ਇਹ ਕਿੱਦਾਂ ਦਾ ਜਨੂੰਨ ਭੜਕਾ ਰਿਹਾ ਹੈ ਮੀਡੀਆ?


ਭਾਰਤ ਇਸ ਵਕਤ ਇੱਕ ਐਟਮੀ ਤਾਕਤ ਹੈ। ਸੰਸਾਰ ਨੇ ਇਸ ਦਾ ਐਟਮੀ ਤਾਕਤ ਹੋਣਾ ਮੰਨ ਲਿਆ ਹੈ। ਜਦੋਂ ਸੰਸਾਰ ਵੀ ਇਸ ਨੂੰ ਇੱਕ ਐਟਮੀ ਤਾਕਤ ਮੰਨ ਚੁੱਕਾ ਹੈ ਤਾਂ ਆਏ ਦਿਨ ਇਹ ਗੱਲ ਮੁੜ-ਮੁੜ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ ਕਿ ਅਸੀਂ ਐਟਮੀ ਤਾਕਤ ਬਣ ਚੁੱਕੇ ਹਾਂ। ਭਾਰਤੀ ਮੀਡੀਏ ਦਾ ਇੱਕ ਖਾਸ ਹਿੱਸਾ ਇਸ ਨੂੰ ਆਪਣੇ ਵਿਸ਼ੇਸ਼ ਪ੍ਰੋਗਰਾਮਾਂ ਦੇ ਰਾਹੀਂ ਇੰਜ ਪੇਸ਼ ਕਰ ਰਿਹਾ ਹੈ, ਜਿਵੇਂ ਅੱਜ ਕਾਮਯਾਬੀ ਹਾਸਲ ਕੀਤੀ ਹੋਵੇ।
ਸਿਆਣੇ ਲੋਕਾਂ ਦੀ ਸਮਝ ਕਹਿੰਦੀ ਹੈ ਕਿ ਜਿਸ ਦੇ ਕੋਲ ਤਾਕਤ ਹੋਵੇ, ਉਸ ਦੇ ਸਿਰ ਜ਼ਿੰਮੇਵਾਰੀ ਵੀ ਬੜੀ ਵਧ ਜਾਇਆ ਕਰਦੀ ਹੈ। ਇਹ ਫ਼ਰਜ਼ ਉਸ ਦੇ ਜ਼ਿੰਮੇ ਹੁੰਦਾ ਹੈ ਕਿ ਉਹ ਭੜਕਾਹਟ ਵਿੱਚ ਆਪ ਵੀ ਨਾ ਆਵੇ ਤੇ ਆਪਣੇ ਵਿਰੋਧੀ ਨੂੰ ਵੀ ਚਿੜਾਉਣ ਜਾਂ ਭੜਕਾਉਣ ਦੀ ਕੋਈ ਗੱਲ ਨਾ ਕਰੇ। ਅੱਜ ਦੀ ਸਥਿਤੀ ਇਹ ਹੈ ਕਿ ਭਾਰਤ ਇਕੱਲਾ ਐਟਮੀ ਤਾਕਤ ਨਹੀਂ, ਦੂਰ ਦੇ ਦੇਸ਼ਾਂ ਨੂੰ ਛੱਡ ਲਈਏ ਤਾਂ ਸਾਡੇ ਆਂਢ-ਗਵਾਂਢ ਏਸ਼ੀਆ ਵਿੱਚ ਕੁਝ ਦੇਸ਼ ਇਸ ਤਾਕਤ ਦੇ ਸਾਡੇ ਵਾਂਗ ਹੀ ਮਾਲਕ ਹਨ। ਚੀਨ ਤਾਂ ਭਾਰਤ ਤੋਂ ਬਹੁਤ ਪਹਿਲਾਂ ਇਸ ਯੋਗ ਹੋ ਗਿਆ ਸੀ ਅਤੇ ਮਸਾਂ ਦਸ ਸਾਲਾਂ ਦੀ ਪਛੇਤ ਨਾਲ ਪਾਕਿਸਤਾਨ ਨੇ ਵੀ ਏਧਰੋਂ-ਓਧਰੋਂ ਇਹ ਸਮਰੱਥਾ ਹਾਸਲ ਕਰ ਕੇ ਭਾਰਤ ਨੂੰ ਇਸ ਦੀ ਚੋਭ ਲਾ ਦਿੱਤੀ ਸੀ ਕਿ ਹੁਣ ਬਹੁਤਾ ਟੌਹਰ ਵਿਖਾਉਣ ਦੀ ਲੋੜ ਨਹੀਂ। ਕ੍ਰਿਕਟ ਦੇ ਇੱਕ ਮੈਚ ਮੌਕੇ ਆਏ ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਜਨਰਲ ਜ਼ੀਆ ਉਲ ਹੱਕ ਜਦੋਂ ਰਾਜੀਵ ਗਾਂਧੀ ਨਾਲ ਇੱਕ ਪਾਸੇ ਖੜੇ ਗੱਲਾਂ ਕਰ ਰਹੇ ਸਨ ਤਾਂ ਉਸ ਨੇ ਉਹ ਮੌਕਾ ਇਹੋ ਫੂਕ ਮਾਰਨ ਲਈ ਵਰਤਿਆ ਸੀ। ਫਿਰ ਵੀ ਭਾਰਤੀ ਧਿਰ ਵਿੱਚ ਕਈ ਲੋਕ ਇਸ ਨੂੰ ਪਾਕਿਸਤਾਨੀ ਗੱਪ ਮੰਨਦੇ ਰਹੇ ਤੇ ਜਦੋਂ ਵਾਜਪਾਈ ਸਰਕਾਰ ਵੇਲੇ ਭਾਰਤ ਦੇ ਪੰਜ ਧਮਾਕਿਆਂ ਵਿੱਚ ਇੱਕ ਇੰਦਰਾ ਗਾਂਧੀ ਵੇਲੇ ਦਾ ਜੋੜ ਕੇ ਪਾਕਿਸਤਾਨ ਨੇ ਛੇ ਧਮਾਕੇ ਕਰ ਦਿੱਤੇ, ਓਦੋਂ ਉਹ ਇਸ ਸੱਚ ਨੂੰ ਮੰਨਣ ਲੱਗੇ ਸਨ। ਬਹੁਤ ਸਾਰੇ ਲੋਕਾਂ ਦੀ ਰਾਏ ਹੈ ਕਿ ਓਦੋਂ ਵੀ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ।
ਹੁਣ ਜਦੋਂ ਪੈਰਿਸ ਵਿੱਚ ਦਹਿਸ਼ਤਗਰਦ ਹਮਲਾ ਹੋਇਆ ਅਤੇ ਫਿਰ ਅਰਬ ਦੇਸ਼ਾਂ ਅੰਦਰ ਦਹਿਸ਼ਤਗਰਦੀ ਦੀਆਂ ਜੜ੍ਹਾਂ ਦੀ ਚਰਚਾ ਇਸ ਵਿੱਚ ਚੱਲ ਪਈ ਤਾਂ ਜਿਵੇਂ ਅੱਗੇ ਹੋਇਆ ਕਰਦਾ ਸੀ, ਪਾਕਿਸਤਾਨ ਦਾ ਜ਼ਿਕਰ ਵੀ ਇੱਕ ਵਾਰ ਫਿਰ ਛਿੜ ਗਿਆ। ਏਨਾ ਜ਼ਿਕਰ ਹੋਣ ਦੀ ਕੋਈ ਖਾਸ ਗੱਲ ਨਹੀਂ। ਖਾਸ ਗੱਲ ਅਗਲੀ ਇਹ ਹੋਣ ਲੱਗ ਪਈ ਕਿ ਮੀਡੀਆ ਚੈਨਲਾਂ ਦੀਆਂ ਬਹਿਸਾਂ ਵਿੱਚ ਭਾਰਤੀ ਤੇ ਪਾਕਿਸਤਾਨੀ ਪ੍ਰਤੀਨਿਧਾਂ ਦੇ ਸਿੱਧੇ ਭੇੜ ਦਾ ਨਜ਼ਾਰਾ ਪੇਸ਼ ਹੋਣ ਲੱਗ ਪਿਆ ਹੈ। ਗੱਲ ਦਹਿਸ਼ਤਗਰਦੀ ਨੂੰ ਪਨਾਹ ਦੇਣ ਤੋਂ ਤੁਰਦੀ ਅਤੇ ਫਿਰ ਏਥੇ ਪੁੱਜ ਜਾਂਦੀ ਹੈ ਕਿ ਸਾਡੇ ਕੋਲ ਐਟਮੀ ਤਾਕਤ ਹੈ ਤੇ ਦੂਸਰੇ ਆਖਦੇ ਹਨ ਕਿ ਸਾਡੇ ਕੋਲ ਵੀ ਹੈ। ਉਸ ਦੇ ਬਾਅਦ ਜਿੱਦਾਂ ਦੀ ਬਹਿਸ ਚੱਲ ਪੈਂਦੀ ਹੈ, ਸਾਊ ਬੰਦਾ ਉਹ ਕੁਝ ਸੁਣਨ ਦੀ ਥਾਂ ਇਸ ਲਈ ਚੈਨਲ ਬਦਲਣ ਨੂੰ ਮਜਬੂਰ ਹੋ ਜਾਂਦਾ ਹੈ ਕਿ ਟੀ ਵੀ ਚੈਨਲ ਦੀ ਬਹਿਸ ਵਿੱਚ ਕਿਤੇ ਅਖਨੂਰ ਸੈਕਟਰ ਵਰਗੀ ਜੰਗ ਨਾ ਵੇਖਣੀ ਪੈ ਜਾਂਦੀ ਹੋਵੇ।
