ਮੱਖਣ ਕੋਹਾੜ 'ਤੇ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿ੍ਰਫਤਾਰ ਕੀਤਾ ਜਾਵੇ : ਪਾਸਲਾ


ਜਲੰਧਰ
(ਨਵਾਂ ਜ਼ਮਾਨਾ ਸਰਵਿਸ)
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ ਪੀ ਐੱਮ ਪੰਜਾਬ) ਨੇ ਗੁਰਦਾਸਪੁਰ 'ਚ ਚੱਲ ਰਹੇ ਭੂ-ਮਾਫੀਆ ਵਿਰੋਧੀ ਸੰਘਰਸ਼ ਦੇ ਆਗੂ ਸਾਥੀ ਮੱਖਣ ਕੋਹਾੜ 'ਤੇ ਹੋਏ ਹਮਲੇ ਲਈ ਸਿੱਧੇ ਤੌਰ 'ਤੇ ਮੁੱਖ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਦੋਸ਼ੀ ਠਹਿਰਾਇਆ ਹੈ। ਪਾਰਟੀ ਦੇ ਸਕੱਤਰੇਤ ਨੇ ਇਸ ਜਾਨਲੇਵਾ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਐੱਫ ਆਈ ਆਰ 'ਚ ਬੱਬੇਹਾਲੀ ਦਾ ਨਾਂਅ ਸ਼ਾਮਲ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਬੱਬੇਹਾਲੀ ਦੀ ਸ਼ਹਿ 'ਤੇ ਹੀ ਹੋਇਆ ਹੈ।
ਇਸ ਬਾਰੇ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਬੀਤੇ ਕੱਲ੍ਹ 21 ਨਵੰਬਰ ਨੂੰ ਜਦੋਂ ਸਾਥੀ ਮੱਖਣ ਕੋਹਾੜ ਆਪਣੇ ਘਰ ਵਿਚ ਸਨ, ਉਸ ਵੇਲੇ ਅਕਾਲੀ ਕੌਂਸਲਰਾਂ ਜਗਜੀਤ ਸਿੰਘ ਉਰਫ ਜੱਗੀ ਅਤੇ ਰਾਮ ਲਾਲ ਉਰਫ ਕਾਲਾ ਦੀ ਅਗਵਾਈ 'ਚ ਸੁੱਚਾ ਸਿੰਘ ਹਮਰਾਜਪੁਰ, ਕਿੰਦਾ ਬੱਬੇਹਾਲੀ ਪੁੱਤਰ ਪ੍ਰਤਾਪ ਸਿੰਘ, ਹੀਰਾ ਸਿੰਘ ਬੱਬੇਹਾਲੀ ਪੁੱਤਰ ਭਿੱਲਾ ਸਿੰਘ ਅਤੇ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਥੀ ਮੱਖਣ ਕੋਹਾੜ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾ ਦੋਸ਼ ਲਾਇਆ ਕਿ ਇਨ੍ਹਾਂ ਨੇ ਇਹ ਹਮਲਾ ਬਾਦਲ ਸਰਕਾਰ ਦੇ ਚੀਫ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਸ਼ਹਿ 'ਤੇ ਕੀਤਾ ਹੈ। ਸਾਥੀ ਮੱਖਣ ਕੋਹਾੜ ਗੁਰਦਾਸਪੁਰ ਵਿਚ ਰਾਜਸੀ ਪਾਰਟੀਆਂ ਵੱਲੋਂ ਸਾਂਝੇ ਰੂਪ ਵਿਚ ਚਲਾਏ ਜਾ ਰਹੇ ਭੂ-ਮਾਫੀਆ ਵਿਰੋਧੀ ਸੰਘਰਸ਼ ਦੇ ਇਕ ਮੁੱਖ ਆਗੂ ਹਨ। ਉਨ੍ਹਾ ਦੋਸ਼ ਲਾਇਆ ਕਿ ਗੁਰਦਾਸਪੁਰ ਸ਼ਹਿਰ ਵਿਚ ਸਥਾਨਕ ਐੱਮ ਐੱਲ ਏ ਅਤੇ ਬਾਦਲ ਸਰਕਾਰ ਦੇ ਚੀਫ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਸ਼ਹਿ 'ਤੇ ਲੋਕਾਂ ਦੇ ਪਲਾਟਾਂ 'ਤੇ ਭੂ-ਮਾਫੀਏ ਵੱਲੋਂ ਨਜਾਇਜ਼ ਤੌਰ 'ਤੇ ਧੱਕੇਸ਼ਾਹੀ ਕਰਦੇ ਹੋਏ ਕਬਜ਼ਾ ਕਰ ਲਿਆ ਗਿਆ ਹੈ, ਜਿਸ ਵਿਰੁੱਧ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ, ਜਿਸ ਦੀ ਅਗਵਾਈ ਗੁਰਦਾਸਪੁਰ ਦੀਆਂ ਰਾਜਨੀਤਕ ਪਾਰਟੀਆਂ 'ਤੇ ਅਧਾਰਤ ਭੂ-ਮਾਫੀਆ ਵਿਰੋਧੀ ਸੰਘਰਸ਼ ਕਮੇਟੀ ਕਰ ਰਹੀ ਹੈ। ਇਸ ਕਮੇਟੀ ਦੇ ਆਗੂ ਅਤੇ ਕਾਂਗਰਸ ਦੇ ਆਗੂ ਸ੍ਰੀ ਰਮਨ ਬਹਿਲ 'ਤੇ ਪਿਛਲੇ ਦਿਨੀਂ ਕਾਤਲਾਨਾ ਹਮਲਾ ਚੀਫ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਸ਼ਹਿ 'ਤੇ ਕੀਤਾ ਗਿਆ ਸੀ।
ਹੁਣ ਸਾਥੀ ਮੱਖਣ ਕੋਹਾੜ 'ਤੇ ਵੀ ਉਸੇ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਸਾਥੀ ਪਾਸਲਾ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਫੌਰੀ ਰੂਪ ਵਿਚ ਗ੍ਰਿਫਤਾਰ ਕੀਤਾ ਜਾਵੇ ਅਤੇ ਦਰਜ ਕੀਤੀ ਗਈ ਐੱਫ ਆਈ ਆਰ ਵਿਚ ਚੀਫ ਪਾਰਲੀਮਾਨੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦਾ ਨਾਂਅ ਵੀ ਸ਼ਾਮਲ ਕੀਤਾ ਜਾਵੇ।
ਐੱਸ ਤਰਸੇਮ ਵੱਲੋਂ ਹਮਲੇ ਦੀ ਨਿਖੇਧੀ
ਮਾਲੇਰਕੋਟਲਾ (ਪੱਤਰ ਪ੍ਰੇਰਕ)-ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਅਤੇ 'ਨਜ਼ਰੀਆ' ਤ੍ਰੈ-ਮਾਸਿਕ ਦੇ ਮੁੱਖ ਸੰਪਾਦਕ ਡਾ. ਐੱਸ ਤਰਸੇਮ ਤੇ ਸੰਪਾਦਕ ਅਤੇ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਗੁਰਦਾਸਪੁਰ ਦੇ ਕੁਝ ਧੱਕੜ ਵਿਅਕਤੀਆਂ ਵੱਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ, ਟਰੇਡ ਯੂਨੀਅਨ ਆਗੂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਗਰਮ ਕਾਰਕੁਨ ਮੱਖਣ ਕੋਹਾੜ ਦੀ ਕੀਤੀ ਖਿੱਚ-ਧੂਹ ਅਤੇ ਉਸ ਦੇ ਕੱਪੜਿਆਂ ਨੂੰ ਬੁਰੀ ਤਰ੍ਹਾਂ ਪਾੜ ਦੇਣ ਦੀ ਘਿਨਾਉਣੀ ਹਰਕਤ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਹਨਾਂ ਪੰਜਾਬ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਉਤੇ ਬਣਦਾ ਕੇਸ ਚਲਾਇਆ ਜਾਵੇ। ਦੋਵਾਂ ਲੇਖਕਾਂ ਨੇ ਪੰਜਾਬ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇ ਇਸ ਕੰਮ ਵਿੱਚ ਢਿਲ-ਮੱਠ ਵਰਤੀ ਗਈ ਤਾਂ ਗੁਰਦਾਸਪੁਰ ਵਿੱਚ ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਕਿਸੇ ਹੋਰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ।