮਾਰਗ ਦਰਸ਼ਕਾਂ ਦੀ ਇੱਕ ਟੀਮ ਬਣਾਈ ਜਾਵੇ, ਜੋ ਹਾਰ ਦਾ ਅਧਿਅਨ ਕਰੇ। ਅਸਲ 'ਚ ਭਾਜਪਾ ਅੰਦਰ ਰਿਲੇਅ ਦੌੜ ਸ਼ੁਰੂ ਹੋ ਗਈ ਹੈ ਅਤੇ 4 ਸੀਨੀਅਰ ਆਗੂਆਂ ਨੇ ਪਾਰਟੀ ਅੰਦਰ ਧਮਾਕਾ ਕੀਤਾ ਹੈ। ਸਿਨਹਾ ਦੀ ਇਹ ਟਿਪਣੀ ਉਸ ਸਮੇਂ ਆਈ ਹੈ, ਜਦੋਂ ਭਾਜਪਾ ਦੇ ਸੀਨੀਅਰ ਆਗੂਆਂ ਐਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸ਼ਾਂਤਾ ਕੁਮਾਰ ਅਤੇ ਯਸ਼ਵੰਤ ਸਿਨਹਾ ਨੇ ਬਿਹਾਰ ਚੋਣਾਂ ਦੀ ਹਾਰ ਨੂੰ ਲੈ ਕੇ ਮੋਦੀ ਲੀਡਰਸ਼ਿਪ ਵਿਰੁੱਧ ਬਾਗੀ ਸੁਰਾਂ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਪਿਛਲੇ ਇੱਕ ਸਾਲ 'ਚ ਪਾਰਟੀ ਨੂੰ ਪ੍ਰਭਾਵਹੀਣ ਬਣਾ ਦਿੱਤਾ ਗਿਆ ਹੈ ਅਤੇ ਮੁੱਠੀ ਭਰ ਲੋਕਾਂ ਦੇ ਹੱਥਾਂ 'ਚ ਆ ਗਈ ਹੈ। ਇਹਨਾ ਆਗੂਆਂ ਨੇ ਇੱਕ ਲਿਖਤੀ ਬਿਆਨ 'ਚ ਕਿਹਾ ਸੀ ਕਿ ਹਾਰ ਦੇ ਕਾਰਨਾਂ ਦੀ ਵਿਆਪਕ ਸਮੀਖਿਆ ਹੋਣੀ ਚਾਹੀਦੀ ਹੈ।
ਪਟਨਾ ਸਾਹਿਬ ਤੋਂ ਭਾਜਪਾ ਸਾਂਸਦ ਸ਼ਤਰੂਘਨ ਸਿਨਹਾ ਨੇ ਸੀਨੀਅਰ ਆਗੂਆ ਨੂੰ ਤਿੱਖੇ ਲਹਿਜੇ 'ਚ ਕਿਹਾ ਹੈ ਕਿ ਉਹ ਉਸ ਨੂੰ ਰਾਜ ਸਭਾ ਮੈਂਬਰ ਨਾ ਸਮਝਣ ਅਤੇ ਨਾ ਹੀ ਉਹ ਸਾਂਸਦ ਵਾਂਗ ਵਿਹਾਰ ਹੀ ਕਰਨ, ਜਿਸ ਦਾ ਜਨਤਾ 'ਚ ਕੋਈ ਅਧਾਰ ਨਹੀਂ ਹੁੰਦਾ ਹੈ। ਸਿਨਹਾ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਕੋਈ ਰਾਜ ਸਭਾ ਮੈਂਬਰ ਨਹੀਂ ਹਨ ਅਤੇ ਉਹ ਰਿਕਾਰਡ ਵੋਟਾਂ ਨਾਲ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਹਨ। ਸ਼ਤਰੂਘਨ ਨੇ ਕਿਹਾ ਕਿ ਉਸ ਕੋਲ ਮਜ਼ਬੂਤ ਅਧਾਰ ਹੈ। ਭਾਜਪਾ ਸਾਂਸਦ ਦੀ ਤਿੱਖੀ ਟਿਪਣੀ ਉਨ੍ਹਾਂ ਖ਼ਬਰਾਂ ਤੋਂ ਬਾਅਦ ਆਈ, ਜਿਨ੍ਹਾ 'ਚ ਸ਼ਤਰੂਘਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਬਿਹਾਰ ਚੋਣਾਂ 'ਚ ਹੋਈ ਹਾਰ ਨੂੰ ਲੈ ਕੇ ਭਾਜਪਾ ਅੰਦਰ ਮੰਥਨ ਜਾਰੀ ਹੈ, ਪਰ ਭਾਜਪਾ ਦੇ ਸਾਂਸਦ ਸ਼ਤਰੂਘਨ ਸਿਨਹਾ ਨੇ ਆਪਣੇ ਬਿਆਨ ਬਾਰੇ ਸਫ਼ਾਈ ਦਿੱਤੀ ਹੈ। ਉਨ੍ਹਾ ਟਵੀਟ ਕਰਕੇ ਸਫ਼ਾਈ ਦਿੱਤੀ ਹੈ ਕਿ ਉਨ੍ਹਾ ਕਦੇ ਵੀ ਅਜਿਹਾ ਨਹੀਂ ਕਿਹਾ ਕਿ ਜੇ ਉਨ੍ਹਾ ਨੂੰ ਬਿਹਾਰ ਵਿਧਾਨ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਂਦਾ ਤਾਂ ਪਾਰਟੀ ਕਦੇ ਨਾ ਹਾਰਦੀ। ਸਿਨਹਾ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਜੇ ਉਨ੍ਹਾ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਂਦਾ ਤਾਂ ਚੋਣ ਨਤੀਜੇ ਹੋਰ ਹੁੰਦੇ। ਹਾਲਾਂਕਿ ਭਾਜਪਾ ਸਾਂਸਦ ਨੇ ਇਹ ਕਿਹਾ ਕਿ ਜੇ ਉਨ੍ਹਾ ਨੇ ਚੋਣ ਪ੍ਰਚਾਰ ਕੀਤਾ ਹੁੰਦਾ ਤਾਂ ਪਾਰਟੀ ਦੀ ਸਥਿਤੀ ਬੇਹਤਰ ਹੋਣੀ ਸੀ। ਸਿਨਹਾ ਨੇ ਕਿਹਾ ਕਿ ਮੀਡੀਆ ਨੇ ਉਨ੍ਹਾ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਹੈ। ਬਿਹਾਰ 'ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਪਾਰਟੀ ਆਗੂਆਂ ਵੱਲੋਂ ਇੱਕ-ਦੂਜੇ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਇੱਕ-ਦੂਜੇ ਉੱਪਰ ਤੋਹਮਤਬਾਜ਼ੀ ਲਾਈ ਜਾ ਰਹੀ ਹੈ। ਚੋਣ ਪ੍ਰਚਾਰ 'ਚ ਸ਼ਤਰੂਘਨ ਨੇ ਹਿੱਸਾ ਨਹੀਂ ਲਿਆ ਸੀ, ਕਿਉਂਕਿ ਪਾਰਟੀ ਨੇ ਉਨ੍ਹਾ ਨੂੰ ਅਣਗੌਲਿਆ ਕੀਤਾ ਸੀ। ਸਿਨਹਾ ਨੇ ਕਿਹਾ ਕਿ ਉਨ੍ਹਾ ਨੇ ਬਿਹਾਰ 'ਚ ਮੁੱਖ ਮੰਤਰੀ ਅਹੁਦੇ ਉੱਪਰ ਕਦੇ ਦਾਅਵਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾ ਦੀ ਅਜਿਹੀ ਕੋਈ ਤਮੰਨਾ ਹੈ। ਸਿਨਹਾ ਨੇ ਕਿਹਾ ਹੈ ਕਿ ਹੁਣ ਲੋਕਾਂ ਦਾ ਫਤਵਾ ਸਾਹਮਣੇ ਆ ਗਿਆ ਹੈ ਅਤੇ ਉਨ੍ਹਾ ਨੂੰ ਪਾਰਟੀ ਦੀ ਸ਼ਰਮਨਾਕ ਹਾਰ ਕਾਰਨ ਬਹੁਤ ਦੁੱਖ ਹੋਇਆ ਹੈ।