ਗੱਲ ਏਨੇ ਉੱਤੇ ਨਹੀਂ ਰੁਕਦੀ। ਕੁਝ ਸਮੇਂ ਬਾਅਦ ਸਾਡੇ ਕੁਝ ਰੱਖਿਆ ਮਾਹਰ ਇਹ ਜਾਣਕਾਰੀ ਦੇਣ ਲਈ ਉਚੇਚੇ ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾਂਦੇ ਹਨ ਕਿ ਭਾਰਤ ਦੇ ਕੋਲ ਕਿੰਨੇ ਐਟਮ ਬੰਬ ਅਤੇ ਪਾਕਿਸਤਾਨ ਤੇ ਚੀਨ ਕੋਲ ਕਿੰਨੇ ਹਨ? ਟੈਂਕਾਂ ਤੋਂ ਲੈ ਕੇ ਹਵਾ-ਮਾਰ ਤੋਪਾਂ ਅਤੇ ਜੰਗੀ ਹਵਾਈ ਜਹਾਜ਼ਾਂ ਤੋਂ ਵੱਧ ਕੇ ਪਣਡੁਬਕੀਆਂ ਦੀ ਗਿਣਤੀ ਦੇ ਅੰਕੜੇ ਪੇਸ਼ ਕੀਤੇ ਜਾਂਦੇ ਹਨ। ਐਟਮੀ ਮਿਜ਼ਾਈਲਾਂ ਦੀ ਗਿਣਤੀ ਦੇ ਵਕਤ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਮਿਜ਼ਾਈਲ ਜਦੋਂ ਚੱਲੇਗੀ ਤਾਂ ਐਨੇ ਸੌ ਜਾਂ ਐਨੇ ਹਜ਼ਾਰ ਕਿਲੋਮੀਟਰ ਤੱਕ ਜਾ ਕੇ ਤਬਾਹੀ ਕਰੇਗੀ ਤੇ ਪਾਕਿਸਤਾਨ ਤੇ ਚੀਨ ਦੇ ਫਲਾਣੇ-ਫਲਾਣੇ ਸ਼ਹਿਰਾਂ ਅੰਦਰ ਸਭ ਖਤਮ ਹੋ ਜਾਵੇਗਾ। ਨਾਲ ਚੈਨਲ ਵੱਲੋਂ ਪੇਸ਼ਕਾਰੀ ਕਰਨ ਵਾਲੇ ਐਂਕਰ ਇਹ ਕਹਿਣ ਲੱਗਦੇ ਹਨ ਕਿ ਹੁਣ ਭਾਰਤ ਤੋਂ ਬਚ ਕੇ ਕਿੱਥੇ ਜਾਣਗੇ ਚੀਨ ਤੇ ਪਾਕਿਸਤਾਨ ਵਾਲੇ? ਐਨ ਇਹੋ ਕੁਝ ਉਨ੍ਹਾਂ ਵਰਗੇ ਮੀਡੀਆ ਚੈਨਲ ਗਵਾਂਢੀ ਦੇਸ਼ ਵਿੱਚ ਕਰੀ ਜਾਂਦੇ ਹਨ। ਅਮਨ ਦੇ ਦਿਨ ਹਨ, ਦਹਿਸ਼ਤਗਰਦੀ ਦਾ ਖਤਰਾ ਜ਼ਰੂਰ ਹੈ, ਪਰ ਸਰਹੱਦਾਂ ਵਾਲੀ ਕੋਈ ਲੜਾਈ ਨਾ ਹੋ ਰਹੀ ਹੈ ਤੇ ਨਾ ਹੋਣ ਦੀ ਕੋਈ ਗੱਲ ਜਾਪਦੀ ਹੈ, ਫਿਰ ਇਹ ਬਦਤਮੀਜ਼ ਪੇਸ਼ਕਾਰੀ ਪਤਾ ਨਹੀਂ ਕਾਹਦੇ ਲਈ ਕੀਤੀ ਜਾ ਰਹੀ ਹੈ?
