ਸ਼ਤਰੂਘਨ ਨੇ ਰਾਹੁਲ ਗਾਂਧੀ ਨੂੰ ਦੱਸਿਆ ਉਭਰਦਾ ਸਿਤਾਰਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਸਾਂਸਦ ਸ਼ਤਰੂਘਨ ਸਿਨਹਾ ਨੇ ਇੱਕ ਵਾਰ ਫਿਰ ਪਾਰਟੀ ਲੀਡਰਸ਼ਿਪ ਨੂੰ ਤਾਨਿਆਂ ਨਾਲ ਚਿੜਾਉਣ ਦੀ ਕੋਸ਼ਿਸ਼ ਕੀਤੀ ਹੈ। ਲੰਮੇ ਸਮੇਂ ਤੋਂ ਭਾਜਪਾ ਲੀਡਰਸ਼ਿਪ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਸ਼ਘਰੂਘਨ ਨੇ ਟਵੀਟ ਕੀਤਾ ਹੈ ਕਿ ਬਿਹਾਰ ਵਿੱਚ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਲਿਖਿਆ ਹੈ ਕਿ ਨਿਤੀਸ਼, ਲਾਲੂ ਅਤੇ ਉਭਰਦੇ ਹੋਏ ਸਿਤਾਰੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਨੂੰ ਸਫ਼ਲਤਾ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹਨ। ਦੂਜੇ ਟਵੀਟ ਵਿੱਚ ਸ਼ਤਰੂਘਨ ਨੇ ਕਿਹਾ ਹੈ ਕਿ ਰੁਝੇਵਿਆਂ ਕਾਰਨ ਉਹ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕੇ। ਭਾਜਪਾ ਸਾਂਸਦ ਨੇ ਕਿਹਾ ਕਿ ਉਹ ਨਿਤੀਸ਼ ਅਤੇ ਲਾਲੂ ਦੇ ਹਮੇਸ਼ਾ ਸ਼ੁੱਭ ਚਿੰਤਕ, ਪ੍ਰਸੰਸਕ ਅਤੇ ਦੋਸਤ ਰਹਿਣਗੇ। ਉਨ੍ਹਾਂ ਲਿਖਿਆ ਕਿ ਦੋਸਤੀ ਹਮੇਸ਼ਾਂ ਲਈ ਹੁੰਦੀ ਹੈ। ਤੀਜੇ ਟਵੀਟ ਵਿੱਚ ਸ਼ਘਰੂਘਨ ਨੇ ਕਿਹਾ ਕਿ ਇੱਛਾ ਦੇ ਬਾਵਜੂਦ ਪਹਿਲਾਂ ਤੈਅ ਕੀਤੇ ਪ੍ਰੋਗਰਾਮ ਕਾਰਨ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕੇ। ਸ਼ਤਰੂਘਨ ਨੇ ਕਿਹਾ ਕਿ ਨਿਤੀਸ਼ ਅਤੇ ਲਾਲੂ ਵੱਲੋਂ ਮਿਲੇ ਸੱਦੇ ਕਾਰਨ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ। ਸ਼ਤਰੂਘਨ ਸਿਨਹਾ ਆਪਣੇ ਪਰਵਾਰ ਨਾਲ ਜਗਨਨਾਥ ਪੁਰੀ ਦੇ ਦਰਸ਼ਨਾਂ ਲਈ ਗਏ ਹੋਏ ਹਨ।