ਮੈਗੀ ਤੋਂ ਪਾਬੰਦੀ ਹਟਾਏ ਜਾਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐਫ਼ ਐਸ ਐਸ ਏ ਆਈ) ਨੇ ਦੇਸ਼ 'ਚ ਮੈਗੀ ਤੋਂ ਪਾਬੰਦੀ ਹਟਾਏ ਜਾਣ ਸੰਬੰਧੀ ਮੁੰਬਈ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਅਥਾਰਟੀ ਨੇ ਹਾਈ ਕੋਰਟ ਦੇ 13 ਅਗਸਤ ਦੇ ਫ਼ੈਸਲੇ ਨੂੰ ਖਾਮੀਆਂ ਭਰਪੂਰ ਕਰਾਰ ਦਿੰਦਿਆਂ ਮੈਗੀ ਦੀ ਜਾਂਚ ਲਈ ਨਵੇਂ ਲਏ ਸੈਂਪਲਾਂ ਬਾਰੇ ਵੀ ਸਵਾਲ ਉਠਾਏ ਹਨ। ਅਥਾਰਟੀ ਨੇ ਦਲੀਲ ਦਿੱਤੀ ਹੈ ਕਿ ਹਾਈ ਕੋਰਟ ਨੇ ਕਿਸੇ ਸਰਕਾਰੀ ਅਥਾਰਟੀ ਦੀ ਬਜਾਏ ਸਵਿਸ ਕੰਪਨੀ ਦੀ ਭਾਰਤੀ ਇਕਾਈ ਨੈਸਲੇ ਨੂੰ ਹੀ ਨਵੇਂ ਸੈਂਪਲ ਉਪਲੱਬਧ ਕਰਾਉਣ ਦੇ ਹੁਕਮ ਦੇ ਕੇ ਭੁੱਲ ਕੀਤੀ ਹੈ।
ਇਸ ਤੋਂ ਪਹਿਲਾਂ ਹਾਈ ਕੋਰਟ ਨੇ ਦੇਸ਼ 'ਚ ਮੈਗੀ ਨੂਡਲਜ਼ ਦੀਆਂ 9 ਕਿਸਮਾਂ 'ਤੇ ਪਾਬੰਦੀ ਲਾਉਣ ਦੀ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਅਤੇ ਮਹਾਂਰਾਸ਼ਟਰ ਦੇ ਖੁਰਾਕ ਕੰਟਰੋਲ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਪਾਬੰਦੀ ਲਾਉਂਦੇ ਸਮੇਂ ਇਨਸਾਫ਼ ਦੇ ਸਿਧਾਂਤ ਦਾ ਧਿਆਨ ਨਹੀਂ ਰੱਖਿਆ ਗਿਆ, ਕਿਉਂਕਿ ਮੈਗੀ ਦਾ ਉਤਪਾਦਨ ਕਰਨ ਵਾਲੀ ਧਿਰ ਦਾ ਪੱਖ ਨਹੀਂ ਸੁਣਿਆ ਗਿਆ ਹੈ।
ਅਥਾਰਟੀ ਅੰਦਰਲੇ ਸੂਤਰਾਂ ਨੇ ਦਸਿਆ ਹੈ ਕਿ ਪਟੀਸ਼ਨ 'ਚ ਖੁਰਾਕ ਅਥਾਰਟੀ ਦੇ ਅਫ਼ਸਰਾਂ ਵਿਰੁੱਧ ਕੀਤੀਆਂ ਗਈਆਂ ਟਿਪਣੀਆਂ ਨੂੰ ਵੀ ਹਟਾਉਣ ਲਈ ਕਿਹਾ ਗਿਆ ਹੈ ਕਿ ਅਥਾਰਟੀ ਨੂੰ ਸੰਬੰਧਤ ਕਾਨੂੰਨ ਤਹਿਤ ਪ੍ਰਯੋਗਸ਼ਾਲਾਵਾਂ 'ਚ ਨਮੂਨਿਆ ਦੀ ਜਾਂਚ ਦੀ ਆਗਿਆ ਦਿੱਤੀ ਜਾਵੇ।