ਬੰਗਲਾ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਸੋਨਾ ਚੜ੍ਹਾਇਆ

ਨਵੀਂ ਦਿੱਲੀ (ਜਸਬੀਰ ਸਿੰਘ)
ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਸਹਿਯੋਗ ਨਾਲ ਮੁੱਖ ਦਰਵਾਜ਼ੇ 'ਤੇ ਸੋਨਾ ਚੜ੍ਹਾਉਣ ਦੀ ਸ਼ੁਰੂ ਕੀਤੀ ਗਈ ਸੇਵਾ ਅੱਜ ਸੰਪੂਰਨ ਹੋਣ ਦੇ ਮੌਕੇ 'ਤੇ ਕਮੇਟੀ ਵੱਲੋਂ ਗੁਰਮਤਿ ਸਮਾਗਮ ਕੀਤਾ ਗਿਆ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਸੰਗਤਾਂ ਵੱਲੋਂ ਮੁੱਖ ਦਰਵਾਜ਼ੇ ਨੂੰ ਖੋਲ੍ਹਿਆ ਗਿਆ। 13 ਫੁੱਟ ਉਚੇ ਅਤੇ 8.5 ਫੁੱਟ ਚੌੜੇ ਉਕਤ ਦਰਵਾਜ਼ੇ ਨੂੰ ਸੰਗਤ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਵੱਲੋਂ 7 ਮਹੀਨੇ ਵਿੱਚ ਲੱਗਭੱਗ 5 ਕਿਲੋ ਸੋਨੇ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਲੱਗੇ ਦਰਵਾਜ਼ਿਆਂ 'ਤੇ ਸੋਨੇ ਉਪਰ ਕੀਤੀ ਗਈ ਮੀਨਾਕਾਰੀ 'ਚੋਂ ਬੇਹਤਰੀਨ ਮੀਨਾਕਾਰੀ ਦੀ ਚੋਣ ਕਰਦੇ ਹੋਏ ਟਕਸਾਲ ਵੱਲੋਂ ਰਾਜਸਥਾਨ ਅਤੇ ਕਾਂਗੜਾ ਦੇ ਕਾਰੀਗਰਾਂ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਸੰਪੂਰਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਫ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਗੁਰਧਾਮਾਂ 'ਤੇ ਸੋਨਾ ਲਾਉਣ ਦਾ ਹਮਾਇਤੀ ਨਹੀਂ ਰਿਹਾ, ਪਰ ਸੰਗਤਾਂ ਦੀ ਅਪਾਰ ਸ਼ਰਧਾ ਅਤੇ ਭਰੋਸੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ ਦਰਵਾਜ਼ੇ 'ਤੇ ਲੱਗੇ ਸੋਨੇ ਦੀ ਸੇਵਾ ਕਿਸੇ ਗੁਰਸਿੱਖ ਪਰਵਾਰ ਵੱਲੋਂ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ ਕੇ ਨੇ ਗੁਰੂ ਦੀ ਗੋਲਕ ਤੋਂ ਇਸ ਸੰਬੰਧ ਵਿਚ ਕੋਈ ਪੈਸਾ ਖਰਚ ਨਾ ਕਰਨ ਦਾ ਵੀ ਦਾਅਵਾ ਕੀਤਾ।
ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਬੀਤੇ ਦਿਨੀਂ ਪੰਜਾਬ 'ਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹੋਈ ਘੋਰ ਬੇਅਦਬੀ ਤੇ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਣ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਮੇਂ-ਸਮੇਂ 'ਤੇ ਭਾਰਤੀ ਕਾਨੂੰਨ ਵਿੱਚ ਬੇਅੰਤ ਸੋਧਾਂ ਹੋਈਆਂ, ਪਰ ਮੌਜੂਦਾ ਕਾਨੂੰਨ ਵਿਚ ਉਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਠੋਸ ਸਜ਼ਾਵਾਂ ਦਿਵਾਉਣ ਦਾ ਕੋਈ ਸਥਾਨ ਫਿਲਹਾਲ ਨਜ਼ਰ ਨਹੀਂ ਆਉਂਦਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਗੁਰਤਾ ਗੱਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਕੁਝ ਸੰਗਤਾਂ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਹਵਾਲਾ ਦੇ ਕੇ ਕਾਲੀ ਦਿਵਾਲੀ ਮਨਾਉਣ ਦੇ ਬੀਤੇ ਦਿਨੀਂ ਦਿੱਤੇ ਗਏ ਸੱਦੇ 'ਤੇ ਸਵਾਲ ਖੜੇ ਕੀਤੇ ਅਤੇ ਕਾਲੀ ਦੀਵਾਲੀ ਦੇ ਸੱਦੇ 'ਤੇ ਆਪਣੀ ਵਿਰੋਧਤਾ ਨੂੰ ਨਿੱਜੀ ਰਾਇ ਦੱਸਿਆ। ਸਿਰਸਾ ਨੇ ਕੁਝ ਲੋਕਾਂ 'ਤੇ ਇਤਿਹਾਸ ਨੂੰ ਕਮਜੋਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਡੇ ਲਈ ਦੀਵਾਲੀ ਦੀ ਕੋਈ ਮੱਹਤਤਾ ਨਹੀਂ, ਪਰ ਅਸੀਂ ਬੰਦੀ ਛੋੜ ਦਿਹਾੜੇ ਨੂੰ ਮਨਾਉਣ ਦੀ ਥਾਂ ਸਾਜ਼ਿਸ਼ 'ਚ ਫਸ ਗਏ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ, ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ ਆਦਿ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ। ਤ੍ਰਿਲੋਚਨ ਸਿੰਘ ਵੱਲੋਂ ਲਿਖੀ ਗਈ ਕਿਤਾਬ 'ਸਿੱਖੀ ਸੋਚ ਦੇ ਪਹਿਰੇਦਾਰ' ਜਾਰੀ ਕਰਨ ਦੇ ਨਾਲ ਹੀ ਸੇਵਾ 'ਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਵੀ ਇਸ ਮੌਕੇ ਸਨਮਾਨ ਕੀਤਾ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਕਮੇਟੀ ਮੈਂਬਰ ਤਨਵੰਤ ਸਿੰਘ, ਬੀਬੀ ਧੀਰਜ ਕੌਰ ਅਤੇ ਅਕਾਲੀ ਆਗੂ ਵਿਕਰਮ ਸਿੰਘ ਇਸ ਮੌਕੇ ਮੌਜੂਦ ਸਨ।