ਹੁਣ ਗਾਂ ਦੇ ਚੰਮ ਦੀਆਂ ਜੁੱਤੀਆਂ ਵੀ ਨਹੀਂ ਵੇਚਣ ਦੇਵੇਗਾ ਸੰਘ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਿਆਸੀ ਗਲਿਆਰਿਆਂ 'ਚ ਗਊ ਮਾਸ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਇੱਕ ਹੋਰ ਮਾਮਲੇ ਨੇ ਤੂਲ ਫੜ ਲਿਆ ਹੈ। ਸਮਝਿਆ ਜਾ ਰਿਹਾ ਹੈ ਕਿ ਕੱਟੜ ਹਿੰਦੂ ਜਥੇਬੰਦੀਆਂ ਇਸ ਮਾਮਲੇ ਨੂੰ ਠੰਢਾ ਨਹੀਂ ਪੈਣ ਦੇਣਾ ਚਾਹੁੰਦੀਆਂ। ਹੁਣ ਨਵਾਂ ਵਿਵਾਦ ਗਾਂ ਦੇ ਚਮੜੇ ਤੋਂ ਬਣੀਆਂ ਜੁੱਤੀਆਂ ਨੂੰ ਲੈ ਕੇ ਖੜਾ ਹੋ ਗਿਆ ਹੈ, ਜਿਸ ਦਾ ਸ਼ਿਕਾਰ ਇੱਕ ਆਨਲਾਈਨ ਸ਼ਾਪਿੰਗ ਵੈੱਬਸਾਈਟ ਬਣ ਰਹੀ ਹੈ।
ਗਾਂ ਦੇ ਚਮੜੇ ਤੋਂ ਬਣੀਆਂ ਜੁੱਤੀਆਂ ਦੀ ਵਿਕਰੀ ਨੂੰ ਲੈ ਕੇ ਇੱਕ ਹਿੰਦੂ ਜਥੇਬੰਦੀ ਨੇ ਆਨ ਲਾਈਨ ਸ਼ਾਪਿੰਗ ਕਰਨ ਵਾਲੀ ਵੈੱਬਸਾਈਟ 'ਮਿੰਤਰਾ' ਨੂੰ ਨਿਸ਼ਾਨਾ ਬਣਾਇਆ ਹੈ।
ਹਿੰਦੂ ਸੰਗਠਨ ਨੇ ਕਿਹਾ ਹੈ ਕਿ ਮਿੱਤਰਾ ਨਾਂਅ ਦੀ ਵੈੱਬਸਾਈਟ 'ਤੇ ਗਾਂ ਦੇ ਚਮੜੇ ਤੋਂ ਬਣੀਆਂ ਜੁੱਤੀਆਂ ਵੇਚੀਆਂ ਜਾ ਰਹੀਆਂ ਹਨ। ਜਥੇਬੰਦੀ ਦੀ ਮੰਗ ਹੈ ਕਿ ਇਸ ਵਜ੍ਹਾ ਕਰਕੇ ਵੈੱਬਸਾਈਟ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਵਸਤਾਂ ਨੂੰ ਵੈੱਬਸਾਈਟ ਤੋਂ ਹਟਾਇਆ ਜਾਵੇ।
ਇਸ ਮਾਮਲੇ ਨੂੰ ਲੈ ਕੇ ਹੁਣ ਨਵੀਂ ਬਹਿਸ ਛਿੜ ਪਈ ਹੈ। ਹਾਲਾਂਕਿ ਮਿੰਤਰਾ ਨੇ ਇਸ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਜੋ ਵੀ ਇਸ ਤਰ੍ਹਾਂ ਦੀਆਂ ਵਸਤਾਂ ਵੇਚੀਆਂ ਜਾ ਰਹੀਆਂ ਹਨ, ਉਹੋ ਵਿਦੇਸ਼ ਦੀ ਮੰਗ 'ਤੇ ਵੇਚੀਆਂ ਜਾ ਰਹੀਆਂ ਹਨ। ਹਿੰਦੂ ਜਥੇਬੰਦੀ ਨੇ ਵੈੱਬਸਾਈਟ ਦੀ ਸਫਾਈ ਨੂੰ ਰੱਦ ਕਰ ਦਿੱਤਾ ਹੈ। 