ਭਾਰਤ ਨੇ ਭਾਰਤ ਰਹਿਣਾ ਹੈ, ਅਮਰੀਕਾ ਬਣਨ ਦੀ ਨਾ ਕੋਸ਼ਿਸ਼ ਕਰਨੀ ਹੈ ਤੇ ਨਾ ਕਦੇ ਕਰਨੀ ਚਾਹੀਦੀ ਹੈ। ਅਮਰੀਕਾ ਵਾਲੇ ਪਾਕਿਸਤਾਨ ਵਿੱਚ ਅੱਧੀ ਰਾਤ ਹੱਲਾ ਬੋਲ ਕੇ ਓਸਾਮਾ ਬਿਨ ਲਾਦੇਨ ਨੂੰ ਮਾਰ ਕੇ ਲਾਸ਼ ਚੁੱਕ ਲਿਆਏ ਸਨ, ਭਾਰਤ ਇਹੋ ਜਿਹੀ ਮਾਅਰਕੇਬਾਜ਼ੀ ਦੀ ਨੀਤੀ ਦਾ ਧਾਰਨੀ ਨਹੀਂ। ਇੱਕ ਕਾਰਵਾਈ ਮੀਆਂਮਾਰ ਦੀ ਸਰਹੱਦ ਨੇੜੇ ਭਾਰਤ ਨੇ ਕੀਤੀ ਸੀ, ਜਿਸ ਨੂੰ ਇੱਕ ਬੇਸੁਰੇ ਕੇਂਦਰੀ ਆਗੂ ਨੇ ਮੀਆਂਮਾਰ ਦੇ ਅੰਦਰ ਕੀਤੀ ਗਈ ਕਹਿ ਦਿੱਤਾ ਤਾਂ ਮੀਆਂਮਾਰ ਦੀ ਫੌਜ ਨੇ ਇਸ ਦਾ ਖੰਡਨ ਕਰ ਕੇ ਕਸੂਤੇ ਫਸਾ ਦਿੱਤਾ ਸੀ। ਦਹਿਸ਼ਤਗਰਦੀ ਵਿਰੁੱਧ ਜੰਗ ਵਿੱਚ ਸਾਰਾ ਦੇਸ਼ ਹਮੇਸ਼ਾ ਆਪਣੀ ਸਰਕਾਰ ਦੇ ਨਾਲ ਖੜਾ ਹੋਇਆ ਹੈ ਤੇ ਅੱਗੋਂ ਵੀ ਏਦਾਂ ਹੀ ਖੜਾ ਹੋਵੇਗਾ, ਪਰ ਜਿੱਦਾਂ ਦਾ ਜਨੂੰਨ ਇਸ ਵਕਤ ਭੜਕਾਇਆ ਜਾ ਰਿਹਾ ਹੈ, ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਅਸੀਂ ਕਦੇ ਵੀ ਇਹ ਗੱਲ ਪਸੰਦ ਨਹੀਂ ਕੀਤੀ ਕਿ ਕੋਈ ਸਰਕਾਰ ਕਿਸੇ ਤਰ੍ਹਾਂ ਦੀਆਂ ਰੋਕਾਂ ਮੀਡੀਆ ਉੱਤੇ ਲਾਵੇ, ਪਰ ਇਹੋ ਜਿਹੇ ਮੌਕੇ ਮੀਡੀਏ ਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਲੋਕਾਂ ਦੀ ਮਾਨਕਿਸਤਾ ਨਾਲ ਇਹ ਬੇਲਗਾਮ ਖਿਲਵਾੜ ਬੰਦ ਹੋਣਾ ਚਾਹੀਦਾ ਹੈ। ਇਹ ਰਾਹ ਠੀਕ ਨਹੀਂ ਹੈ।