ਈ ਡੀ ਵੱਲੋਂ ਸ਼ਾਹਰੁਖ ਖਾਨ ਤੋਂ ਪੁੱਛਗਿੱਛ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੋਲਕਾਤਾ ਨਾਈਟ ਰਾਈਡਰਜ਼ ਪ੍ਰਾਈਵੇਟ ਲਿ. (ਕੇ ਆਰ ਐਸ ਪੀ ਐਲ) ਦੇ ਸ਼ੇਅਰਾਂ 'ਚ ਗੜਬੜੀ ਨੂੰ ਲੈ ਕੇ ਇਨਫੋਰਸਮੈਂਟ ਡਫਾਇਰੈਕਟੋਰੇਟ ਵੱਲੋਂ ਫ਼ਿਲਮ ਅਦਾਕਾਰ ਸ਼ਾਹਰੁਖ ਖਾਨ ਤੋਂ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਉਨ੍ਹਾ ਤੋਂ ਸ਼ਾਹਰੁਖ ਦੀ ਕੰਪਨੀ ਦੇ ਸ਼ੇਅਰ ਮਾਰੀਸ਼ਸ਼ ਦੀ ਕੰਪਨੀ ਨੂੰ ਵੇਚੇ ਜਾਣ ਸੰਬੰਧੀ ਸੁਆਲ ਪੁੱਛੇ ਗਏ। ਪਤਾ ਚੱਲਿਆ ਹੈ ਕਿ ਸ਼ਾਹਰੁਖ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਫੇਮਾ ਉਲੰਘਣਾ ਦੇ ਦੋਸ਼ਾਂ 'ਤੇ ਸਫ਼ਾਈ ਦਿੱਤੀ। ਪੁੱਛਗਿੱਛ 'ਤੇ ਸੁਆਲ ਕਰਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਸ਼ਾਹਰੁਖ ਖਾਨ ਤੋਂ ਬਦਲਾ ਲੈ ਰਹੀ ਹੈ। ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਅਸਹਿਨਸ਼ੀਲਤਾ ਬਾਰੇ ਬਿਆਨ ਮਗਰੋਂ ਸਰਕਾਰ ਸ਼ਾਹਰੁਖ ਮਗਰ ਪਈ ਹੋਈ ਹੈ। ਪਾਰਟੀ ਦੇ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸ਼ਾਹਰੁਖ ਵਰਗੇ ਪ੍ਰਸਿੱਧ ਕਲਾਕਾਰ ਤੋਂ ਪੁੱਛਗਿੱਛ ਸਰਾਸਰ ਗਲਤ ਹੈ। ਮਾਮਲਾ 2008-09 'ਚ ਖਾਨ ਦੀ ਰੈਡ ਚਿਲੀਜ ਅਤੇ ਫ਼ਿਲਮ ਅਦਾਕਾਰਾ ਜੂਹੀ ਚਾਵਲਾ ਅਤੇ ਉਨ੍ਹਾ ਦੇ ਪਤੀ ਦੀ ਅਗਵਾਈ ਵਾਲੀ ਕੇ ਆਰ ਐਸ ਪੀ ਐਲ ਨੇ ਸ਼ੇਅਰ ਮਾਰੀਸ਼ਸ਼ ਦੀ ਕੰਪਨੀ ਨੂੰ ਵੇਚਣ ਨਾਲ ਸੰਬੰਧਤ ਹੈ। ਪਤਾ ਚੱਲਿਆ ਹੈ ਕਿ ਜਿਸ ਕੰਪਨੀ ਨੂੰ ਸ਼ੇਅਰ ਵੇਚੇ ਗਏ, ਉਹ ਜੂਹੀ ਦੇ ਪਤੀ ਦੀ ਸੀ। ਈ ਡੀ ਮਾਮਲੇ ਦੀ ਜਾਂਚ ਕਰ ਰਿਹਾ ਹੈ ਕਿ ਜਿਹੜੇ ਸ਼ੇਅਰ ਜੈ ਮਹਿਤਾ ਦੀ ਸੀ ਆਇਲੈਂਡ ਇਨਵੈਸਟਮੈਂਟ ਨੂੰ ਵੇਚੇ ਗਏ, ਉਨ੍ਹਾ ਦੀ ਕੀਮਤ ਬਾਜ਼ਾਰੀ ਭਾਅ ਤੋਂ 8-9 ਗੁਣਾ ਘੱਟ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 2008 'ਚ ਰੈਡ ਚਿਲੀਜ਼ ਕੋਲ ਕੇ ਆਰ ਐਸ ਪੀ ਐਲ ਦੇ 9900 ਸ਼ੇਅਰ ਸਨ। ਈ ਡੀ ਅਨੁਸਾਰ ਪਿਛਲੇ ਸਾਲ ਦੀ ਮੁਲਾਂਕਣ ਰਿਪੋਰਟ ਅਨੁਸਾਰ ਇਸ ਨੂੰ ਵੇਚਣ ਸਮੇਂ ਕੰਪਨੀ ਦਾ ਸ਼ੇਅਰ ਭਾਅ 70 ਤੋਂ 86 ਰੁਪਏ ਹੋਣਾ ਚਾਹੀਦਾ ਸੀ, ਪਰ ਸ਼ੇਅਰ 10 ਰੁਪਏ ਪ੍ਰਤੀ ਦੇ ਭਾਅ ਵੇਚੇ ਗਏ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈ ਡੀ ਅਧਿਕਾਰੀਆਂ ਅਨੁਸਾਰ ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਪੂਰਾ ਸਹਿਯੋਗ ਕੀਤਾ ਅਤੇ ਸ਼ੇਅਰ ਤਬਾਦਲੇ ਬਾਰੇ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਈ ਡੀ ਵੱਲੋਂ ਇਸ ਤੋਂ ਪਹਿਲਾਂ 2011 'ਚ ਵੀ ਸ਼ਾਹਰੁਖ ਖਾਨ ਤੋਂ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਅਨੁਸਾਰ ਕੇ ਕੇ ਆਰ ਅਤੇ ਜੈ ਮਹਿਤਾ ਦੀ ਸੀ ਆਇਲੈਂਡ ਇਨ ਵੈਸਟਮੈਂਟ ਵਿਚਕਾਰ ਸ਼ੇਅਰਾਂ ਦੇ ਤਬਾਦਲੇ 'ਚ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਕੀਤੀ ਗਈ। ਜੈ ਮਹਿਤਾ ਦੇ ਮਾਲਕਾਨਾ ਹੱਕ ਵਾਲੀ ਸੀ ਆਇਲੈਂਡ ਇਨਵੈਸਟਮੈਂਟ ਨੂੰ ਸ਼ੇਅਰ 10 ਰੁਪਏ ਪ੍ਰਤੀ ਦੇ ਹਿਸਾਬ ਵੇਚੇ ਗਏ, ਜਦਕਿ ਉਨ੍ਹਾ ਦੀ ਅਸਲ ਕੀਮਤ 70 ਤੋਂ 99 ਰੁਪਏ ਪ੍ਰਤੀ ਸ਼ੇਅਰ ਵਿਚਕਾਰ ਹੋਣੀ ਚਾਹੀਦੀ ਸੀ। ਈ ਡੀ ਸੂਤਰਾਂ ਅਨੁਸਾਰ ਇਹ ਮਾਮਲਾ 100 ਕਰੋੜ ਦੇ ਫਾਰੈਕਸ ਨਿਯਮਾਂ ਦੀ ਉਲੰਘਣਾ ਨਾਲ ਸੰਬੰਧਤ ਹੈ।