ਸ਼ੀਨਾ ਕਤਲ ਕੇਸ; ਇੰਦਰਾਣੀ ਤੇ ਹੋਰਨਾਂ ਨੂੰ 3 ਤੱਕ ਜੇਲ੍ਹ ਭੇਜਿਆ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਚਰਚਿਤ ਸ਼ੀਨਾ ਬੋਰਾ ਕਤਲ ਕੇਸ ਵਿੱਚ ਉਸ ਦੀ ਮਾਂ ਇੰਦਰਾਣੀ ਮੁਖਰਜੀ, ਇੰਦਰਾਣੀ ਦਾ ਸਾਬਕਾ ਪਤੀ ਸੰਜੀਵ ਖੰਨਾ ਅਤੇ ਡਰਾਇਵਰ ਸ਼ਿਆਮਬਰ ਰਾਏ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਦੀ ਨਿਆਂਇਕ ਹਿਰਾਸਤ 3 ਦਸੰਬਰ ਤੱਕ ਵਧਾ ਦਿੱਤੀ ਹੈ। ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੀ ਬੀ ਆਈ ਦੇ ਬੁਲਾਰੇ ਨੇ ਦੱਸਿਆ ਕਿ ਸ਼ੀਨਾ ਹੱਤਿਆ ਕਾਂਡ ਦੀ ਜਾਂਚ ਵਿੱਚ ਨਾ ਆਉਣ ਤੋਂ ਬਾਅਦ ਪੀਟਰ ਮੁਖਰਜੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪੀਟਰ ਦੀ ਗ੍ਰਿਫ਼ਤਾਰੀ ਬਾਰੇ ਪ੍ਰਸਿੱਧ ਵਕੀਲ ਜੇਠਮਲਾਨੀ ਨੇ ਕਿਹਾ ਕਿ ਉਹ ਪੀਟਰ ਦਾ ਕੇਸ ਨਹੀਂ ਲੜ ਰਹੇ ਹਨ। ਉੱਧਰ ਯੂ ਪੀ ਦੇ ਸਾਬਕਾ ਡੀ ਜੀ ਪੀ ਵਿਕਰਮ ਸਿੰਘ ਨੇ ਕਿਹਾ ਹੈ ਕਿ ਆਪਾ ਵਿਰੋਧੀ ਬਿਆਨਾਂ ਦੀ ਵਜ੍ਹਾ ਕਾਰਨ ਪੀਟਰ ਦੀ ਗ੍ਰਿਫ਼ਤਾਰੀ ਹੋਈ ਹੈ।
ਦੱਖਣੀ ਮੁੰਬਈ ਦੀ ਅਦਾਲਤ ਵਿੱਚ ਮੈਜਿਸਟਰੇਟ ਆਰ ਵੀ ਇਡੋਣ ਦੇ ਸਾਹਮਣੇ ਪੇਸ਼ ਕੀਤੇ ਇੱਕ ਹਜ਼ਾਰ ਸਫ਼ਿਆਂ ਦੇ ਵੱਧ ਤੋਂ ਦੋਸ਼ ਪੱਤਰ ਵਿੱਚ 150 ਤੋਂ ਵੱਧ ਗਵਾਹੀਆਂ ਅਤੇ 200 ਦਸਤਾਵੇਜ਼ ਸ਼ਾਮਲ ਹਨ। ਇਸ ਸਨਸਨੀਖੇਜ਼ ਮਾਮਲੇ ਦੀ ਜਾਂਚ ਪਹਿਲਾਂ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਕਰ ਰਹੇ ਸਨ, ਪਰ ਹੇਰਾ-ਫੇਰੀ ਦੇ ਸ਼ੱਕ ਕਾਰਨ ਮਹਾਂਰਾਸ਼ਟਰ ਸਰਕਾਰ ਨੇ ਇਸ ਮਾਮਲੇ ਨੂੰ ਸੀ ਬੀ ਆਈ ਨੂੰ ਸੌਂਪੇ ਜਾਣ ਦੀ ਸਿਫ਼ਾਰਸ਼ ਕੀਤੀ ਸੀ। 29 ਸਤੰਬਰ ਨੂੰ ਸੀ ਬੀ ਆਈ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਸੀ ਬੀ ਆਈ ਪੀਟਰ ਮੁਖਰਜੀ ਤੋਂ ਛੀਨਾ ਬੋਰਾ ਨਾਲ ਰਾਹੁਲ ਮੁਖਰਜੀ ਦੇ ਸੰਬੰਧਾਂ ਅਤੇ ਇਸ ਬਾਰੇ ਇੰਦਰਾਣੀ ਦੇ ਇੰਤਰਾਜ਼ਾਂ ਬਾਰੇ ਪੁੱਛ-ਗਿੱਛ ਕੀਤੀ ਸੀ। ਪੁੱਛਗਿੱਛ ਦੌਰਾਨ ਪੀਟਰ ਮੁਖਰਜੀ ਨੇ ਆਪਣਾ ਬਿਆਨ ਬਦਲਿਆ, ਹੁਣ ਤੱਕ ਜਾਂਚ ਮੁਤਾਬਕ ਰਾਹੁਲ ਮੁਖਰਜੀ ਅਤੇ ਸ਼ੀਨਾ ਬੋਰਾ ਦੇ ਨਜਾਇਜ਼ ਸੰਬੰਧ ਇਸ ਹੱਤਿਆ ਕਾਂਡ ਦਾ ਕਾਰਨ ਹੋ ਸਕਦੇ ਹਨ।