ਬਨੇਗਾ ਕਾਨੂੰਨ ਬਣ ਕੇ ਹੀ ਰਹੇਗਾ : ਜਗਰੂਪ

ਸੰਗਰੂਰ (ਪ੍ਰਵੀਨ ਸਿੰਘ)
ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਵੱਲੋਂ ਸ਼ਹੀਦ ਸਾਥੀ ਵੇਦ ਪ੍ਰਕਾਸ ਵਰਮਾ ਦੀ 37ਵੀਂ ਸ਼ਹੀਦੀ ਕਾਨਫਰੰਸ ਸੁਤੰਤਰ ਭਵਨ ਸੰਗਰੂਰ ਵਿਖੇ ਰਣਜੀਤ ਸਿੰਘ ਬਿੰਝੋਕੀ, ਕਰਨੈਲ ਸਿੰਘ, ਜੀਵਨ ਸਿੰਘ, ਮਿੰਦਰ ਰਾਮ ਅਤੇ ਅਮਰੀਕ ਸਿੰਘ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਮਨਾਈ ਗਈ । ਇਸ ਸਮੇਂ ਵੇਦ ਪ੍ਰਕਾਸ਼ ਵਰਮਾ ਤੇ ਭਗਵਾਨ ਸਿੰਘ ਅਣਖੀ ਤੇ ਹੋਰ ਵਿਛੜੇ ਸਾਥੀਆਂ ਦੇ ਪਰਵਾਰਾਂ ਦੇ ਮੈਂਬਰਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਇਸ ਸਮੇਂ ਸ਼ਹੀਦ ਸਾਥੀ ਦੀ 37 ਵੀਂ ਬਰਸੀ 'ਤੇ ਪਾਕਿਟ ਡਾਇਰੀ ਪਰਸ ਰਿਲੀਜ਼ ਕੀਤਾ ਗਿਆ। ਕਾਨਫਰੰਸ ਨੂੰ ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਰਤੀ ਵਰਗ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਖਤਮ ਕਰਕੇ ਕਿਰਤੀ ਵਰਗ ਦੇ ਵਿਰੋਧੀ ਕਾਨੂੰਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਰਤੀ, ਕਿਸਾਨਾਂ, ਮੁਲਾਜ਼ਮ ਤੇ ਨੌਜਵਾਨ ਜਦੋਂ ਆਪਣੇ ਲਈ ਰੋਜ਼ਗਾਰ ਦੀ ਮੰਗ ਕਰਦੇ ਹਨ ਤਾਂ ਉਸ ਨੂੰ ਸਖਤੀ ਤੇ ਤਸ਼ੱਦਦ ਨਾਲ ਦਬਾਉਣ ਦੇ ਯਤਨ ਸਰਕਾਰਾਂ ਕਰ ਰਹੀਆਂ ਹਨ। ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਲੋਕਾਂ ਦੇ ਧਾਰਮਕ ਜਜ਼ਬਾਤ ਭੜਕਾ ਕੇ ਪੰਜਾਬ ਨੂੰ ਮੁੜ ਅੱਗ ਦੀ ਭੱਠੀ ਵਿਚ ਝੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਸ ਸਮੇਂ ਕਾਮਰੇਡ ਜਗਰੂਪ ਸਿੰਘ ਨੇ ਦਿੱਲੀ ਵਿਚ ਬਨੇਗਾ ਕਾਨੂੰਨ ਬਣਾਉਣ ਦੀ ਮੰਗ ਕਰਦੇ ਹੋਏ ਏ ਆਈ ਅੱੈਸ ਅੱੈਫ ਦੇ ਨੌਜਵਾਨਾਂ 'ਤੇ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਬਰ-ਜ਼ੁਲਮ ਨਾਲ ਇਸ ਤਰ੍ਹਾਂ ਲੋਕਾਂ ਦੇ ਹੱਕਾਂ ਨੂੰ ਦਬਾਇਆ ਨਹੀਂ ਜਾ ਸਕਦਾ, ਇਹ ਕਾਨੂੰਨ ਬਣ ਕੇ ਹੀ ਰਹੇਗਾ। ਪੰਜਾਬ ਸਰਕਾਰ ਤੋਂ ਕੋਈ ਵਰਗ ਸੰਤੁਸ਼ਟ ਨਹੀਂ ਤੇ ਹੱਕ ਮੰਗਣ ਵਾਲੇ ਲੋਕਾਂ ਨੂੰ ਲਾਠੀਆਂ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਨਰੇਗਾ, ਮਨਰੇਜਾ ਤੇ ਆਂਗਨਵਾੜੀ ਵਰਕਰਾਂ ਦੀਆਂ ਉਜਰਤਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਸਾਰੇ ਵਿਭਾਗਾਂ ਵਿਚ ਆਊਟ ਸੋਰਗਿੰਗ ਰਾਹੀਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਤੇ ਲੁਟਾਇਆ ਜਾ ਰਿਹਾ ਹੈ। ਇਸ ਲਈ ਇਸ ਕਾਨਫਰੰਸ ਵਿਚ ਇਹ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਕੰਟਰੈਕਟ 'ਤੇ ਰੱਖੇ ਹਰ ਕਿਸਮ ਦੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਕਾਮਰੇਡ ਸੁਖਦੇਵ ਸ਼ਰਮਾ ਨੇ ਕੇਂਦਰ ਤੇ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਜਥੇਬੰਦਕ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਏਟਕ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਛਲੇੜੀ ਤੇ ਜਨਰਲ ਸਕੱਤਰ ਜਗਦੀਸ਼ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਪਾਰਵਰਕਾਮ ਦੀਆਂ ਨੀਤੀਆਂ ਬਾਰੇ ਕਿਹਾ ਕਿ ਪੇ-ਸਕੇਲ, ਪੇ-ਗ੍ਰੇਡ, 23 ਸਾਲਾ ਸਟੈੱਪ ਅੱਪ ਤੇ ਹਰ ਕੈਟਾਗਰੀ ਨੂੰ ਪ੍ਰਮੋਸ਼ਨ ਦੇਣਾ, ਡੀ ਏ ਦੀਆਂ ਬਕਾਇਆ ਕਿਸ਼ਤਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਭੋਲਾ ਮੋਗਾ, ਹਰਭਜਨ ਸਿੰਘ ਰਾਜਪੁਰਾ, ਜਗਦੇਵ ਸਿੰਘ ਬਾਹੀਆ, ਜੀਤ ਸਿੰਘ ਬੰਗਾ, ਰਣਜੀਤ ਸਿੰਘ ਰਾੜਮਾ, ਮੇਲਾ ਸਿੰਘ ਪੁੰਨਾਵਾਲ, ਸਰਬਜੀਤ ਸ਼ਰਮਾ, ਜਸਮੇਲ ਜੱਸੀ, ਸੁਰਿੰਦਰ ਮੋਹਨ ਸ਼ਰਮਾ, ਸਾਧੂ ਸਿੰਘ, ਸੁਖਜੰਟ ਸਿੰਘ, ਗੁਰਧਿਆਨ ਸਿੰਘ, ਅਵਤਾਰ ਸਿੰਘ, ਰਾਮ ਸਰੂਪ ਅਤੇ ਕ੍ਰਿਸ਼ਨ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਸ਼ਹੀਦੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਅਮਰੀਕ ਸਿੰਘ ਮਸੀਤਾਂ ਉਚੇਚੇ ਤੌਰ 'ਤੇ ਅਮਰੀਕਾ ਤੋਂ ਆਏ। ਅਖੀਰ ਵਿਚ ਰਣਜੀਤ ਸਿੰਘ ਬਿੰਜੋਕੀ ਨੇ ਪ੍ਰਧਾਨਗੀ ਮੰਡਲ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਤੇ ਸਭ ਦਾ ਧੰਨਵਾਦ ਕੀਤਾ।