ਬੰਗਲਾਦੇਸ਼ 'ਚ ਜੰਗੀ ਅਪਰਾਧ ਲਈ ਆਪੋਜ਼ੀਸ਼ਨ ਦੇ ਦੋ ਆਗੂਆਂ ਨੂੰ ਫ਼ਾਂਸੀ

ਢਾਕਾ (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ 'ਚ 1971 'ਚ ਪਾਕਿਸਤਾਨ ਵਿਰੁੱਧ ਮੁਕਤੀ ਸੰਗਰਾਮ ਦੌਰਾਨ ਜੰਗੀ ਅਪਰਾਧ ਕਰਨ ਦੇ ਜੁਰਮ 'ਚ ਆਪੋਜ਼ੀਸ਼ਨ ਦੇ ਦੋ ਸੀਨੀਅਰ ਆਗੂਆਂ ਨੂੰ ਫ਼ਾਂਸੀ ਦੇ ਦਿੱਤੀ ਗਈ। ਢਾਕਾ ਕੇਂਦਰੀ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੱਟੜਪੰਥੀ ਜਮਾਤ ਏ ਇਸਲਾਮੀ ਦੇ ਜਨਰਲ ਸਕੱਤਰ ਅਹਿਸਾਨ ਮੁਹੰਮਦ ਮੁਜਾਹਿਦ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਆਗੂ ਸਲਾਊਦੀਨ ਕਾਦਰ ਚੋਬੀ ਨੂੰ ਰਾਤ 12 ਵੱਜ ਕੇ 55 ਮਿੰਟ 'ਤੇ ਫ਼ਾਂਸੀ ਦੇ ਦਿੱਤੀ ਗਈ।
ਜੇਲ੍ਹ ਸੂਤਰਾਂ ਅਨੁਸਾਰ ਦੋਵਾਂ ਨੂੰ ਫ਼ਾਂਸੀ ਦੇਣ ਲਈ 7 ਜੱਲਾਦ ਬੁਲਾਏ ਗਏ ਸਨ। ਰਾਸ਼ਟਰਪਤੀ ਅਬਦੁਲ ਹਾਮਿਦ ਨੇ ਕੱਲ ਸ਼ਾਮ ਉਨ੍ਹਾਂ ਦੀ ਰਹਿਮ ਦੀ ਅਪੀਲ ਠੁਕਰਾ ਦਿੱਤੀ ਸੀ। ਦੋਵਾਂ ਨੇ ਫ਼ਾਂਸੀ ਤੋਂ ਬਚਣ ਦੀ ਆਖਰੀ ਕੋਸ਼ਿਸ਼ ਤਹਿਤ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਸੀ। ਸੂਤਰਾਂ ਅਨੁਸਾਰ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰਨ ਵਾਲੇ ਉਹ ਪਹਿਲੇ ਯੁੱਧ ਅਪਰਾਧੀ ਸਨ। ਦੋਵਾਂ ਦੇ ਪਰਵਾਰਾਂ ਨੇ ਰਹਿਮ ਦੀ ਅਪੀਲ ਦੀਆਂ ਖ਼ਬਰਾਂ ਨੂੰ ਗਲਤ ਦੱਸਿਆ ਹੈ।
ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫ਼ਾਂਸੀ ਲਾਏ ਜਾਣ ਸਮੇਂ ਦੋਵੇਂ ਸ਼ਾਂਤ ਸਨ ਅਤੇ ਉਨ੍ਹਾ ਦੇ ਚਿਹਰੇ 'ਤੇ ਘਬਰਾਹਟ ਨਹੀਂ ਸੀ।