'ਆਪ' ਸਿਰਫ਼ ਨਿਤੀਸ਼ ਨੂੰ ਦੇ ਰਹੀ ਹੈ ਹਮਾਇਤ : ਕੁਮਾਰ

ਦੇਹਰਾਦੂਨ (ਨਵਾਂ ਜ਼ਮਾਨਾ ਸਰਵਿਸ)-ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਨੇ ਭਾਜਪਾ ਅਤੇ ਕਾਂਗਰਸ 'ਤੇ ਉਤਰਾਖੰਡ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾ ਕਿਹਾ ਕਿ ਦੋਵਾਂ ਪਾਰਟੀਆਂ ਨੇ ਸੂਬੇ ਦੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕੀਤੀ। ਅੱਜ ਦੇਹਰਾਦੂਨ ਵਿਖੇ ਸੂਬਾ ਵਰਕਰਜ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਲੋਕਾਂ ਨੇ ਸਾਲ 2000 ਤੋਂ 15 ਸਾਲਾਂ ਤੱਕ ਭਾਜਪਾ ਅਤੇ ਕਾਂਗਰਸ ਦਾ ਰਾਜ ਦੇਖ ਲਿਆ ਹੈ ਅਤੇ ਸੂਬੇ ਦੇ 8 ਮੁੱਖ ਮੰਤਰੀਆਂ 'ਚੋਂ ਕੋਈ ਵੀ ਚੰਗੀ ਸਰਕਾਰ ਦੇਣ 'ਚ ਸਫ਼ਲ ਨਹੀਂ ਹੋਇਆ। ਉਨ੍ਹਾ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੀ ਜਨਤਾ ਨੇ ਨਾ ਭਾਜਪਾ ਨੂੰ ਜਿਤਾਇਆ ਅਤੇ ਨਾ ਕਾਂਗਰਸ ਨੂੰ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸੂਬੇ ਦੇ ਲੋਕ ਦੋਹਾਂ ਕੌਮੀ ਪਾਰਟੀਆਂ ਤੋਂ ਨਰਾਜ਼ ਹਨ। ਲਾਲੂ-ਕੇਜਰੀਵਾਲ ਵੱਲੋਂ ਗਲ ਲੱਗ ਕੇ ਮਿਲਣ ਨੂੰ ਸ਼ਿਸ਼ਟਾਚਾਰ ਮੁਲਾਕਾਤ ਦੱਸਦਿਆਂ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਨਿਤੀਸ਼ ਕੁਮਾਰ ਦੀ ਹਮਾਇਤ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਨਿਤੀਸ਼ ਤੋਂ ਬਿਨਾਂ ਕਿਸੇ ਗੱਠਜੋੜ ਜਾਂ ਕਿਸੇ ਹੋਰ ਆਗੂ ਦੀ ਹਮਾਇਤ ਨਹੀਂ ਕਰਦੀ।
ਗੋ ਏਅਰ ਵੱਲੋਂ ਤਿੰਨ ਰਿਆਇਤੀ ਟਿਕਟ ਯੋਜਨਾਵਾਂ ਦਾ ਐਲਾਨ
ਮੁੰਬਈ (ਨਵਾਂ ਜ਼ਮਾਨਾ ਸਰਵਿਸ)-ਕਿਫਾਇਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਗੋ ਏਅਰ ਨੇ ਆਪਣੇ ਗਾਹਕਾਂ ਲਈ ਸੀਮਤ ਸਮੇਂ ਦੀਆਂ ਤਿੰਨ ਰਿਆਇਤੀ ਟਿਕਟ ਯੋਜਨਾਵਾਂ ਪੇਸ਼ ਕੀਤੀਆਂ ਹਨ, ਜਿਸ ਤਹਿਤ ਅਗਲੇ ਸਾਲ ਪਹਿਲੀ ਜਨਵਰੀ ਤੋਂ 30 ਸਤੰਬਰ ਵਿਚਕਾਰ ਇੱਕ ਪਾਸੇ ਦੇ ਸਫਰ ਲਈ ਘੱਟੋ-ਘੱਟ ਕਿਰਾਇਆ 691 ਰੁਪਏ ਹੋਵੇਗਾ ਅੇਤ ਟੈਕਸ ਵੱਖਰੇ ਤੌਰ 'ਤੇ ਲਿਆ ਜਾਵੇਗਾ। ਕੰਪਨੀ ਨੇ ਇਹ ਪੇਸ਼ਕਸ਼ਾਂ ਕ੍ਰਿਸਮਿਸ ਸਪੈਸ਼ਲ, ਗੋ ਐਕਸਪਲੋਰ ਅਤੇ ਹੈਪੀ ਟਿਊਜ਼ਡੇਜ਼ ਤਹਿਤ ਕੀਤੀਆਂ ਹਨ ਅਤੇ ਇਨ੍ਹਾਂ ਪੇਸ਼ਕਸਾਂ ਦਾ ਟੀਚਾ ਆਪਣੇ ਨੈੱਟਵਰਕ ਤੇ ਵਿਸ਼ੇਸ਼ ਤੌਰ 'ਤੇ ਛੁੱਟੀਆਂ ਦੇ ਮੌਸਮ ਵਿੱਚ ਘੱਟ ਕਿਰਾਏ 'ਤੇ ਹਵਾਈ ਸਫਰ ਦੀ ਸਹੂਲਤ ਮੁਹੱਈਆ ਕਰਾਉਣਾ ਹੈ।
ਜੈਲਲਿਤਾ ਵਿਰੁੱਧ ਮਾਮਲੇ ਦੀ ਰੋਜ਼ਾਨਾ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਰੋਜ਼ਾਨਾ ਸੁਣਵਾਈ ਦਾ ਫੈਸਲਾ ਕੀਤਾ ਹੈ। ਅਦਾਲਤ ਜੈਲਲਿਤਾ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਬਰੀ ਕਰਨ ਦੇ ਕਰਨਾਟਕ ਹਾਈ ਕੋਰਟ ਦੇ ਫੈਸਲੇ ਵਿਰੁੱਧ ਦਾਇਰ ਅਪੀਲ 'ਤੇ ਸੁਣਵਾਈ ਕਰੇਗੀ। ਬੈਂਚ ਨੇ ਅੱਜ ਦੋਵਾਂ ਧਿਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਮੁੱਦਿਆਂ ਦੀ ਸੂਚੀ ਦੇਣ, ਜਿਨ੍ਹਾਂ 'ਤੇ ਉਨ੍ਹਾ ਮੁਤਾਬਕ 8 ਜਨਵਰੀ ਨੂੰ ਫੈਸਲੇ ਦੀ ਲੋੜ ਹੈ, ਤਾਂ ਕਿ ਇਸ ਮਗਰੋਂ ਮਾਮਲੇ ਦੀ ਛੇਤੀ ਤੋਂ ਛੇਤੀ ਨਿਪਟਾਰਾ ਹੋ ਸਕੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 27 ਜੁਲਾਈ ਨੂੰ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਈ ਕਰਨਾਟਕ ਸਰਕਾਰ ਦੀ ਅਪੀਲ ਤੇ ਜੈਲਲਿਤਾ, ਸ਼ਸ਼ੀਕਲਾ ਅਤੇ ਦੋ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 8 ਹਫਤਿਆਂ ਅੰਦਰ ਜੁਆਬ ਦਾਖਲ ਕਰਨ ਦੀ ਹਦਾਇਤ ਕੀਤੀ ਸੀ। ਬੈਂਚ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੂੰ ਕਿਹਾ ਕਿ ਉਹ ਵੀ ਉਹ ਮੁੱਦੇ ਦਾਇਰ ਕਰਨ, ਜਿਨ੍ਹਾਂ 'ਤੇ ਉਹ ਜ਼ਿਆਦਾ ਜ਼ੋਰ ਦੇਣਾ ਚਾਹੁੰਦੇ ਹਨ। ਅਦਾਲਤ ਨੇ ਇਸ ਮਾਮਲੇ 'ਚ ਸੁਆਮੀ ਨੂੰ ਦਖਲ ਦੀ ਪ੍ਰਵਾਨਗੀ ਦੇ ਦਿੱਤੀ ਸੀ।