'ਆਰਗੇਨਾਈਜ਼ਰ' 'ਚ ਛਪੇ ਲੇਖ 'ਚ ਕਿਹਾ ਗਿਆ ਹੈ ਕਿ ਕਦੇ ਭਗਵਾਨ ਦਾ ਘਰ ਕਿਹਾ ਜਾਣ ਵਾਲਾ ਕੇਰਲ ਅੱਜ ਭਗਵਾਨ ਵਿਹੀਣ ਹੋ ਗਿਆ ਹੈ। ਇਸ ਲੇਖ ਮੁਤਾਬਕ ਇਹ ਸਭ ਕੇਰਲ 'ਚ ਲੰਮੇ ਸਮੇਂ ਤੱਕ ਹਕੂਮਤ ਕਰਨ ਵਾਲੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਦੀ ਵਜ੍ਹਾ ਕਾਰਨ ਹੋਇਆ ਹੈ। ਇਸ ਮਾਮਲੇ ਨੂੰ ਲੇ ਕੇ ਸੰਘ ਵਿਰੁੱਧ ਕਮਿਊਨਿਸਟਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।
ਆਰਗੇਨਾਈਜ਼ਰ 'ਚ ਛਪੇ ਲੇਖ ਵਿਰੁੱਧ ਆਪਣੀ ਪ੍ਰਤੀਕ੍ਰਿਆ 'ਚ ਕਮਿਊਨਿਸਟ ਪਾਰਟੀ ਨੇ ਕਿਹਾ ਹੈ ਕਿ ਇਸ ਨੂੰ ਲਿਖਣ ਅਤੇ ਛਾਪਣ ਵਾਲੇ ਕੇਰਲ ਦੇ ਸੱਭਿਆਚਾਰ ਅਤੇ ਉਸ ਦੀ ਸਮਝ ਦਾ ਅਪਮਾਨ ਕਰ ਰਹੇ ਹਨ। ਹਾਲ ਹੀ 'ਚ ਆਰ ਐੱਸ ਐੱਸ ਵੱਲੋਂ ਵੀ ਟਵੀਟ ਕਰਕੇ ਗਾਂ ਦੇ ਚਮੜੇ ਤੋਂ ਬਣੀਆਂ ਜੁੱਤੀਆਂ ਵੇਚਣ ਦਾ ਮਾਮਲਾ ਉਠਾਇਆ ਗਿਆ ਸੀ। ਇਸ ਟਵੀਟ 'ਚ ਕਿਹਾ ਗਿਆ ਸੀ ਕਿ ਗਾਂ ਦੇ ਚਮੜੇ ਤੋਂ ਬਣੀਆਂ ਜੁੱਤੀਆਂ ਵੇਚਣ ਵਾਲੀਆਂ 'ਮਿੰਤਰਾ' ਸਮੇਤ ਸਭਨਾਂ ਵੈੱਬਸਾਈਟ ਤੋਂ ਇਨ੍ਹਾਂ ਉਤਪਾਦਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਥਿਤ ਕੇਰਲ ਭਵਨ 'ਚ ਕਥਿਤ ਤੌਰ 'ਤੇ ਗਊ ਮਾਸ ਪਰੋਸਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਮਗਰੋਂ ਕੇਰਲ ਸਰਕਾਰ ਕੱਟੜ ਹਿੰਦੂ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਆ ਗਈ ਸੀ ਅਤੇ ਹੁਣ ਆਰ ਐਸ ਐਸ ਦੇ ਇਸ ਤਾਜ਼ਾ ਲੇਖ ਨੇ ਵਿਵਾਦ ਹੋਰ ਵਧਾ ਦਿੱਤਾ ਹੈ।