ਨਹਿਰੂ ਦੇ ਇਰਾਦਿਆਂ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ : ਰਾਜਨਾਥ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਜਨਤਾ ਦੀ ਭਲਾਈ ਅਤੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਦੇ ਉਨ੍ਹਾ ਦੇ ਇਰਾਦਿਆਂ ਬਾਰੇ ਕੋਈ ਸ਼ੱਕ ਨਹੀਂ ਕਰ ਸਕਦਾ।
ਸੰਸਦ ਦੇ ਪਾਰਲੀਮੈਂਟ ਹਾਊਸ 'ਚ ਨਹਿਰੂ ਦੀ 126 ਜੈਅੰਤੀ ਦੇ ਸੰਬੰਧ 'ਚ ਰੱਖੇ ਗਏ ਸਮਾਗਮ ਮੌਕੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਬਾਰੇ ਨਹਿਰੂ ਨਾਲ ਉਨ੍ਹਾ ਦੇ ਮਤਭੇਦ ਹਨ, ਇਹ ਮਤਭੇਦ ਉਨ੍ਹਾ ਦੀਆਂ ਨੀਤੀਆ ਨੂੰ ਲੈ ਕੇ ਹਨ, ਪਰ ਉਨ੍ਹਾ ਵੱਲੋਂ ਲੋਕਾਂ ਦੀ ਭਲਾਈ ਅਤੇ ਰਾਸ਼ਟਰ ਨਿਰਮਾਣ ਲਈ ਕੀਤੇ ਕੰਮਾਂ ਬਾਰੇ ਕੋਈ ਸ਼ੱਕ ਨਹੀਂ ਕਰ ਸਕਦਾ।
ਭਾਜਪਾ ਦੇ ਸੀਨੀਅਰ ਆਗੂ ਸ੍ਰੀ ਸਿੰਘ ਨੇ ਕਿਹਾ ਕਿ ਨਹਿਰੂ ਵਰਗੇ ਆਗੂਆਂ ਦੇ ਅਣਥੱਕ ਯੋਗਦਾਨ ਸਦਕਾ ਦੇਸ਼ 'ਚ ਇੱਕ ਸੰਸਦ, ਇੱਕ ਕਾਰਗਰ ਨੌਕਰਸ਼ਾਹੀ, ਅਜ਼ਾਦ ਨਿਆਂ ਪਾਲਿਕਾ ਅਤੇ ਇੱਕ ਨਿੱਡਰ ਪ੍ਰੈੱਸ ਹੈ।
ਉਨ੍ਹਾ ਕਿਹਾ ਕਿ ਨਹਿਰੂ ਵਰਗੇ ਆਗੂਆਂ ਦੇ ਅਣਥੱਕ ਯੋਗਦਾਨ ਸਦਕਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ। ਉਨ੍ਹਾ ਕਿਹਾ ਕਿ ਨਹਿਰੂ ਦੀ ਅਗਵਾਈ 'ਚ ਦੇਸ਼ ਨੇ ਭਿਲਾਈ, ਰੁੜਕੇਲਾ, ਆਈ ਆਈ ਟੀ ਅਤੇ ਆਈ ਆਈ ਐੱਸ ਵਰਗੀਆ ਸੰਸਥਾਵਾਂ ਦੀ ਸਥਾਪਨਾ ਕੀਤੀ ਅਤੇ ਪ੍ਰਮਾਣੂ ਪ੍ਰਾਜੈਕਟ ਲਾਏ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਨਹਿਰੂ ਨੇ ਉਦਯੋਗੀਕਰਨ 'ਤੇ ਜ਼ੋਰ ਦਿੱਤਾ, ਪਰ ਉਹ ਜਾਣਦੇ ਸਨ ਕਿ ਦੇਸ਼ ਲਈ ਖੇਤੀ ਮਹੱਤਵਪੂਰਨ ਹੈ। ਉਨ੍ਹਾ ਕਿਹਾ ਕਿ ਨਹਿਰੂ ਨੇ ਬੱਚਿਆਂ ਲਈ ਢੁਕਵੀਂ ਸਿੱਖਿਆ ਅਤੇ ਮਾਰਗ-ਦਰਸ਼ਨ ਲਈ ਹਮੇਸ਼ਾ ਪਹਿਲ ਕੀਤੀ।