ਸਰਬੱਤ ਖਾਲਸਾ ਪਿੱਛੇ ਕਾਂਗਰਸ ਦਾ ਹੱਥ : ਸੁਖਬੀਰ

ਕਪੂਰਥਲਾ (ਗੁਰਦੇਵ ਭੱਟੀ)
ਬੀਤੇ ਦਿਨੀਂ ਕਰਵਾਏ ਗਏ ਸਰਬੱਤ ਖਾਲਸੇ (ਇਕੱਠ) ਨੂੰ ਕਾਂਗਰਸ ਦੀ ਚਾਲ ਕਰਾਰ ਦਿੰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਅਖੌਤੀ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਮਹਾਂਗਠਬੰਧਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਕਿਸੇ ਵੀ ਹੀਲੇ ਸਫ਼ਲ ਨਹੀਂ ਹੋਣਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਲੋਕ ਮੂੰਹ ਨਹੀਂ ਲਾਉਣਗੇ।
ਅੱਜ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਹਾਲਾਤ ਮੁੜ ਖ਼ਰਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮਨਸ਼ਾ ਵਿੱਚ ਲੱਗੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਵੇਗੀ, ਕਿਉਂਕਿ ਪੰਜਾਬ ਦੇ ਸੂਝਵਾਨ ਲੋਕ ਸੂਬੇ ਵਿੱਚ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਕਾਂਗਰਸ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਤੋਂ ਬਾਜ਼ ਆ ਜਾਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਵਰਤੀਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ।
ਉਹਨਾ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੀਤੀ ਗਈ ਬੇਅਦਬੀ ਪੰਜਾਬ ਵਿਰੋਧੀ ਤਾਕਤਾਂ ਦੀ ਵੱਡੀ ਸਾਜ਼ਿਸ਼ ਹੈ, ਜਿਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਵੀ ਸਾਹਮਣੇ ਆ ਰਿਹਾ ਹੈ। ਉਨ੍ਹਾ ਇਨ੍ਹਾਂ ਘਟਨਾਵਾਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਪੰਜਾਬ ਦੇ ਹਾਲਾਤ ਮੁੜ ਖ਼ਰਾਬ ਕਰਨ ਦੇ ਰਾਹ ਪਈਆਂ ਹੋਈਆਂ ਹਨ। ਕਾਂਗਰਸ ਵੱਲੋਂ ਪੰਥਕ ਧਿਰਾਂ ਨੂੰ ਅੱਗੇ ਲਾ ਕੇ ਕੀਤੇ ਗਏ ਇਕੱਠ (ਸਰਬੱਤ ਖਾਲਸਾ) ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਨਾਲ ਇਸ ਪਾਰਟੀ ਦੀ ਬਿੱਲੀ ਥੈਲੀਉਂ ਬਾਹਰ ਆ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਾਂ ਵੱਲੋਂ ਦੁਰਕਾਰੀਆਂ ਗਈਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਬਣਾਏ ਜਾ ਰਹੇ ਮਹਾਂਗਠਬੰਧਨ ਦੇ ਯਤਨਾਂ ਨੂੰ ਪੰਜਾਬ ਦੇ ਸੂਝਵਾਨ ਲੋਕ ਕਿਸੇ ਵੀ ਹੀਲੇ ਸਫ਼ਲ ਨਹੀਂ ਹੋਣ ਦੇਣਗੇ।
ਉਨ੍ਹਾ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 4 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਸਦਭਾਵਨਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਵਿਧਾਇਕ ਹਲਕਾ ਭੁਲੱਥ ਬੀਬੀ ਜਗੀਰ ਕੌਰ, ਚੇਅਰਮੈਨ ਮਾਰਕਫੈੱਡ ਪੰਜਾਬ ਜਰਨੈਲ ਸਿੰਘ ਵਾਹਦ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਰਬਜੀਤ ਸਿੰਘ ਮੱਕੜ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯੁਵਰਾਜ ਭੁਪਿੰਦਰ ਸਿੰਘ, ਸਰਬਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਤੇ ਹੋਰ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।