ਨਿਤੀਸ਼ ਚੁਣੇ ਗਏ ਵਿਧਾਨਕਾਰ ਪਾਰਟੀ ਦੇ ਆਗੂ

ਪਟਨਾ (ਨਵਾਂ ਜ਼ਮਾਨਾ ਸਰਵਿਸ)-ਬਿਹਾਰ ਵਿਧਾਨ ਸਭਾ ਚੋਣਾਂ 'ਚ ਮਹਾਂ-ਗੱਠਜੋੜ ਦੀ ਵੱਡੀ ਜਿੱਤ ਮਗਰੋਂ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਉਨ੍ਹਾ ਨੂੰ ਦੇ ਦਿੱਤਾ ਅਤੇ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਮਗਰੋਂ ਜਨਤਾ ਦਲ (ਯੂ) ਦੇ ਵਿਧਾਇਕਾਂ ਦੀ ਮੀਟਿੰਗ 'ਚ ਨਿਤੀਸ਼ ਕੁਮਾਰ ਨੂੰ ਵਿਧਾਨਕਾਰ ਪਾਰਟੀ ਦਾ ਆਗੂ ਚੁਣ ਲਿਆ ਗਿਆ।
ਨਿਤੀਸ਼ ਕੁਮਾਰ 20 ਨਵੰਬਰ ਨੂੰ ਬਿਹਾਰ ਦੇ ਅਗਲੇ ਮੁੱਖ ਮੰਤਰੀ ਵਜੋਂ ਸਹੁੰ ਚੁਕਣਗੇ। ਨਿਤੀਸ਼ ਕੁਮਾਰ ਸ਼ਾਮੀਂ ਰਾਜਪਾਲ ਰਾਮ ਨਾਥ ਕੋਵਿਦ ਨੂੰ ਪਟਨਾ 'ਚ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਨਿਤੀਸ਼ ਕੁਮਾਰ ਦਾ ਦਾਅਵਾ ਪ੍ਰਵਾਨ ਕਰ ਲਿਆ। ਨਿਤੀਸ਼ ਕੁਮਾਰ 20 ਨਵੰਬਰ ਨੂੰ ਬਾਅਦ ਦੁਪਹਿਰ ਦੋ ਵਜੇ ਗਾਂਧੀ ਮੈਦਾਨ 'ਚ ਹੋਰ ਮੰਤਰੀਆ ਨਾਲ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਜਨਤਾ ਦਲ ਯੂ ਵਿਧਾਇਕ ਦਲ ਨੇ ਉਨ੍ਹਾ ਨੂੰ ਆਪਣਾ ਆਗੂ ਚੁਣਿਆ ਸੀ। ਰਾਜਪਾਲ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ ਅਤੇ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਨ ਦੇ ਮੰਤਰੀ ਮੰਡਲ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਰਾਜਪਾਲ ਨੇ ਉਨ੍ਹਾ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਮੁੱਖ ਮੰਤਰੀ ਦੇ ਅਹੁਦੇ 'ਤੇ ਟਿਕੇ ਰਹਿਣ ਲਈ ਕਿਹਾ ਹੈ।
ਵਿਧਾਨਕਾਰ ਪਾਰਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਤਾ ਦਲ (ਯੂ) ਦੇ ਸੂਬਾ ਪ੍ਰਧਾਨ ਵਸ਼ਿਸ਼ਠ ਨਰਾਇਣ ਸਿੰਘ ਨੇ ਕਿਹਾ ਕਿ ਨਿਤੀਸ਼ ਕੁਮਾਰ 20 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਅਤੇ ਉਨ੍ਹਾ ਨਾਲ 36 ਮੈਂਬਰੀ ਮੰਤਰੀ ਮੰਡਲ ਵੀ ਸਹੁੰ ਚੁੱਕੇਗਾ।
ਜ਼ਿਕਰਯੋਗ ਹੈ ਕਿ 243 ਮੈਂਬਰੀ ਸੂਬਾ ਵਿਧਾਨ ਸਭਾ 'ਚ ਮਹਾਂ-ਗੱਠਜੋੜ 'ਚ ਸ਼ਾਮਲ ਰਾਸ਼ਟਰੀ ਜਨਤਾ ਦਲ 80 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਜਨਤਾ ਯੂ ਦੇ 71 ਅਤੇ ਕਾਂਗਰਸ ਨੇ 27 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਜਨਤਾ ਦਲ (ਯੂ) ਦੇ ਸੂਤਰਾਂ ਅਨੁਸਾਰ ਮੰਤਰੀ ਮੰਡਲ 'ਚ ਆਰ ਜੇ ਡੀ ਦੇ 16, ਜਨਤਾ ਦਲ (ਯੂ) ਦੇ 15 ਅਤੇ ਕਾਂਗਰਸ ਦੇ 5 ਮੰਤਰੀ ਸ਼ਾਮਲ ਹੋਣਗੇ।