ਲੁੱਟਾਂ-ਖੋਹਾਂ ਕਰਨ ਵਾਲੇ ਗਰੋਹਾਂ ਦੇ 5 ਮੈਂਬਰ ਕਾਬੂ

ਜਲੰਧਰ (ਸ਼ੈਲੀ ਐਲਬਰਟ)
ਸਥਾਨਕ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਰੋਹਾਂ ਦੇ 5 ਮੈਂਬਰਾਂ ਨੂੰ 5 ਮੋਟਰ ਸਾਇਕਲ, 16 ਮੋਬਾਇਲ ਫੋਨ, 1 ਐੱਲ.ਸੀ.ਡੀ, 4 ਬੈਟਰੀਆਂ ਅਤੇ 3 ਸਾਈਕਲਾਂ ਸਮੇਤ ਕਾਬੂ ਕੀਤਾ। ਏ.ਸੀ.ਪੀ ਇਨਵੈਸਟੀਗੇਸ਼ਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਕਮਿਸ਼ਨਰੇਟ ਐੱਸ.ਆਈ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਦਲਦਲ ਚੌਕ ਵਿਚ ਗਸ਼ਤ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਤੇ ਪੁੱਛਗਿੱਛ ਦੌਰਾਨ ਉਨ੍ਹਾਂ ਪਾਸੋਂ ਚੋਰੀ ਕੀਤੇ 5 ਮੋਟਰਸਾਈਕਲ ਤੇ ਲੁੱਟੇ 16 ਮੋਬਾਇਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਪਿੰਡ ਬਾਲੋਕੀ ਥਾਣਾ ਮਹਿਤਪੁਰ ਹਾਲ ਵਾਸੀ 199 ਨਿਊ ਦਸਮੇਸ਼ ਨਗਰ ਬਸਤੀ ਸ਼ੇਖ, ਵਿਜੈਦੀਪ ਸਿੰਘ ਉਰਫ ਵਿਜੈ ਵਾਸੀ ਪਿੰਡ ਚੋਗਾਵਾਂ ਲਾਂਬੜਾ ਅਤੇ ਸੁਖਵੀਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਬਾਲੋਕੀ ਥਾਣਾ ਮਹਿਤਪੁਰ ਵਜੋਂ ਹੋਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲਾਂ 'ਤੇ ਨਕਲੀ ਨੰਬਰ ਲਗਾ ਕੇ ਜਲੰਧਰ ਅਤੇ ਆਸ-ਪਾਸ ਦੇ ਇਲਾਕੇ ਵਿਚ ਲੁੱਟ-ਖੋਹ ਕਰਦੇ ਸਨ ਤੇ ਇਨ੍ਹਾਂ ਵਿਰੁੱਧ ਵੱਖ-ਵੱਖ ਪੁਲਸ ਸਟੇਸ਼ਨਾਂ ਵਿਚ ਕੇਸ ਦਰਜ ਹਨ। ਇਸੇ ਤਰ੍ਹਾਂ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਬੱਸ ਅੱਡੇ ਵਿਚ ਬੱਸਾਂ ਵਿਚੋਂ ਐੱਲ.ਸੀ.ਡੀ, ਬੈਟਰੀਆਂ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਨਵੀਂ ਬਾਰਾਂਦਰੀ ਵਿਚ ਤਾਇਨਾਤ ਏ.ਐੱਸ.ਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਬੀ.ਐੱਸ.ਐੱਫ ਚੌਕ ਨੇੜੇ 2 ਵਿਅਕਤੀਆਂ ਨੂੰ ਆਰੀ ਨਾਲ ਦੁਕਾਨ ਦਾ ਤਾਲਾ ਤੋੜਦੇ ਦੇਖਿਆ ਤਾਂ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕੀਤਾ। ਕਾਬੂ ਕੀਤੇ ਵਿਅਕਤੀ ਮਰੀਅਪਾ ਤੇ ਪੁਆਰਮਾ ਦੋਵੇਂ ਵਾਸੀ ਕਾਜੀ ਮੰਡੀ ਪਾਸੋਂ ਚੋਰੀ ਕੀਤੀ ਇੱਕ ਐੱਲ.ਸੀ.ਡੀ., 4 ਬੈਟਰੀਆਂ ਅਤੇ 3 ਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਇੱਕ ਦਾਤਰ ਵੀ ਬਰਾਮਦ ਹੋਇਆ ਹੈ, ਜਿਸ ਨਾਲ ਇਹ ਲੋਕਾਂ ਤੋਂ ਲੁੱਟ-ਖੋਹ ਕਰਦੇ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਥੋਂ ਦੇ ਮੱੱੱੁੱਖ ਬੱਸ ਅੱਡੇ ਵਿਚ ਡਰਾਈਵਰਾਂ ਨੇ ਬੱਸਾਂ ਵਿਚੋਂ ਐਲ.ਸੀ.ਡੀ ਅਤੇ ਬੈਟਰੀਆਂ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।