Latest News

ਰਾਸ਼ਟਰਪਤੀ ਨੇ ਅਸਹਿਣਸ਼ੀਲਤਾ 'ਤੇ ਫੇਰ ਦਿੱਤੀ ਨਸੀਹਤ

Published on 21 Nov, 2015 11:40 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਦੁਨੀਆ ਅਜੇ ਵੀ ਅਸਹਿਨਸ਼ੀਲਤਾ ਦੇ ਬਦਤਰੀਨ ਜ਼ਖ਼ਮਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀ ਹੈ ਅਤੇ ਇਹ ਸਮਾਂ ਭਾਰਤ ਦੀ ਜਟਿਲ ਵਿਵਿਧਤਾ ਨੂੰ ਇਕਜੁਟ ਰੱਖਣ ਵਾਲੀਆਂ ਕਦਰਾਂ ਕੀਮਤਾਂ ਨੂੰ ਤਾਕਤ ਦੇਣ ਅਤੇ ਦੁਨੀਆ ਭਰ 'ਚ ਉਨ੍ਹਾ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੈ।
ਇੱਕ ਕੌਮਾਂਤਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਰਾਸ਼ਟਰਪਤੀ ਨੇ ਲੋਕਾਂ ਨੂੰ ਉਨ੍ਹਾ ਵਿਚਾਰਾਂ ਦਾ ਚੇਤਾ ਕਰਵਾਇਆ, ਜਿਨ੍ਹਾਂ ਲਈ ਭਾਰਤ ਨੂੰ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਸ ਸੰਬੰਧ 'ਚ ਸੁਆਮੀ ਵਿਵੇਕਾਨੰਦ ਦੇ ਇਸ ਕਥਨ ਦਾ ਜ਼ਿਕਰ ਕੀਤਾ ਕਿ ਦੁਨੀਆ ਨੇ ਅਜੇ ਵੀ ਭਾਰਤ ਤੋਂ ਨਾ ਸਿਰਫ਼ ਸਹਿਨਸ਼ੀਲਤਾ ਸਗੋਂ ਸੰਵੇਦਨਾ ਦਾ ਵਿਚਾਰ ਵੀ ਸਿਖਣਾ ਹੈ। ਰਾਸ਼ਟਰਪਤੀ ਮੁਖਰਜੀ ਨੇ ਕਿਹਾ ਕਿ ਅੱਜ ਅਸੀਂ ਅਜਿਹੀਆਂ ਘਟਨਾਵਾਂ ਨਾਲ ਰੂ-ਬ-ਰੂ ਹੋ ਰਹੇ ਹਾਂ, ਜਿਨ੍ਹਾਂ ਦੀ ਪਹਿਲਾਂ ਕੋਈ ਮਿਸਾਲ ਨਹੀਂ ਸੀ ਅਤੇ ਜਿਨ੍ਹਾਂ ਦਾ ਮਨੁੱਖ ਜਾਤੀ ਨਾਲ ਕਦੇ ਟਾਕਰਾ ਨਹੀਂ ਹੋਇਆ ਸੀ। ਉਨ੍ਹਾ ਕਿਹਾ ਕਿ ਦੁਨੀਆ ਅੱਜ ਵੀ ਅਸਹਿਨਸ਼ੀਲਤਾ ਅਤੇ ਨਫ਼ਰਤ ਦੇ ਜ਼ਖ਼ਮਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀ ਹੈ।
ਮੁਖਰਜੀ ਨੇ ਕਿਹਾ ਕਿ ਅਜਿਹੇ ਸਮੇਂ 'ਚ ਖੁਦ ਨੂੰ ਉੱਚ ਕਦਰਾਂ-ਕੀਮਤਾਂ, ਲਿਖਤੀ ਅਤੇ ਗੈਰ ਲਿਖਤੀ ਸੰਸਕਾਰਾਂ, ਫਰਜ਼ਾਂ ਅਤੇ ਜੀਵਨ ਸ਼ੈਲੀ ਦੀ ਯਾਦ ਦੁਆਉਣ ਤੋਂ ਬਿਹਤਰ ਕੋਈ ਰਾਹ ਨਹੀਂ ਹੋ ਸਕਦਾ, ਕਿਉਂਕਿ ਇਹੋ ਭਾਰਤ ਦੀ ਆਤਮਾ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਇਹ ਸੱਭਿਅਤਾ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ, ਜਿਹੜਾ ਅੱਜ ਦੇ ਭਾਰਤ ਦੀ ਜਟਿਲ ਵਿਵਿਧਤਾ ਨੂੰ ਆਪਸ 'ਚ ਜੋੜਦਾ ਹੈ ਅਤੇ ਇਹ ਆਪਣੇ ਲੋਕਾਂ ਅਤੇ ਦੁਨੀਆ 'ਚ ਇਸ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਜਦੋਂ ਦੀ ਦਾਦਰੀ ਘਟਨਾ ਵਾਪਰੀ ਹੈ, ਰਾਸ਼ਟਰਪਤੀ ਵੱਲੋਂ ਆਪਣੇ ਭਾਸ਼ਣਾਂ 'ਚ ਹਮੇਸ਼ਾ ਸਹਿਨਸ਼ੀਲਤਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਮੌਜੂਦ ਸੀ।

583 Views

e-Paper